ਸਰਦੂਲਗੜ੍ਹ 'ਚ 'ਆਪ' ਨੇ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਮੁੜ ਉਤਾਰਿਆ ਮੈਦਾਨ ’ਚ ਆਮ ਆਦਮੀ ਪਾਰਟੀ (ਆਪ)
Publish Date: Sat, 31 Oct 2026 05:09 PM (IST)
Updated Date: Sat, 31 Oct 2026 05:10 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਆਮ ਆਦਮੀ ਪਾਰਟੀ (ਆਪ) ਨੇ ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ ਤੋਂ ਮੌਜੂਦਾ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਮੁੜ ਭਰੋਸਾ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਦੂਜੀ ਵਾਰ ਚੋਣ ਮੈਦਾਨ ਵਿਚ ਉਤਾਰਿਆ ਹੈ। ਪਾਰਟੀ ਹਾਈਕਮਾਨ ਵੱਲੋਂ ਉਨ੍ਹਾਂ ਦੇ ਨਾਂ ਦੀ ਐਲਾਨ ਤੋਂ ਬਾਅਦ ਹਲਕੇ ਦੇ ਆਪ ਸਮਰਥਕਾਂ ਅਤੇ ਵਰਕਰਾਂ ਵਿਚ ਉਤਸ਼ਾਹ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਪਹਿਲੇ 40 ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ ਪੰਜਾਬ ਦੀ ਸਿਆਸਤ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਵੱਲੋਂ ਜਾਰੀ ਕੀਤੀ ਗਈ ਪਹਿਲੀ ਸੂਚੀ ਵਿਚ ਮਾਨਸਾ ਜ਼ਿਲ੍ਹੇ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਵਿਚੋਂ ਸਰਦੂਲਗੜ੍ਹ ਹਲਕੇ ਦੇ ਉਮੀਦਵਾਰ ਦਾ ਨਾਂ ਐਲਾਨ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਨੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਇਕ ਵਾਰ ਫ਼ਿਰ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਐਲਾਨ ਨਾਲ ਸਰਦੂਲਗੜ੍ਹ ਹਲਕੇ ਵਿਚ ਸਿਆਸੀ ਸਰਗਰਮੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਸਾਰੀਆਂ ਸਿਆਸੀ ਪਾਰਟੀਆਂ ‘ਚੋਂ ਆਪ ਨੇ ਪਹਿਲ ਕਰਦਿਆਂ ਅੱਜ ਇਹ 40 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ, ਜਦੋਂਕਿ ਹੋਰ ਕਿਸੇ ਪਾਰਟੀ ਵੱਲੋਂ ਅਜੇ ਕੋਈ ਸੀਟਾਂ ਦੀ ਲਿਸਟ ਜਾਰੀ ਨਹੀਂ ਕੀਤੀ ਗਈ ਹੈ। ਸਿਆਸੀ ਪਿਛੋਕੜ ਤੇ 2022 ਦਾ ਇਤਿਹਾਸਕ ਨਤੀਜਾ ਗੁਰਪ੍ਰੀਤ ਸਿੰਘ ਬਣਾਂਵਾਲੀ ਪੇਸ਼ੇ ਤੋਂ ਵਕੀਲ ਹਨ। ਆਪਣੇ ਰਾਜਨੀਤਕ ਸਫ਼ਰ ਦੀ ਸ਼ੁਰੂਆਤ ਵਿਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਯੂਥ ਆਗੂ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਬਾਅਦ ਵਿਚ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਰਦੂਲਗੜ੍ਹ ਹਲਕੇ ਤੋਂ ਆਪ ਦੀ ਟਿਕਟ ਤੇ ਲੜਦਿਆਂ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਇੱਕ ਵੱਡਾ ਉਲਟਫ਼ੇਰ ਕਰਦਿਆਂ ਇਤਿਹਾਸਕ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੇ ਹਲਕੇ ਚ ਲੰਬੇ ਸਮੇਂ ਤੋਂ ਰਵਾਇਤੀ ਦਬਦਬਾ ਰੱਖਣ ਵਾਲੇ ਕਾਂਗਰਸ ਦੇ ਮੋਫ਼ਰ ਪਰਿਵਾਰ ਅਤੇ ਅਕਾਲੀ ਦਲ ਦੇ ਭੂੰਦੜ ਪਰਿਵਾਰ ਦੇ ਗੜ੍ਹ ਨੂੰ ਢਾਹ ਲਾਈ ਸੀ। 2022 ਚੋਣਾਂ ਦੇ ਅੰਕੜੇ ਇਕ ਨਜ਼ਰ ‘ਚ ਗੁਰਪ੍ਰੀਤ ਸਿੰਘ ਬਣਾਂਵਾਲੀ (ਆਪ): 75,817 ਵੋਟਾਂ (ਜੇਤੂ) ਬਿਕਰਮ ਸਿੰਘ ਮੋਫ਼ਰ (ਕਾਂਗਰਸ): 34,446 ਵੋਟਾਂ ਦਿਲਰਾਜ ਸਿੰਘ ਭੂੰਦੜ (ਅਕਾਲੀ ਦਲ): 31,757 ਵੋਟਾਂ ਜਿੱਤ ਦਾ ਫ਼ਰਕ: 41,371 ਵੋਟਾਂ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਲਦੇਵ ਸਿੰਘ ਨੂੰ 2,345, ਭਾਜਪਾ ਦੇ ਜਗਜੀਤ ਸਿੰਘ ਮਿਲਖਾ ਨੂੰ 2,038 ਅਤੇ ਨੋਟਾ ਨੂੰ 684 ਵੋਟਾਂ ਮਿਲੀਆਂ ਸਨ। ਬਾਕਸ ਮਾਨਸਾ ਜ਼ਿਲ੍ਹੇ ਚ ਬਣਿਆ ਸੀ ਆਪ ਦਾ ਦਬਦਬਾ, ਵਿਧਾਨ ਸਭਾ ਦੀਆਂ ਤਿਨੇ ਸੀਟਾਂ ਆਈਆਂ ਸਨ ਆਪ ਦੇ ਹਿੱਸੇ 2022 ਦੀ ਚੋਣ ਹਨ੍ਹੇਰੀ ਵਿੱਚ ਆਮ ਆਦਮੀ ਪਾਰਟੀ ਨੇ ਮਾਨਸਾ ਜ਼ਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ- ਸਰਦੂਲਗੜ੍ਹ, ਮਾਨਸਾ ਅਤੇ ਬੁਢਲਾਡਾ- ਤੇ ਹੂੰਝਾਫ਼ੇਰ ਜਿੱਤ ਹਾਸਲ ਕੀਤੀ ਸੀ। ਹੁਣ ਇਕ ਵਾਰ ਫਿਰ ਤੋਂ ਟਿਕਟ ਮਿਲਣ ਨਾਲ ਸਰਦੂਲਗੜ੍ਹ ਹਲਕੇ ਦੀ ਸਿਆਸਤ ਗਰਮਾ ਗਈ ਹੈ ਤੇ ਬਣਾਂਵਾਲੀ ਮੁੜ ਆਪਣੇ ਵਿਕਾਸ ਕਾਰਜਾਂ ਦੇ ਦਮ ਤੇ ਜਿੱਤ ਦਾ ਦਾਅਵਾ ਠੋਕ ਰਹੇ ਹਨ।