ਨਸ਼ਿਆਂ ਵਿਰੁੱਧ ਲੜਾਈ ਜਾਂ ਅਫ਼ੀਮ ਦੀ ਹਮਾਇਤ? ਗੁਰਵਿੰਦਰ ਸਿੰਘ ਖੇੜੀ ਵਾਲਾ ਦੇ ਖਸਖਸ ਦੀ ਖੇਤੀ ਵਾਲੇ ਬਿਆਨ ’ਤੇ ਉੱਠੇ ਸਵਾਲ
ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਤੋਂ ਬਾਅਦ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲਗਾਏ ਗਏ ਧਰਨੇ ਦੌਰਾਨ ਖਸਖਸ ਦੀ ਖੇਤੀ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਗੁਰਵਿੰਦਰ ਸਿੰਘ ਖੇੜੀ ਵਾਲਾ ਬਾਬਾ ਚਰਚਾ ਵਿੱਚ ਆ ਗਏ ਹਨ।
Publish Date: Sun, 25 Oct 2026 10:17 AM (IST)
Updated Date: Sun, 25 Oct 2026 10:24 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਤੋਂ ਬਾਅਦ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲਗਾਏ ਗਏ ਧਰਨੇ ਦੌਰਾਨ ਖਸਖਸ ਦੀ ਖੇਤੀ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਗੁਰਵਿੰਦਰ ਸਿੰਘ ਖੇੜੀ ਵਾਲਾ ਬਾਬਾ ਚਰਚਾ ਵਿੱਚ ਆ ਗਏ ਹਨ। ਉਨ੍ਹਾਂ ਵੱਲੋਂ ਪੰਜਾਬ ਵਿੱਚ ਖਸਖਸ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਉਠਾਏ ਜਾਣ ਤੋਂ ਬਾਅਦ ਇਸ ਬਿਆਨ ਦੀ ਸਾਰਥਕਤਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ।
ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਪਰਵਿੰਦਰ ਸਿੰਘ ਝੋਟਾ ਲਗਾਤਾਰ ਨਸ਼ਿਆਂ ਵਿਰੁੱਧ ਲੜਦਾ ਰਿਹਾ ਸੀ ਅਤੇ ਹੁਣ ਉਸ ਦੇ ਇਨਸਾਫ਼ ਲਈ ਚੱਲ ਰਹੇ ਸੰਘਰਸ਼ ਦਾ ਮੁੱਖ ਮਕਸਦ ਵੀ ਨਸ਼ਿਆਂ ਦੇ ਖ਼ਾਤਮੇ ਨਾਲ ਜੁੜਿਆ ਹੋਇਆ ਹੈ। ਅਜਿਹੇ ਵਿੱਚ ਖਸਖਸ ਦੀ ਖੇਤੀ ਦੀ ਮੰਗ ਅਤੇ ਅਫ਼ੀਮ ਦੀ ਵਰਤੋਂ ਦੇ ਹੱਕ ਵਿੱਚ ਦਿੱਤੇ ਤਰਕ ਨੂੰ ਲੈ ਕੇ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧਰਨੇ ਵਿੱਚ ਪਹੁੰਚੇ ਸਨ ਤਾਂ ਉਸ ਸਮੇਂ ਗੁਰਵਿੰਦਰ ਸਿੰਘ ਖੇੜੀ ਵਾਲਾ ਬਾਬਾ ਨੇ ਸਟੇਜ ਤੋਂ ਪੰਜਾਬ ਵਿੱਚ ਖਸਖਸ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਰੱਖੀ ਸੀ। ਉਨ੍ਹਾਂ ਦਾ ਤਰਕ ਸੀ ਕਿ ਅੱਜਕੱਲ੍ਹ ਨੌਜਵਾਨ ਮੈਡੀਕਲ ਨਸ਼ਿਆਂ ਦੀ ਲਪੇਟ ਵਿੱਚ ਆ ਰਹੇ ਹਨ ਅਤੇ ਇਸ ਰੁਝਾਨ ਨੂੰ ਰੋਕਣ ਲਈ ਖਸਖਸ ਦੀ ਖੇਤੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਅਫ਼ੀਮ ਦੀ ਵਰਤੋਂ ਨਾਲ ਘਰ ਵਸ ਸਕਦੇ ਹਨ, ਜਦਕਿ ਮੈਡੀਕਲ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ।
ਇਸ ਬਿਆਨ ਤੋਂ ਬਾਅਦ ਖਸਖਸ ਦੀ ਖੇਤੀ ਅਤੇ ਅਫ਼ੀਮ ਦੀ ਵਰਤੋਂ ਨੂੰ ਨਸ਼ਿਆਂ ਦੀ ਸਮੱਸਿਆ ਦੇ ਹੱਲ ਵਜੋਂ ਪੇਸ਼ ਕਰਨ ਸਬੰਧੀ ਬਹਿਸ ਛਿੜ ਗਈ ਹੈ। ਸਵਾਲ ਇਹ ਵੀ ਉੱਠ ਰਿਹਾ ਹੈ ਕਿ ਨਸ਼ਿਆਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਅਜਿਹੀ ਮੰਗ ਰੱਖਣ ਨਾਲ ਸੰਘਰਸ਼ ਦੇ ਮੂਲ ਉਦੇਸ਼ ਬਾਰੇ ਲੋਕਾਂ ਵਿੱਚ ਕਿਹੋ ਜਿਹਾ ਸੁਨੇਹਾ ਜਾਂਦਾ ਹੈ।