ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ’ਚ ਮਾਨਸਾ ਦੀ ਧੀ ਕ੍ਰੀਮੀ ਗਰਗ ਨੇ ਬਾਜ਼ੀ ਮਾਰ ਭਰੀ ਸੁਪਨਿਆਂ ਦੀ ਉਡਾਣ ਜ਼ਿਲ੍ਹਾ ਮਾਨਸਾ ਦੀ ਇੱਕ ਹੋਣਹਾਰ ਧੀ ਨੇ
Publish Date: Sat, 10 Oct 2026 04:26 PM (IST)
Updated Date: Sat, 10 Oct 2026 04:29 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ਦੇ ਆਏ ਨਤੀਜਿਆਂ ‘ਚ ਮਾਨਸਾ ਜ਼ਿਲ੍ਹੇ ਦੀ ਧੀ ਕ੍ਰੀਮੀ ਗਰਗ ਨੇ ਪ੍ਰੀਖਿਆ ