ਪੰਜਾਬ ਦੇ ਸਰਕਾਰੀ ਸਕੂਲ 'ਚ ਅਨੋਖੀ ਘਟਨਾ: ਕਲਾਸਾਂ 'ਚ ਪੜ੍ਹਦੇ ਬੱਚਿਆਂ ਸਾਹਮਣੇ ਨਿਕਲਿਆ ਸੱਪ, ਸੁਰੱਖਿਆ ਨੂੰ ਦੇਖਦਿਆਂ ਅਧਿਆਪਕਾਂ ਨੇ ਤੁਰੰਤ ਕੀਤੀ ਛੁੱਟੀ
ਇਸ ਘਟਨਾ ਤੋਂ ਬਾਅਦ ਸਕੂਲ ਦੇ ਨਾਲ ਲੱਗਦੇ ਨਿੱਜੀ ਪਲਾਟਾਂ ਵਿੱਚ ਸਫ਼ਾਈ ਵਿਵਸਥਾ ਦਾ ਮੁੱਦਾ ਵੀ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪਲਾਟਾਂ ਵਿੱਚ ਗੰਦਗੀ ਅਤੇ ਸਫ਼ਾਈ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਸਕੂਲ ਦੇ ਆਸ-ਪਾਸ ਸੱਪਾਂ ਅਤੇ ਹੋਰ ਜੀਵ-ਜੰਤੂਆਂ ਦੇ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਹਾਲਾਂਕਿ ਇਹ ਪਲਾਟ ਨਿੱਜੀ ਮਾਲਕੀ ਵਾਲੇ ਹਨ ਪਰ ਸਕੂਲ ਦੇ ਬਿਲਕੁਲ ਨਾਲ ਹੋਣ ਕਾਰਨ ਇਨ੍ਹਾਂ ਦੀ ਸਾਫ਼-ਸਫ਼ਾਈ ਦਾ ਮਾਮਲਾ ਸਿੱਧੇ ਤੌਰ 'ਤੇ ਸਕੂਲੀ ਬੱਚਿਆਂ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ।
Publish Date: Fri, 20 Nov 2026 12:12 PM (IST)
Updated Date: Fri, 20 Nov 2026 12:16 PM (IST)
ਜਾਗਰਣ ਸੰਵਾਦਦਾਤਾ, ਬੁਢਲਾਡਾ। ਸ਼ਹਿਰ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸ਼ੁੱਕਰਵਾਰ ਨੂੰ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਕਲਾਸਾਂ ਵਿੱਚ ਪੜ੍ਹਾਈ ਕਰ ਰਹੇ ਬੱਚਿਆਂ ਦੇ ਸਾਹਮਣੇ ਅਚਾਨਕ ਸੱਪ ਨਿਕਲ ਆਇਆ। ਸੱਪ ਨੂੰ ਦੇਖਦਿਆਂ ਹੀ ਸਕੂਲ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਅਧਿਆਪਕਾਂ ਨੇ ਤੁਰੰਤ ਸਕੂਲ ਵਿੱਚ ਛੁੱਟੀ ਕਰ ਦਿੱਤੀ ਅਤੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਘਰ ਭੇਜ ਦਿੱਤਾ।
ਜਾਣਕਾਰੀ ਅਨੁਸਾਰ, ਸਕੂਲ ਕੈਂਪਸ ਵਿੱਚ ਸੱਪ ਨਿਕਲਣ ਤੋਂ ਬਾਅਦ ਉਸ ਨੂੰ ਬਾਹਰ ਕੱਢਣ ਲਈ ਕੁਝ ਸਪੇਰਿਆਂ ਨਾਲ ਸੰਪਰਕ ਕੀਤਾ ਗਿਆ। ਇਸੇ ਦੌਰਾਨ ਸੱਪ ਸਕੂਲ ਦੀਆਂ ਖਿੜਕੀਆਂ ਦੀਆਂ ਦਰਾਰਾਂ ’ਚ ਜਾ ਲੁਕਿਆ, ਜਿਸ ਕਾਰਨ ਉਸ ਨੂੰ ਬਾਹਰ ਕੱਢਣ ਵਿੱਚ ਪਰੇਸ਼ਾਨੀ ਆਉਣ ਲੱਗੀ। ਸੱਪ ਨੂੰ ਬਾਹਰ ਕੱਢਣ ਲਈ ਕੁਝ ਲੋਕਾਂ ਨੇ ਖਿੜਕੀਆਂ ਦੇ ਪੱਲੇ ਤੋੜ ਕੇ ਕੋਸ਼ਿਸ਼ ਵੀ ਕੀਤੀ।
ਨਿੱਜੀ ਪਲਾਟਾਂ ਵਿੱਚ ਸਫ਼ਾਈ ਦੀ ਘਾਟ ਬਣੀ ਚਿੰਤਾ
ਇਸ ਘਟਨਾ ਤੋਂ ਬਾਅਦ ਸਕੂਲ ਦੇ ਨਾਲ ਲੱਗਦੇ ਨਿੱਜੀ ਪਲਾਟਾਂ ਵਿੱਚ ਸਫ਼ਾਈ ਵਿਵਸਥਾ ਦਾ ਮੁੱਦਾ ਵੀ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪਲਾਟਾਂ ਵਿੱਚ ਗੰਦਗੀ ਅਤੇ ਸਫ਼ਾਈ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਸਕੂਲ ਦੇ ਆਸ-ਪਾਸ ਸੱਪਾਂ ਅਤੇ ਹੋਰ ਜੀਵ-ਜੰਤੂਆਂ ਦੇ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਹਾਲਾਂਕਿ ਇਹ ਪਲਾਟ ਨਿੱਜੀ ਮਾਲਕੀ ਵਾਲੇ ਹਨ ਪਰ ਸਕੂਲ ਦੇ ਬਿਲਕੁਲ ਨਾਲ ਹੋਣ ਕਾਰਨ ਇਨ੍ਹਾਂ ਦੀ ਸਾਫ਼-ਸਫ਼ਾਈ ਦਾ ਮਾਮਲਾ ਸਿੱਧੇ ਤੌਰ 'ਤੇ ਸਕੂਲੀ ਬੱਚਿਆਂ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ।
ਅਧਿਆਪਕਾਵਾਂ ਨੇ ਟਿੱਪਣੀ ਕਰਨ ਤੋਂ ਕੀਤਾ ਇਨਕਾਰ
ਘਟਨਾ ਦੇ ਸਬੰਧ ਵਿੱਚ ਜਦੋਂ ਅਧਿਆਪਕਾਵਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮਾਮਲੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਿਰਫ਼ ਇੰਨਾ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਤੁਰੰਤ ਛੁੱਟੀ ਕਰਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਸੀ।
ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲ
ਸਕੂਲ ’ਚ ਸੱਪ ਨਿਕਲਣ ਦੀ ਘਟਨਾ ਨੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਦੇਖਣਾ ਹੋਵੇਗਾ ਕਿ ਸਕੂਲ ਪ੍ਰਬੰਧਨ ਅਤੇ ਸਬੰਧਤ ਪ੍ਰਸ਼ਾਸਨ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ। ਕੀ ਸਕੂਲ ਦੇ ਆਸ-ਪਾਸ ਸਫ਼ਾਈ ਵਿਵਸਥਾ ਯਕੀਨੀ ਬਣਾਈ ਜਾਵੇਗੀ ਅਤੇ ਨਾਲ ਲੱਗਦੇ ਨਿੱਜੀ ਪਲਾਟਾਂ ਦੇ ਮਾਲਕਾਂ ਨੂੰ ਸਫ਼ਾਈ ਕਰਵਾਉਣ ਲਈ ਕਿਹਾ ਜਾਵੇਗਾ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।