ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੀ ਵਿਸ਼ੇਸ਼ ਮੀਟਿੰਗ ਹੋਈ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ
Publish Date: Tue, 27 Oct 2026 05:05 PM (IST)
Updated Date: Tue, 27 Oct 2026 05:07 PM (IST)
ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਟ੍ਰੇਨਿੰਗ ਤੁਰੰਤ ਸ਼ੁਰੂ ਕਰਵਾਉਣ ਦੀ ਮੰਗ : ਗੋਇਲ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ. 295) ਦੀ ਜ਼ਿਲ੍ਹਾ ਮਾਨਸਾ ਇਕਾਈ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸੱਤਪਾਲ ਰਿਸ਼ੀ ਵੱਲੋਂ ਕੀਤੀ ਗਈ। ਮੀਟਿੰਗ ਵਿਚ ਜ਼ਿਲ੍ਹਾ ਕਮੇਟੀ ਅਤੇ ਸਾਰੇ ਬਲਾਕ ਆਗੂਆਂ ਨੇ ਸ਼ਮੂਲੀਅਤ ਕੀਤੀ। ਵਿਸ਼ੇਸ਼ ਤੌਰ ’ਤੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਸੂਬਾ ਸਹਾਇਕ ਸਕੱਤਰ ਤਾਰਾ ਚੰਦ ਭਾਵਾ ਨੇ ਸ਼ਿਰਕਤ ਕੀਤੀ। ਮੀਟਿੰਗ ਦੀ ਸ਼ੁਰੂਆਤ ਵਿਚ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਵਾਲੇ ਭਾਈ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਸ਼ਰਧਾਂਜਲੀ ਅਰਪਿਤ ਕੀਤੀ ਗਈ। ਮੀਟਿੰਗ ਵਿੱਚ ਬਲਾਕ ਆਗੂਆਂ ਵੱਲੋਂ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਸਾਂਝੇ ਕੀਤੇ ਗਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸੱਤਪਾਲ ਰਿਸ਼ੀ, ਤਾਰਾ ਚੰਦ ਭਾਵਾ ਅਤੇ ਰਘਵੀਰ ਚੰਦ ਸ਼ਰਮਾ ਨੇ ਮੌਜੂਦਾ ਹਾਲਾਤਾਂ ਤੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਬਹੁਤ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੇ ਹਾਂ, ਅਫਵਾਹਾਂ ਦਾ ਦੌਰ ਵੀ ਗਰਮ ਹੈ। ਸਾਫ-ਸੁਥਰੀਆਂ ਸਿਹਤ ਸੇਵਾਵਾਂ ਦੇ ਰਹੇ ਤੇ ਐਸੋਸੀਏਸ਼ਨ ਦੇ ਵਿਧਾਨ-ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਫਰਜ਼ ਨਿਭਾ ਰਹੇ ਸਾਥੀਆਂ ਨੂੰ ਡਰਨ ਦੀ ਲੋੜ ਨਹੀਂ, ਸਗੋਂ ਸੰਜਮ ਤੇ ਤਨਦੇਹੀ ਨਾਲ ਸੇਵਾ ਨਿਭਾਉਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਰੀਤ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਦਾ ਸਮਾਜਿਕ ਬਾਈਕਾਟ ਕਰਦਿਆਂ ਤਨਦੇਹੀ ਨਾਲ ਸੇਵਾ ਨਿਭਾਈ ਜਾਵੇ। ਜੱਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਤੇ ਵਿਸ਼ਾਲ ਕਰਨ ਅਤੇ ਨਿੱਜਤਾ ਤੋਂ ਉੱਪਰ ਉੱਠ ਕੇ ਜਥੇਬੰਦਕ ਜ਼ਾਬਤੇ ਵਿਚ ਰਹਿੰਦਿਆਂ ਸਰਬ-ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਣ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸ਼ਾਰਟ-ਟਰਮ ਟ੍ਰੇਨਿੰਗ ਸ਼ੁਰੂ ਕਰਨ ਲਈ ਸਵੈ-ਘੋਸ਼ਣਾ, ਯੋਗਤਾ ਤੇ ਤਜਰਬਾ ਸਰਟੀਫਿਕੇਟ ਸਿਵਲ ਸਰਜਨਾਂ ਰਾਹੀਂ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਗਏ ਸਨ, ਜੋ ਐਸੋਸੀਏਸ਼ਨ ਵੱਲੋਂ ਸਹਿਯੋਗ ਕਰਦਿਆਂ ਜਮ੍ਹਾਂ ਕਰਵਾ ਦਿੱਤੇ ਗਏ ਹਨ। ਇਸ ਸਬੰਧੀ ਮਾਣਯੋਗ ਸਿਹਤ ਮੰਤਰੀ, ਪ੍ਰਿੰਸੀਪਲ ਸਿਹਤ ਸਕੱਤਰ ਅਤੇ ਡਾਇਰੈਕਟਰ ਸਿਹਤ ਵਿਭਾਗ ਨਾਲ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ, ਪ੍ਰੰਤੂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਡਾਟਾ ਨਾ ਪਹੁੰਚਣ ਦਾ ਬਹਾਨਾ ਲਗਾਇਆ ਜਾ ਰਿਹਾ ਹੈ। ਜੇ ਸਬੰਧਿਤ ਵਿਭਾਗ ਵੱਲੋਂ ਡਾਟਾ ਨਹੀਂ ਭੇਜਿਆ ਜਾ ਰਿਹਾ ਤਾਂ ਤੁਰੰਤ ਐਕਸ਼ਨ ਲੈਣਾ ਬਣਦਾ ਹੈ, ਨਾ ਕਿ ਮਾਮਲੇ ਨੂੰ ਲਟਕਾਉਣਾ ਅਸੀਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਤੁਰੰਤ ਲੋੜੀਂਦੀ ਕਾਰਵਾਈ ਕਰਕੇ ਟ੍ਰੇਨਿੰਗ ਸ਼ੁਰੂ ਕੀਤੀ ਜਾਵੇ। ਪ੍ਰੈਕਟੀਸ਼ਨਰਾਂ ਵਿੱਚ ਖਦਸ਼ਾ ਹੈ ਕਿ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਸਰਕਾਰ ਵੀ ਸਾਡੀ ਹੱਕੀ ਮੰਗ ਨੂੰ ਲਟਕਾਉਣਾ ਚਾਹੁੰਦੀ ਹੈ। ਇਸ ਮੌਕੇ ਜ਼ਿਲ੍ਹਾ ਸਕੱਤਰ ਸਿਮਰਜੀਤ ਸਿੰਘ ਗਾਗੋਵਾਲ, ਕੈਸ਼ੀਅਰ ਅਮਰੀਕ ਸਿੰਘ ਮਾਖਾ, ਸੀਨੀਅਰ ਵਾਇਸ ਪ੍ਰਧਾਨ ਸਿਸਨ ਗੋਇਲ, ਸਹਾਇਕ ਸਕੱਤਰ ਅਸ਼ੋਕ ਕੁਮਾਰ ਗਾਮੀਵਾਲਾ, ਸਹਾਇਕ ਸਕੱਤਰ ਹਰਬੰਸ ਸਿੰਘ ਦਿਆਲਪੁਰਾ ਨੇ ਸਮੂਹ ਪ੍ਰੈਕਟੀਸ਼ਨਰਾਂ ਨੂੰ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਤਿੰਨਕੋਨੀ ਮਾਨਸਾ ਵਿਖੇ ਲੱਗੇ ਧਰਨੇ ਦੇ ਸਮਰਥਨ ਵਿੱਚ ਐਸੋਸੀਏਸ਼ਨ ਵੱਲੋਂ ਲਾਏ ਸਿਹਤ ਸੇਵਾਵਾਂ ਦੇ ਲੰਗਰ ਬਲਾਕ ਵਾਇਜ ਟੀਮਾਂ ਸੇਵਾਵਾਂ ਦੇਣ ਲਈ ਪਹੁੰਚਣ ਦੀ ਅਪੀਲ ਕੀਤੀ। ਮੀਟਿੰਗ ਵਿਚ ਬਲਾਕ ਝੁਨੀਰ ਦੇ ਪ੍ਰਧਾਨ ਅੰਗਰੇਜ਼ ਸਿੰਘ ਸਾਹਨੇਵਾਲੀ, ਭੀਖੀ ਦੇ ਪ੍ਰਧਾਨ ਜਗਸੀਰ ਸਿੰਘ, ਜੋਗਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਜੋਗਾ, ਬਰੇਟਾ ਦੇ ਪ੍ਰਧਾਨ ਪ੍ਰੇਮ ਸਿੰਘ ਕਿਸ਼ਨਗੜ੍ਹ, ਮਾਨਸਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਬੋਹਾ ਦੇ ਪ੍ਰਧਾਨ ਸੁਖਪਾਲ ਸਿੰਘ ਹਾਕਮ ਵਾਲਾ, ਬੁਢਲਾਡਾ ਦੇ ਪ੍ਰਧਾਨ ਗੁਰਜੀਤ ਸਿੰਘ ਬਰੇ, ਸਰਦੂਲਗੜ੍ਹ ਦੇ ਪ੍ਰਧਾਨ ਰਾਜਵੀਰ ਸਿੰਘ, ਬੁਢਲਾਡਾ ਦਿਹਾਤੀ ਤੋਂ ਰਮਜਾਨ ਖਾਂ ਸਮੇਤ ਸਾਰੇ ਬਲਾਕ ਆਗੂਆਂ ਨੇ ਹਾਜ਼ਰੀ ਲਗਵਾਈ ਅਤੇ ਪੰਜਾਬ ਸਰਕਾਰ ਤੋਂ ਟ੍ਰੇਨਿੰਗ ਜਲਦੀ ਸ਼ੁਰੂ ਕਰਵਾਉਣ ਦੀ ਮੰਗ ਕੀਤੀ।