ਮਾਨਸਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਮਾਨਸਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ
Publish Date: Wed, 09 Sep 2026 07:07 PM (IST)
Updated Date: Thu, 10 Sep 2026 04:05 AM (IST)
ਫ਼ੋਟੋ : 18,19 ਐਮਏਐਨ ਕੈਪਸ਼ਨ : ਉਮੀਦਵਾਰਾਂ ਦੇ ਲੱਗੇ ਫਲੈਕਸਾਂ ਦੀ ਤਸਵੀਰ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ 11 ਸਤੰਬਰ 2026 ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਚੋਣ ਮੈਦਾਨ ’ਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵੱਖ-ਵੱਖ ਅਹੁਦਿਆਂ ਲਈ ਚੋਣ ਲੜ ਰਹੇ ਉਮੀਦਵਾਰ ਆਪਣੀ ਜਿੱਤ ਲਈ ਜ਼ੋਰ ਲਗਾ ਰਹੇ ਹਨ, ਜਦਕਿ ਉਨ੍ਹਾਂ ਦੇ ਦੋਸਤ-ਮਿੱਤਰ ਤੇ ਰਿਸ਼ਤੇਦਾਰ ਵੀ ਆਪੋ-ਆਪਣੇ ਢੰਗ ਨਾਲ ਵੋਟਰਾਂ ਨਾਲ ਸੰਪਰਕ ਕਰ ਸਮੱਰਥਨ ਇਕੱਠਾ ਕਰਨ ਵਿੱਚ ਜੁਟੇ ਹੋਏ ਹਨ। ਮਾਨਸਾ ਜ਼ਿਲ੍ਹਾ ਕਚਹਿਰੀ ਕੰਪਲੈਕਸ ਵਿੱਚ ਵੀ ਸਮੂਹ ਉਮੀਦਵਾਰਾਂ ਵੱਲੋਂ ਫ਼ਲੈਕਸਾਂ ਲਗਾ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਵਾਰ ਦੀਆਂ ਚੋਣਾਂ ਦੀ ਖ਼ਾਸ ਗੱਲ ਇਹ ਹੈ ਕਿ ਪਹਿਲੀ ਵਾਰ ਸੁਪਰੀਮ ਕੋਰਟ ਦੇ ਹੁਕਮਾਂ ਅੁਨਸਾਰ ਮੀਤ ਪ੍ਰਧਾਨ ਅਤੇ ਸਯੁਕੰਤ ਸਕੱਤਰ ਦਾ ਅਹੁਦਾ ਔਰਤਾਂ ਲਈ ਰਾਖਵਾਂ ਕੀਤਾ ਗਿਆ ਹੈ, ਜਿਸ ਵਿੱਚ ਸੰਯੁਕਤ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਚਮਨਦੀਪ ਕੌਰ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਮੀਤ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਵਿਮਲ ਅਤੇ ਐਡਵੋਕੇਟ ਸ਼ਿਵਾਨੀ ਗਰਗ ਵਿਚਕਾਰ ਸਿੱਧਾ ਮੁਕਾਬਲਾ ਹੈ। ਦੋਵੇਂ ਉਮੀਦਵਾਰਾਂ ਵੱਲੋਂ ਵੋਟਰਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਚੋਣ ਨੇੜੇ ਆਉਣ ਨਾਲ ਮੁਕਾਬਲਾ ਹੋਰ ਰੌਚਕ ਹੁੰਦਾ ਜਾ ਰਿਹਾ ਹੈ। ਪਹਿਲੀ ਵਾਰ ਮਹਿਲਾ ਉਮੀਦਵਾਰਾਂ ਲਈ ਰਾਖਵਾਂ ਹੋਣ ਕਾਰਨ ਵੀ ਵਕੀਲ ਭਾਈਚਾਰੇ ਵਿੱਚ ਖ਼ਾਸ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ। ਪ੍ਰਧਾਨ ਦੇ ਅਹੁਦੇ ਲਈ ਪਹਿਲਾਂ ਐਡਵੋਕੇਟ ਅੰਗਰੇਜ਼ ਸਿੰਘ ਕਲੇਰ ਨੂੰ ਮਜ਼ਬੂਤ ਮੰਨਿਆ ਜਾ ਰਿਹਾ ਸੀ, ਪਰ ਪਿਛਲੇ ਕੁਝ ਦਿਨਾਂ ਦੌਰਾਨ ਐਡਵੋਕੇਟ ਬੀਰਦਵਿੰਦਰ ਸਿੰਘ ਸਿੱਧੂ ਵੱਲੋਂ ਕੀਤੀ ਜਾ ਰਹੀ ਚੋਣ ਮੁਹਿੰਮ ਨੇ ਮੁਕਾਬਲੇ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ। ਦੋਵਾਂ ਉਮੀਦਵਾਰਾਂ ਵਿਚਕਾਰ ਮੁਕਾਬਲਾ ਕਾਂਟੇਦਾਰ ਹੋਣ ਦੀ ਚਰਚਾ ਹੈ ਅਤੇ ਜਿੱਤ-ਹਾਰ ਦਾ ਫਰਕ ਵੀ ਘੱਟ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਅਮਨਦੀਪ ਸਿੰਘ ਭੁੱਲਰ ਅਤੇ ਐਡਵੋਕੇਟ ਗੋਰਾ ਸਿੰਘ ਥਿੰਦ ਵਿਚਕਾਰ ਵੀ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ। ਬਾਰ ਐਸੋਸੀਏਸ਼ਨ ਵਿੱਚ ਪ੍ਰਧਾਨ ਤੋਂ ਇਲਾਵਾ ਜਨਰਲ ਸਕੱਤਰ ਦੇ ਅਹਿਮ ਅਹੁਦੇ ਲਈ ਦੋ ਨੌਜਵਾਨ ਉਮੀਦਵਾਰਾਂ ਵਿਚਕਾਰ ਮੁਕਾਬਲਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਐਡਵੋਕੇਟ ਅਭਿਨੰਦਨ ਹੈਰੀ ਸ਼ਰਮਾ ਵੱਲੋਂ ਆਪਣੀ ਚੋਣ ਮੁਹਿੰਮ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਜਾ ਚੁੱਕੀ ਸੀ, ਜਦਕਿ ਐਡਵੋਕੇਟ ਗੁਰਦੀਪ ਸਿੰਘ ਮਾਖਾ ਵੱਲੋਂ ਕੀਤੀ ਜਾ ਰਹੀ ਮਿਹਨਤ ਨੇ ਮੁਕਾਬਲੇ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ। ਇਸ ਸਮੇਂ ਸਾਰੇ ਉਮੀਦਵਾਰਾਂ ਵਿੱਚ ਕਾਂਟੇਂ ਦੀ ਟੱਕਰ ਹੈ ਅਤੇ ਫਰਕ ਬਹੁਤ ਘੱਟ ਵੋਟਾਂ ਦਾ ਹੋਵੇਗਾ। ਚੋਣ ਪ੍ਰਕਿਰਿਆ ਨੂੰ ਲੈ ਕੇ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਉਣ ਲਈ ਵੀ ਧਿਆਨ ਦਿੱਤਾ ਜਾ ਰਿਹਾ ਹੈ। ਚੋਣ ਰਿਟਰਨਿੰਗ ਅਫ਼ਸਰ ਐਡਵੋਕੇਟ ਗੁਰਦਾਸ ਸਿੰਘ ਮਾਨ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਐਡਵੋਕੇਟ ਮਨਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਚੋਣ ਜਾਬਤੇ ਦੀ ਪੂਰੀ ਤਰ੍ਹਾਂ ਪਾਲਣਾ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 11 ਸਤੰਬਰ 2026 ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਵੋਟਿੰਗ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਜਾਵੇਗੀ ਅਤੇ ਗਿਣਤੀ ਮੁਕੰਮਲ ਹੋਣ ਉਪਰੰਤ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਐਡਵੋਕੇਟਸ ਬਾਬੂ ਸਿੰਘ ਮਾਨ ਸਾਬਕਾ ਪ੍ਰਧਾਨ ਵਜੈ ਸਿੰਗਲਾ ਸਾਬਕਾ ਪ੍ਰਧਾਨ, ਨਵਲ ਕਿਸ਼ੋਰ, ਨਵਦੀਪ ਸ਼ਰਮਾ, ਹਰਪ੍ਰੀਤ ਰਮਦਿਤੇਵਾਲਾ, ਬਿਮਲਜੀਤ, ਹਰਿੰਦਰ ਸ਼ਰਮਾ, ਲਖਵਿੰਦਰ ਸਿੰਘ ਲਖਣਪਾਲ, ਅਸ਼ਵਨੀ ਸ਼ਰਮਾ, ਗੁਰਲਾਭ ਸਿੰਘ ਮਾਹਲ, ਬਲਵੰਤ ਭਾਟੀਆ, ਡਾ. ਸੰਦੀਪ ਘੰਡ, ਸੁਖਚਰਨ ਸਿੰਘ ਸਦੇਵਾਲੀਆ, ਨੀਸ਼ ਗਰਗ, ਰਣਜੀਤ ਸਿੰਘ, ਰਣਦੀਪ ਸ਼ਰਮਾ, ਸਵੀਟ ਸਿੰਗਲਾ, ਦੇਵਿੰਦਰ ਕੌਰ, ਰਜਿੰਦਰਪਾਲ ਕੌਰ, ਅਮਨਿੰਦਰ ਮਾਨ, ਹਰਭੀਵਰਤ ਮਾਨ ਅਤੇ ਮਨਿਸ਼ਾ ਸ਼ਰਮਾ ਨੇ ਸਮੂਹ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਚੋਣ ਮੁਹਿੰਮ ਦੌਰਾਨ ਕੋਈ ਵੀ ਅਜਿਹੀ ਗੱਲ ਨਾ ਕੀਤੀ ਜਾਵੇ, ਜਿਸ ਨਾਲ ਚੋਣ ਜਾਬਤੇ ਦੀ ਉਲੰਘਣਾ ਹੋਵੇ।