- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
11 ਮੈਂਬਰੀ ਨਗਰ ਪੰਚਾਇਤ 11 ਮੈਂਬਰੀ ਨਗਰ ਪੰਚਾਇਤ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : 11 ਮੈਂਬਰੀ ਨਗਰ ਪੰਚਾਇਤ ਕੋਠਾ ਗੁਰੂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਸਿਆਸੀ ਪ੍ਰਦਰਸ਼ਨ ਕਰਦਿਆਂ 11 ਵਿਚੋਂ 7 ਸੀਟਾਂ ‘ਤੇ ਜਿੱਤ ਦਰਜ ਕਰਕੇ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਦਾ ਵੱਡਾ ਸਿਹਰਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦੇ ਸਿਰ ਬੰਨ੍ਹਿਆ ਜਾ ਰਿਹਾ ਹੈ, ਜਿਨ੍ਹਾਂ ਦੀ ਲੰਬੇ ਸਮੇਂ ਤੋਂ ਲੋਕ ਸੇਵਾ ਅਤੇ ਲੋਕਾਂ ਵਿਚ ਮਜ਼ਬੂਤ ਪਕੜ ਨੇ ਪਾਰਟੀ ਨੂੰ ਇਹ ਜਿੱਤ ਦਿਵਾਈ ਹੈ। ਭੱਲਾ ਦੇ ਯਤਨਾਂ ਆਪ ਨੂੰ ਮਿਲੀ ਜਿੱਤ ਦੇ ਹਲਕੇ ਵਿਚ ਸਿਆਸੀ ਚਰਚੇ ਛਿੜ ਗਏ ਹਨ ਅਤੇ ਇਸ ਜਿੱਤ ਨਾਲ ਉਨ੍ਹਾਂ ਸਿਆਸੀ ਕੱਦ ਹੋਰ ਮਜ਼ਬੂਤ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਜਤਿੰਦਰ ਸਿੰਘ ਭੱਲਾ ਕਰੀਬ 30 ਸਾਲਾਂ ਤੋਂ ਸਮਾਜ ਸੇਵਾ ਨਾਲ ਜੁੜੇ ਹੋਏ ਹਨ ਅਤੇ ਇਲਾਕੇ ਦੇ ਲੋਕਾਂ ਵਿੱਚ ਉਨ੍ਹਾਂ ਦੀ ਚੰਗੀ ਪਛਾਣ ਅਤੇ ਪ੍ਰਭਾਵ ਹੈ। ਉਨ੍ਹਾਂ ਵੱਲੋਂ ਨਗਰ ਦੇ ਵਿਕਾਸ, ਲੋਕ ਭਲਾਈ ਦੇ ਕੰਮਾਂ ਅਤੇ ਹਰ ਵਰਗ ਨਾਲ ਨਜ਼ਦੀਕੀ ਸੰਪਰਕ ਬਣਾਈ ਰੱਖਣ ਕਾਰਨ ਕੋਠਾ ਗੁਰੂ ਵਿੱਚ ਆਮ ਆਦਮੀ ਪਾਰਟੀ ਦੀ ਮਜ਼ਬੂਤ ਪਕੜ ਬਣੀ ਹੋਈ ਹੈ। ਚੋਣਾਂ ਦੌਰਾਨ ਵੀ ਉਨ੍ਹਾਂ ਨੇ ਘਰ-ਘਰ ਜਾ ਕੇ ਪਾਰਟੀ ਉਮੀਦਵਾਰਾਂ ਲਈ ਵੋਟਾਂ ਮੰਗੀਆਂ ਅਤੇ ਵਰਕਰਾਂ ਨੂੰ ਇਕਜੁੱਟ ਕਰਕੇ ਮੈਦਾਨ ਵਿੱਚ ਡਟੇ ਰਹੇ। ਇਸ ਚੋਣ ਨਤੀਜੇ ਨਾਲ ਵਿਰੋਧੀ ਧਿਰਾਂ ਨੂੰ ਵੱਡਾ ਝਟਕਾ ਲੱਗਿਆ ਹੈ। ਸ੍ਰੋਮਣੀ ਅਕਾਲੀ ਦਲ ਸਿਰਫ਼ ਦੋ ਸੀਟਾਂ ‘ਤੇ ਹੀ ਜਿੱਤ ਦਰਜ ਕਰ ਸਕਿਆ, ਜਦਕਿ ਕਾਂਗਰਸ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਭਾਜਪਾ ਤਾ ਇਸ ਨਗਰ ਵਿੱਚ ਆਪਣਾ ਕੋਈ ਉਮੀਦਵਾਰ ਵੀ ਉਤਾਰ ਨਹੀ ਸਕੀ। ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ ਭਰਪੂਰ ਸਮਰਥਨ ਇਸ ਗੱਲ ਦਾ ਸੰਕੇਤ ਹੈ ਕਿ ਨਗਰ ਨਿਵਾਸੀਆਂ ਨੇ ਵਿਕਾਸ ਅਤੇ ਭੱਲਾ ਦੀ ਰਾਜਨੀਤੀ ‘ਤੇ ਭਰੋਸਾ ਜਤਾਇਆ ਹੈ। ਚੋਣ ਨਤੀਜੇ ਐਲਾਨ ਹੋਣ ਤੋਂ ਬਾਅਦ ਆਪ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਾਰਟੀ ਆਗੂਆਂ ਅਤੇ ਸਮਰਥਕਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਜਿੱਤ ਦਾ ਜਸ਼ਨ ਮਨਾਇਆ। ਇਸ ਮੌਕੇ ਜਤਿੰਦਰ ਸਿੰਘ ਭੱਲਾ ਨੇ ਕੋਠਾ ਗੁਰੂ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਆਮ ਲੋਕਾਂ ਦੀ ਜਿੱਤ ਹੈ ਅਤੇ ਪਾਰਟੀ ਨਗਰ ਦੇ ਵਿਕਾਸ ਲਈ ਪਹਿਲਾਂ ਤੋਂ ਵੀ ਵੱਧ ਤਨਦੇਹੀ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜੋ ਵਿਸ਼ਵਾਸ ਪਾਰਟੀ ‘ਤੇ ਜਤਾਇਆ ਹੈ, ਉਸ ‘ਤੇ ਪੂਰਾ ਉਤਰਨਾ ਹੀ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ।