ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਸਲਾਹ, ਗੁਰੂ ਤੇ ਸਿੱਖ ਵਿਚਕਾਰ ਅੜਿੱਕਾ ਬਣਨ ਵਾਲੀਆਂ ਤਾਕਤਾਂ ਤੋਂ ਬਚਣ ਦੀ ਅਪੀਲ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ’ ਦੇ ਸੰਦੇਸ਼ ਹੇਠ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢੇ ਜਾ ਰਹੇ ਮੀਰੀ-ਪੀਰੀ ਖਾਲਸਾ ਮਾਰਚ ਦੇ ਭੀਖੀ ਸਥਿਤ ਰਾਤਰੀ ਪੜਾਅ ਤੋਂ ਬਾਅਦ ਅਗਲੇ ਪੜਾਅ ਦੀ ਆਰੰਭਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਸੰਬੋਧਨ ਕੀਤਾ।
Publish Date: Tue, 25 Aug 2026 09:48 AM (IST)
Updated Date: Tue, 25 Aug 2026 09:49 AM (IST)
ਜੀਵਨ ਸਿੰਗਲਾ, ਪੰਜਾਬੀ ਜਾਗਰਣ, ਭੀਖੀ : ‘ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ’ ਦੇ ਸੰਦੇਸ਼ ਹੇਠ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢੇ ਜਾ ਰਹੇ ਮੀਰੀ-ਪੀਰੀ ਖਾਲਸਾ ਮਾਰਚ ਦੇ ਭੀਖੀ ਸਥਿਤ ਰਾਤਰੀ ਪੜਾਅ ਤੋਂ ਬਾਅਦ ਅਗਲੇ ਪੜਾਅ ਦੀ ਆਰੰਭਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਦੁਨਿਆਵੀ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਅਤੇ ਹਰ ਸਰਕਾਰ ਦੇ ਆਪਣੇ ਕਾਇਦੇ-ਕਾਨੂੰਨ ਹੁੰਦੇ ਹਨ ਪਰ ਸਿੱਖ ਕੌਮ ਦੀ ਸੱਚੀ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ। ਸਿੱਖਾਂ ਦੀ ਜਵਾਬਦੇਹੀ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਹੈ। ਉਨ੍ਹਾਂ ਕੌਮ ਨੂੰ ਸਿੱਖ ਅਤੇ ਗੁਰੂ ਵਿਚਾਲੇ ਅੜਿੱਕਾ ਬਣਨ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
ਜਥੇਦਾਰ ਨੇ ਕਿਹਾ ਕਿ ਸਿੱਖ ਕੌਮ ਨੂੰ ਆਪਣੀ ਰਾਜਸੀ ਹੋਂਦ ਬਰਕਰਾਰ ਰੱਖਣ ਲਈ ਗੰਭੀਰਤਾ ਨਾਲ ਪੜਚੋਲ ਕਰਨ ਦੀ ਲੋੜ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਸਿੱਖਾਂ ਅਤੇ ਪੰਜਾਬੀਆਂ ਦਾ ਸਿਹਤਮੰਦ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸ਼ਾਸਤਰ ਅਤੇ ਸ਼ਸਤਰ ਦੇ ਧਾਰਨੀ ਬਣਨ ਦਾ ਸੱਦਾ ਦਿੱਤਾ।
ਉਨ੍ਹਾਂ ਸਿੱਖਾਂ ਦੀ ਦਿਨੋਂ-ਦਿਨ ਘਟ ਰਹੀ ਆਬਾਦੀ ’ਤੇ ਵੀ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਇਸ ਮੁੱਦੇ ’ਤੇ ਸਿਰਫ਼ ਸਿੱਖਾਂ ਹੀ ਨਹੀਂ, ਸਗੋਂ ਸਮੁੱਚੇ ਪੰਜਾਬੀਆਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗਿਣਤੀ ਪੱਖੋਂ ਪਿੱਛੇ ਰਹਿ ਗਏ ਤਾਂ ਵਿਰੋਧੀ ਤਾਕਤਾਂ ਲਈ ਚੁਣੌਤੀਆਂ ਵਧ ਸਕਦੀਆਂ ਹਨ।
ਮੀਰੀ-ਪੀਰੀ ਖਾਲਸਾ ਮਾਰਚ ਦਾ ਪਿੰਡ ਸਮਾਉਂ ਵਿਖੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਸਿੱਖ ਮਰਿਆਦਾ ਦੇ ਧਾਰਨੀ ਬਣਨ ਅਤੇ ਸਿੱਖ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਸਿੱਖ ਫਲਸਫੇ ਦਾ ਡੂੰਘਾਈ ਨਾਲ ਅਧਿਐਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਮੇਂ-ਸਮੇਂ ’ਤੇ ਜਾਰੀ ਹੁਕਮਨਾਮਿਆਂ ਦੀ ਪਾਲਣਾ ਕਰਨ ਲਈ ਵੀ ਕਿਹਾ।
ਮਾਰਚ ਵਿੱਚ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਬਾਬਾ ਟੇਕ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਬਾਬਾ ਬੂਟਾ ਸਿੰਘ, ਪ੍ਰੇਮ ਕੁਮਾਰ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮੌਜੂਦ ਸਨ।