ਬਜ਼ੁਰਗਾਂ ਲਈ ਲੋੜੀਂਦੇ ਸਹਾਇਕ ਉਪਕਰਨਾਂ ਦਾ ਰਜਿਸਟ੍ਰੇਸ਼ਨ ਕੈਂਪ ਲਗਾਇਆ ਬਿਗ ਹੋਪ ਫਾਊਂਡੇਸ਼ਨ ਬਰੇਟਾ, ਆਸਰਾ ਫਾਊਂਡੇਸ਼ਨ
Publish Date: Sun, 20 Sep 2026 07:08 PM (IST)
Updated Date: Mon, 21 Sep 2026 04:06 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਬਿਗ ਹੋਪ ਫਾਊਂਡੇਸ਼ਨ ਬਰੇਟਾ, ਆਸਰਾ ਫ਼ਾਊਂਡੇਸ਼ਨ ਬਰੇਟਾ ਅਤੇ ਵੁਆਇਸ ਆਫ਼ ਮਾਨਸਾ ਵੱਲੋਂ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਲੋੜੀਂਦੇ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪਿੰਡ ਅਕਲੀਆ ਵਿਖੇ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਸਮਾਜ ਦੇ ਲੋੜਵੰਦ ਅਤੇ ਬਜ਼ੁਰਗ ਵਰਗ ਨੂੰ ਸਹੂਲਤਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਰਾਲਾ ਸੀ। ਕੈਂਪ ਦੌਰਾਨ 250 ਤੋਂ ਵੱਧ ਲੋੜਵੰਦ ਵਿਅਕਤੀਆਂ ਨੇ ਆਪਣੇ ਨਾਮ ਦਰਜ ਕਰਵਾਏ। ਇਸ ਮੌਕੇ ਵੱਡੀ ਗਿਣਤੀ ਵਿੱਚ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੇ ਪਹੁੰਚ ਕੇ ਸਹਾਇਕ ਉਪਕਰਨਾਂ ਲਈ ਰਜਿਸਟ੍ਰੇਸ਼ਨ ਕਰਵਾਈ। ਕੈਂਪ ਵਿੱਚ ਵੱਖ-ਵੱਖ ਤਰ੍ਹਾਂ ਦੇ ਸਹਾਇਕ ਉਪਕਰਨਾਂ ਦੀ ਲੋੜ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਵੇਰਵਾ ਦਰਜ ਕੀਤਾ ਗਿਆ। ਕੈਂਪ ਦੇ ਪ੍ਰਬੰਧਕ ਮਨਿੰਦਰ ਸਿੰਗਲਾ ਨੇ ਦੱਸਿਆ ਕਿ ਕੈਂਪ ਦੌਰਾਨ ਵੀਲਚੇਅਰ, ਕਮੋਡ ਕੁਰਸੀ, ਤੁਰਨ ਵਾਲੀ ਸੋਟੀ, ਸਰਵਾਈਕਲ ਬੈਲਟ, ਬੈਠਣ ਵਾਲੀ ਛੜੀ ਅਤੇ ਹੋਰ ਲੋੜੀਂਦੇ ਸਹਾਇਕ ਉਪਕਰਨਾਂ ਲਈ ਰਜਿਸਟ੍ਰੇਸ਼ਨ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉਪਕਰਨਾਂ ਦਾ ਮਕਸਦ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਕੰਮ ਵਧੇਰੇ ਆਸਾਨੀ ਅਤੇ ਸਹੂਲਤ ਨਾਲ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਤੋਂ ਬਾਅਦ ਯੋਗ ਲਾਭਪਾਤਰੀਆਂ ਨੂੰ ਭਾਰਤ ਸਰਕਾਰ ਦੀ ਏ.ਡੀ.ਆਈ.