ਗੁਰਦੁਆਰਾ ਸ੍ਰੀ ਤੇਗ਼ ਬਹਾਦਰ ਜੀ ਬੇਰੀ ਸਾਹਿਬ ਵੱਲੋਂ ਮਾਰਚ ਦਾ ਭਰਵਾਂ ਸਵਾਗਤ ਫਤਹਿਗੜ੍ਹ ਸਾਹਿਬ ਦੀ ਧਰਤੀ ਤੋਂ ਕੌਮੀ ਇਨਸਾਫ਼
Publish Date: Sat, 03 Oct 2026 06:49 PM (IST)
Updated Date: Sun, 04 Oct 2026 04:08 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਫ਼ਤਹਿਗੜ੍ਹ ਸਾਹਿਬ ਦੀ ਧਰਤੀ ਤੋਂ ਕੌਮੀ ਇਨਸਾਫ਼ ਮੋਰਚੇ ਵੱਲੋਂ ਸਜ਼ਾਵਾਂ ਪੂਰ੍ਹੀਆਂ ਕਰ ਚੁੱਕੇ ਬੰਦੀ ਸਿੰਘ ਦੀ ਰਿਹਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਬੰਦੀ ਸਿੰਘ ਰਿਹਾਈ ਮਾਰਚ ਮਾਨਸਾ ਵਿਖੇ ਪਹੁੰਚਣ ਤੇ ਪਿੰਡ ਖਿਆਲਾਂ ਕਲਾਂ ਵਿਖੇ ਗੁਰਦੁਆਰਾ ਸ੍ਰੀ ਤੇਗ਼ ਬਹਾਦਰ ਵੇਰੀ ਸਾਹਿਬ ਅਤੇ ਗੁਰਦੁਆਰਾ ਸਿੰਘ ਸਭਾ ਮੇਨ ਬਾਜ਼ਾਰ ਮਾਨਸਾ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਜੱਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਇਸ ਮਾਰਚ ਦੇ ਤਿੰਨ ਮੁੱਖ ਮਕਸਦ ਹਨ। ਪਹਿਲਾਂ ਬੰਦੀ ਸਿੰਘ ਨੂੰ ਮਾਰਚ ਰਾਹੀਂ ਇਹ ਦੱਸਿਆ ਗਿਆ ਕਿ ਕੌਮ ਤੁਹਾਡੇ ਕੁਰਬਾਨੀ ਤੇ ਜਜ਼ਬੇ ਨੂੰ ਸਲਾਮ ਕਰਦੀ ਹੈ। ਦੂਸਰਾ ਮਕਸਦ ਸਿੱਖ ਕੌਮ ਨੂੰ ਇਹ ਦੱਸੀਆਂ ਗਈਆਂ ਜ਼ੇਲ੍ਹਾਂ ਵਿੱਚ ਲੰਬੇ ਸਮੇਂ ਤੋਂ ਬੰਦ ਜਰਨੈਲ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਇੱਕ ਦੀਵਾ ਬਾਲਿਆ ਗਿਆ ਤਾਂ ਜੋ ਇੱਕ ਝੰਡੇ ਹੇਠ ਇਕਜੁੱਟ ਹੋ ਕੇ ਬੰਦੀ ਸਿੰਘ ਨੂੰ ਜ਼ੇਲ੍ਹਾਂ ਵਿੱਚ ਰਿਹਾਈ ਦਿਵਾਈ ਜਾ ਸਕੇ। ਤੀਸਰਾ ਮਕਸਦ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਦੱਸਣਾ ਸੀ ਕਿ ਬੰਦੀ ਸਿੰਘ ਨੇ ਕੋਈ ਜ਼ੁਰਮ ਨਹੀਂ ਕੀਤਾ। ਇਨ੍ਹਾਂ ਨੇ ਤਾਂ ਆਪਣਾ ਕੌਮੀ ਫਰਜ਼ ਪੂਰ੍ਹਾ ਕੀਤਾ ਹੈ। ਜਦੋਂ ਸਰਕਾਰਾਂ ਅਪੀਲ, ਦਲੀਲ ਨੂੰ ਨਜ਼ਰਅੰਦਾਜ਼ ਕਰਦੀਆਂ ਹਨ ਤਾਂ ਕੁਦਰਤੀ ਹੈ, ਕੌਮਾਂ ਆਪਣੀ ਹੌਂਦ ਨੂੰ ਬਚਾਉਣ ਲਈ ਸੰਘਰਸ਼ ਦਾ ਰਾਹ ਅਖ਼ਤਿਆਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਾਨੂੰਨ ਦੇ ਲਾਗੂ ਹੋਣ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਸਵਾਲ ਹਨ ਕਿ ਇੱਕ ਪਾਸੇ ਸੰਗੀਨ ਅਪਰਾਧਾਂ ਮਾਮਲਿਆਂ ਵਿੱਚ ਸਜ਼ਾਵਾਂ ਭੁਗਤ ਰਹੇ ਵਿਅਕਤੀਆਂ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਸਜ਼ਾਵਾਂ ਪੂਰ੍ਹੀਆਂ ਕਰਨ ਵਾਲੇ ਲੰਬੇ ਸਮੇਂ ਤੋਂ ਜ਼ੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਰਿਹਾਅ ਨਹੀਂ ਕਰ ਰਹੀ ਜੋ ਕਿ ਕੌਮ ਦੇ ਨਾਲ ਬੇਇਨਸਾਫ਼ੀ ਹੈ। ਇਸ ਮੌਕੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਿੰਘ ਸਭਾ ਮੇਨ ਬਾਜ਼ਾਰ ਮਾਨਸਾ ਦੇ ਪ੍ਰਧਾਨ ਰਘਵੀਰ ਸਿੰਘ ਨੇ ਮਾਰਚ ਵਿੱਚ ਸ਼ਾਮਲ ਹੋਏ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਤੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਮਿੱਠੂ ਸਿੰਘ ਕਾਹਨੇਕੇ, ਭਰਪੂਰ ਸਿੰਘ ਮਨੈਜਰ, ਰਘਵੀਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਾਹਿਬ ਮਾਨਸਾ ਅਵਤਾਰ ਸਿੰਘ ਸਰਪੰਚ, ਸੁੱਖੀ ਖਿਆਲਾਂ, ਗਰਮੇਲ ਸਿੰਘ ਖਿਆਲਾਂ, ਮਾਸਟਰ ਜਸਵੀਰ ਸਿੰਘ, ਖ਼ਾਲਸਾ ਬਲਜਿੰਦਰ ਸਿੰਘ ਬੱਗੇਕੇ ਤੋਂ ਇਲਾਵਾ ਇਸ ਮਾਰਚ ਵਿੱਚ ਧਾਰਮਿਕ ਸੰਸਥਾਵਾਂ, ਕਿਸਾਨ ਜਥੇਬੰਦੀਆਂ, ਨਿਹੰਗ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ।