ਡਾ. ਨਿ਼ਸ਼ਾਨ ਸਿੰਘ ਦੇ ਚੋਣ ਨਾ ਲੜਨ ਦੇ ਫ਼ੈਸਲੇ ਨੇ ਖੜ੍ਹੇ ਕੀਤੇ ਸਵਾਲ : ਡਾ. ਘੰਡ ਐਡਵੋਕੇਟ ਡਾ. ਸੰਦੀਪ ਘੰਡ
Publish Date: Thu, 17 Sep 2026 08:35 PM (IST)
Updated Date: Fri, 18 Sep 2026 04:15 AM (IST)
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਮਾਨਸਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾ. ਨਿਸ਼ਾਨ ਸਿੰਘ ਨੂੰ ਪਾਰਟੀ ’ਚ ਸ਼ਾਮਲ ਕਰ ਕੇ ਚੋਣ ਟਿਕਟ ਦਿੱਤੇ ਜਾਣ ਬਾਅਦ ਉਨ੍ਹਾਂ ਵੱਲੋਂ ਚੋਣ ਨਾ ਲੜਨ ਅਤੇ ਹੁਣ ਪਾਰਟੀ ਤੋਂ ਅਸਤੀਫ਼ਾ ਦੇਣ ਦੇ ਫ਼ੈਸਲੇ ਨੇ ਬੁਢਲਾਡਾ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਡਾ. ਨਿਸ਼ਾਨ ਸਿੰਘ ਨੇ ਚੋਣ ਨਾ ਲੜਨ ਦਾ ਕਾਰਨ ਸਿਹਤ ਅਤੇ ਘਰੇਲੂ ਰੁਝੇਵਿਆਂ ਨੂੰ ਦੱਸਿਆ ਸੀ। ਰਾਜਨੀਤਿਕ ਮਾਹਿਰ ਅਤੇ ਕਾਲਮਨਵੀਸ ਡਾ. ਸੰਦੀਪ ਘੰਡ ਐਡਵੋਕੇਟ ਨੇ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਲਈ ਚੋਣ ਲੜਨਾ ਸੰਭਵ ਨਹੀਂ ਸੀ ਤਾਂ ਪਾਰਟੀ ਨੂੰ ਸਮੇਂ ਸਿਰ ਜਾਣਕਾਰੀ ਦੇਣ ਨਾਲ ਸਥਿਤੀ ਹੋਰ ਸਪੱਸ਼ਟ ਹੋ ਸਕਦੀ ਸੀ। ਟਿਕਟ ਮਿਲਣ ਬਾਅਦ ਚੋਣ ਤੋਂ ਪਿੱਛੇ ਹਟਣਾ ਅਤੇ ਫ਼ਿਰ ਪਾਰਟੀ ਤੋਂ ਅਸਤੀਫ਼ਾ ਦੇਣਾ ਸੁਭਾਵਿਕ ਤੌਰ ’ਤੇ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਵਿੱਚ ਸਵਾਲ ਪੈਦਾ ਕਰਦਾ ਹੈ। ਡਾ. ਘੰਡ ਨੇ ਕਿਹਾ ਕਿ ਅੱਜ ਦੀਆਂ ਚੋਣਾਂ ਵਿੱਚ ਵਿੱਤੀ ਖਰਚਾ ਵੀ ਇੱਕ ਵੱਡਾ ਮੁੱਦਾ ਹੈ। ਉਮੀਦਵਾਰਾਂ ਨੂੰ ਚੋਣ ਪ੍ਰਚਾਰ, ਵਰਕਰਾਂ ਅਤੇ ਹੋਰ ਗਤੀਵਿਧੀਆਂ ’ਤੇ ਵੱਡਾ ਖਰਚ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਚੋਣ ਸਿਆਸਤ ਵਿੱਚ ਟਿਕਟ ਸਿਰਫ਼ ਇੱਕ ਵਿਅਕਤੀ ਨੂੰ ਦਿੱਤਾ ਗਿਆ ਮੌਕਾ ਨਹੀਂ ਹੁੰਦੀ, ਸਗੋਂ ਇਸ ਨਾਲ ਪਾਰਟੀ ਦਾ ਸੰਗਠਨ, ਵਰਕਰ ਅਤੇ ਉਮੀਦਵਾਰ ਦੀ ਸਾਂਝੀ ਤਿਆਰੀ ਜੁੜੀ ਹੁੰਦੀ ਹੈ। ਇਸ ਲਈ ਆਖ਼ਰੀ ਸਮੇਂ ’ਤੇ ਉਮੀਦਵਾਰ ਵੱਲੋਂ ਪਿੱਛੇ ਹਟਣ ਨਾਲ ਪਾਰਟੀ ਦੀ ਚੋਣੀ ਤਿਆਰੀ ਪ੍ਰਭਾਵਿਤ ਹੋ ਸਕਦੀ ਹੈ। ਡਾ. ਘੰਡ ਨੇ ਕਿਹਾ ਕਿ ਡਾ. ਨਿਸ਼ਾਨ ਸਿੰਘ ਦੇ ਅਗਲੇ ਰਾਜਨੀਤਿਕ ਕਦਮ ’ਤੇ ਵੀ ਸਾਰਿਆਂ ਦੀ ਨਜ਼ਰ ਰਹੇਗੀ। ਜੇਕਰ ਉਹ ਕਿਸੇ ਹੋਰ ਪਾਰਟੀ ਨਾਲ ਜੁੜਦੇ ਹਨ ਤਾਂ ਬੁਢਲਾਡਾ ਦੇ ਸਿਆਸੀ ਸਮੀਕਰਨਾਂ ਵਿੱਚ ਸੰਭਾਵਿਤ ਤਬਦੀਲੀ ਬਾਰੇ ਚਰਚਾ ਹੋਣਾ ਸੁਭਾਵਿਕ ਹੈ।