ਪੀ. ਯੋਜਨਾ ਤਹਿਤ ਲੋੜ ਅਨੁਸਾਰ ਸਹਾਇਕ ਉਪਕਰਨ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਰਾਹੀਂ ਉਨ੍ਹਾਂ ਲੋਕਾਂ ਤੱਕ ਸਹੂਲਤਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੋ ਕਿਸੇ ਨਾ ਕਿਸੇ ਕਾਰਨ ਕਰਕੇ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਮੌਕੇ ਡਾ. ਜਨਕ ਰਾਜ ਸਿੰਗਲਾ, ਪ੍ਰਧਾਨ ਵੁਆਇਸ ਆਫ਼ ਮਾਨਸਾ ਨੇ ਕਿਹਾ ਕਿ ਸਮਾਜ ਦੀ ਸੇਵਾ ਕਰਨਾ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿੱਚ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਦੀਆਂ ਜ਼ਰੂਰਤਾਂ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਸਹਾਇਤਾ ਮੁਹੱਈਆ ਕਰਵਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।ਕੋਈ ਵੀ ਲੋੜਵੰਦ ਸਹਾਇਕ ਉਪਕਰਨ ਤੋਂ ਵਾਂਝਾ ਨਾ ਰਹੇ ਸੰਸਥਾ ਬਿਗ ਹੋਪ ਫਾਊਂਡੇਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਮਾਨਸਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਲੋੜਵੰਦ ਲੋਕਾਂ ਤੱਕ ਵੱਧ ਤੋਂ ਵੱਧ ਸਹੂਲਤਾਂ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਕੋਈ ਵੀ ਲੋੜਵੰਦ ਬਜ਼ੁਰਗ ਜਾਂ ਦਿਵਿਆਂਗ ਵਿਅਕਤੀ ਲੋੜੀਂਦੇ ਸਹਾਇਕ ਉਪਕਰਨ ਤੋਂ ਵਾਂਝਾ ਨਾ ਰਹੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਬਜ਼ੁਰਗਾਂ ਜਾਂ ਦਿਵਿਆਂਗ ਵਿਅਕਤੀਆਂ ਨੂੰ ਅਜਿਹੇ ਸਹਾਇਕ ਉਪਕਰਨਾਂ ਦੀ ਲੋੜ ਹੈ, ਉਹ ਸੰਸਥਾ ਨਾਲ ਸੰਪਰਕ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਵੀ ਲੋਕ ਭਲਾਈ ਲਈ ਇਸ ਤਰ੍ਹਾਂ ਦੇ ਹੋਰ ਕੈਂਪ ਲਗਾਏ ਜਾਣਗੇ। ਕੈਂਪ ਦੌਰਾਨ ਪਿੰਡ ਵਾਸੀਆਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਪ੍ਰਬੰਧਾਂ ਵਿੱਚ ਸਹਿਯੋਗ ਕਰਨ ਵਾਲਿਆਂ ਨੇ ਇਸ ਉਪਰਾਲੇ ਨੂੰ ਲੋੜਵੰਦ ਲੋਕਾਂ ਲਈ ਲਾਹੇਵੰਦ ਦੱਸਿਆ। ਇਸ ਮੌਕੇ ਜਸਵੀਰ ਸਿੰਘ ਕਾਕਾ ਸਰਪੰਚ, ਸਤਪਾਲ ਸਿੰਗਲਾ ਸਾਬਕਾ ਮੈਂਬਰ, ਜੱਗਾ ਸਿੰਘ ਮੈਂਬਰ, ਮਾਸਟਰ ਗੁਰਚਰਨ ਸਿੰਘ, ਜਥੇਦਾਰ ਬੂਟਾ ਸਿੰਘ, ਗੋਪਾਲ ਅਕਲੀਆ, ਗੁਰਦੀਪ ਅਕਲੀਆ, ਗੁਰਸੇਵਕ ਸਿੰਘ ਪੱਤਰਕਾਰ, ਉਮੀਦ ਸੇਵਾ ਸੁਸਾਇਟੀ ਦੇ ਸਮੂਹ ਮੈਂਬਰ, ਡਾ ਰਘਵੀਰ ਚੰਦ, ਸੱਤਪਾਲ ਸਿੰਘ, ਭੁਪਿੰਦਰ ਸਿੰਘ, ਬਲਰਾਜ ਸਿੰਘ, ਬਲਕਾਰ ਸਿੰਘ, ਮੇਲਾ ਸਿੰਘ ਬੁੱਧੂ ਕਾ, ਰੂਪ ਸਿੰਘ ਨੰਬਰਦਾਰ, ਚੰਦ ਸਿੰਘ ਬਹਾਲੇ ਕਾ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ।