ਖੇਤ 'ਚ ਪਸੀਨਾ ਵਹਾਉਂਦਾ ਕਿਸਾਨ-ਮਜ਼ਦੂਰ ਖ਼ੈਰਾਤ ਨਹੀਂ, ਆਪਣਾ ਹੱਕ ਮੰਗਦੈ : ਲੱਖੋਵਾਲ ਪੰਜਾਬ ਦੇ ਹਕੀਕੀ ਤੇ ਗੰਭੀਰ ਮੁੱਦਿਆਂ
Publish Date: Sun, 20 Sep 2026 05:52 PM (IST)
Updated Date: Mon, 21 Sep 2026 04:06 AM (IST)
ਕਰਜ਼ੇ ਚ ਡੁੱਬੀ ਸਰਕਾਰ ਦਿੰਦੀ ਪਈ ਮੁਫ਼ਤ ਦੀਆਂ ਰਿਉੜੀਆਂ , ਪੰਜਾਬੀਆਂ ਨੂੰ ਮੰਗਤੇ ਬਣਾਉਣ ਦੀਆਂ ਰਾਜਸੀ ਸਾਜ਼ਿਸ਼ਾਂ ਨੰਗੀਆਂ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਦੇ ਹਕੀਕੀ ਤੇ ਗੰਭੀਰ ਮੁੱਦਿਆਂ ਤੇ ਨਿਰੰਤਰ ਸੰਘਰਸ਼ਰਤ ਜਥੇਬੰਦੀ ਪਿੰਡ ਬਚਾਓ - ਪੰਜਾਬ ਬਚਾਓ’ ਵੱਲੋਂ ਇੱਥੋਂ ਦੇ ਮਹਾਰਾਜਾ ਅਗਰਸੈਨ ਭਵਨ ਵਿੱਚ ‘ਪੰਜਾਬ ਦੇ ਆਰਥਿਕ ਤੇ ਸਿਆਸੀ ਹਾਲਾਤ ਦੇ ਗੰਭੀਰ ਸੰਦਰਭ ਵਿੱਚ ਕਲਿਆਣਕਾਰੀ ਰਾਜ ਤੇ ਖ਼ੈਰਾਤ ਵਿਚਲਾ ਫ਼ਰਕ’ ਵਿਸ਼ੇ ਤੇ ਇੱਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਵਿਚਾਰ ਸਮਾਗਮ ਦਾ ਕਰਵਾਇਆ। ਆਸ-ਪਾਸ ਦੇ ਪਿੰਡਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਚੇਤਨ ਲੋਕਾਂ ਦੀ ਭਰਵੀਂ ਹਾਜ਼ਰੀ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਹੁਣ ਸਿਆਸੀ ਪਾਰਟੀਆਂ ਦੀਆਂ ਮੁਫ਼ਤ ਦੀਆਂ ਰਿਉੜੀਆਂ ਤੋਂ ਅੱਕ ਚੁੱਕੇ ਹਨ ਅਤੇ ਆਪਣੇ ਬੁਨਿਆਦੀ ਹੱਕਾਂ ਲਈ ਲਾਮਬੰਦ ਹੋ ਰਹੇ ਹਨ। ਸੈਮੀਨਾਰ ਦੌਰਾਨ ਸਮਾਜ ਸੇਵੀ ਤੇ ਪੰਜਾਬ ਚਿੰਤਕ ਡਾ. ਪਿਆਰੇ ਲਾਲ ਗਰਗ ਨੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਲੋਕ ਭਲਾਈ ਸਕੀਮਾਂ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਲੋੜਵੰਦ ਪਰਿਵਾਰਾਂ ਨੂੰ ਹੀ ਹੋਣਾ ਚਾਹੀਦਾ ਹੈ। ਜੋ ਲੋਕ ਅਮੀਰਾਂ ਨੂੰ ਵੀ ਇਸ ਲਾਈਨ ਵਿੱਚ ਖੜ੍ਹਾ ਕਰਕੇ ਇਸ ਨੂੰ ਉਨ੍ਹਾਂ ਦਾ ਅਧਿਕਾਰ ਦੱਸਦੇ ਹਨ, ਉਹ ਜਨਤਾ ਨਾਲ ਬਹੁਤ ਵੱਡਾ ਧੋਖਾ ਕਰ ਰਹੇ ਹਨ। ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦੀ ਦਰਦਨਾਕ ਮੌਤ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਦੇ ਪੁਖ਼ਤਾ ਪ੍ਰਬੰਧ ਹੁੰਦੇ ਤਾਂ ਗੁਲਜ਼ਾਰ ਸਿੰਘ ਦੀ ਜਾਨ ਬਚ ਸਕਦੀ ਸੀ। ਸਰਕਾਰ ਤੇ ਵਿਅੰਗ ਕੱਸਦਿਆਂ ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ ਦੇਣ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਬਿਜਲੀ ਦੀ ਸਪਲਾਈ ਗਾਇਬ ਹੈ। ਰਿਉੜੀਆਂ ਵੰਡ ਕੇ ਸਿਰਫ਼ ਚੋਣਾਂ ਜਿੱਤਣ ਦੀਆਂ ਰਣਨੀਤੀਆਂ ਬਣਦੀਆਂ ਹਨ, ਲੋਕ ਭਲਾਈ ਜ਼ੀਰੋ ਹੈ। ਉਨ੍ਹਾਂ ਅਪੀਲ ਕੀਤੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਅਜਿਹਾ ਮੈਨੀਫ਼ੈਸਟੋ ਤਿਆਰ ਕੀਤਾ ਜਾਵੇ ਜੋ ਪੰਜਾਬ ਦੇ ਲੋਕਾਂ ਦਾ ਆਪਣਾ ਏਜੰਡਾ ਹੋਵੇ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਅਤੇ ਸੋਸ਼ਲਿਸਟ ਪਾਰਟੀ ਇੰਡੀਆ ਦੇ ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਖੇਤਾਂ ਵਿੱਚ ਦਿਨ-ਰਾਤ ਪਸੀਨਾ ਵਹਾਉਣ ਵਾਲਾ ਕਿਸਾਨ ਤੇ ਮਜ਼ਦੂਰ ਸਰਕਾਰਾਂ ਤੋਂ ਖ਼ੈਰਾਤ ਨਹੀਂ, ਸਗੋਂ ਆਪਣਾ ਬਣਦਾ ਹੱਕ ਮੰਗਦਾ ਹੈ। 1000-1500 ਰੁਪਏ ਵਾਲੀਆਂ ਮੁਫ਼ਤ ਸਕੀਮਾਂ ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਸਕੀਮਾਂ ਮਸਲੇ ਦਾ ਹੱਲ ਨਹੀਂ, ਸਗੋਂ ਪੰਜਾਬ ਨੂੰ ਆਰਥਿਕ ਤਬਾਹੀ ਵੱਲ ਧੱਕ ਰਹੀਆਂ ਹਨ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਬਰਾਬਰੀ ਦੇ ਸਿਧਾਂਤ ਤੇ ਗੱਲ ਕਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੇ ਘਰ ਦੀ ਰੋਟੀ ਖਾ ਕੇ ਸਰਬਤ ਦੇ ਭਲੇ ਅਤੇ ਬਰਾਬਰੀ ਦਾ ਮਾਰਗ ਦਿਖਾਇਆ ਸੀ। ਦੇਸ਼ ਦੇ ਬਜਟ ਤੇ ਬੋਲਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਜਿਸ ਖੇਤੀਬਾੜੀ ਸੈਕਟਰ ਤੇ ਦੇਸ਼ ਦੀ 49 ਫੀਸਦ ਆਬਾਦੀ ਨਿਰਭਰ ਹੈ, ਉਸ ਲਈ ਕੁੱਲ ਬਜਟ ਦਾ ਸਿਰਫ਼ 2.8 ਫੀਸਦ ਹੀ ਰੱਖਿਆ ਜਾਂਦਾ ਹੈ। ਰੋਹਿਤ ਬੈਂਬੂਲਾ ਦੇ ਸੁਸਾਈਡ ਨੋਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਸਿਰਫ਼ ਵੋਟਰ ਤੱਕ ਸੀਮਤ ਕਰ ਕੇ ਰੱਖ ਦਿੱਤਾ ਗਿਆ ਹੈ। ਕਾਂਗਰਸ ਦੇ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਤੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਮਜ਼ਦੂਰੀ ਕਰਕੇ ਉਨ੍ਹਾਂ ਨੂੰ ਪੜ੍ਹਾਇਆ ਸੀ। ਉਹ ਨਰੇਗਾ ਕਾਨੂੰਨ ਵਾਲੀ ਕਮੇਟੀ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਜ਼ੋਰ ਦੇ ਕੇ ਐਕਟ ਵਿੱਚ ਲਿਖਵਾਇਆ ਸੀ ਕਿ ਮਗਨਰੇਗਾ ਲਈ ਬਜਟ ਦੀ ਕੋਈ ਲਿਮਟ ਨਹੀਂ ਹੋਵੇਗੀ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਮਗਨਰੇਗਾ ਕਾਨੂੰਨ ਨੂੰ ਬਿਨਾਂ ਕਿਸੇ ਬਦਲਾਅ ਦੇ ਦੁਬਾਰਾ ਲਾਗੂ ਕੀਤਾ ਜਾਵੇਗਾ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਪੰਜਾਬੀਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਿਆਸੀ ਪਾਰਟੀਆਂ ਨੂੰ ਜਵਾਬਦੇਹ ਬਣਾਉਣ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਸੋਸ਼ਲਿਸਟ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ, ਸੀਪੀਆਈ ਦੇ ਕ੍ਰਿਸ਼ਨ ਚੌਹਾਨ, ਕਰਨੈਲ ਸਿੰਘ ਜਖੇਪਲ, ਐਡਵੋਕੇਟ ਵਿਜੇ ਸਿੰਗਲਾ, ਕਿਰਨਜੀਤ ਸਿੰਘ ਗਹਿਰੀ, ਅਬਦੁਲ ਸ਼ਕੂਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਮੌਕੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸੁਖਵਿੰਦਰ ਔਲਖ, ਬਲਰਾਜ ਨੰਗਲ, ਬਿੱਕਰਜੀਤ ਸਾਧੂਵਾਲਾ, ਅਮਨ ਸਿੰਗਲਾ ਢੈਪਈ, ਡਾ ਜਨਕ ਰਾਜ ਵੀ ਹਾਜ਼ਰ ਸਨ। ਮਾਸਟਰ ਖੇਤਾ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਮੁਫ਼ਤ ਦੀਆਂ ਰਿਉੜੀਆਂ ਛੱਡ ਕੇ ਸਵੈਮਾਣ ਦੀ ਰਾਖੀ ਕਰਨੀ ਚਾਹੀਦੀ ਹੈ। ਸੈਮੀਨਾਰ ਦੌਰਾਨ ਮਾਲਵਾ ਹਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਰਾਜਸੀ ਪਾਰਟੀਆਂ ਦੀਆਂ ਮੁਫ਼ਤ ਦੀਆਂ ਸਕੀਮਾਂ ਤੇ ਤੰਜ ਕੱਸਦੀ ਹੋਈ ਇੱਕ ਬੇਹਤਰੀਨ ਕਵੀਸ਼ਰੀ ਪੇਸ਼ ਕੀਤੀ। ਇਸ ਦੇ ਨਾਲ ਹੀ ਅਕਲੀਆ ਜੀ ਅਤੇ ਦਰਸ਼ਨ ਸਿੰਘ ਧਨੇਠਾ ਨੇ ਆਪਣੇ ਸੰਘਰਸ਼ਮਈ ਗੀਤਾਂ ਰਾਹੀਂ ਲੋਕਾਂ ਨੂੰ ਪੰਜਾਬ ਦੇ ਮੌਜੂਦਾ ਆਰਥਿਕ ਤੇ ਸਿਆਸੀ ਹਾਲਾਤ ਤੋਂ ਲੈਅਬੱਦ ਤਰੀਕੇ ਨਾਲ ਜਾਣੂ ਕਰਵਾਇਆ।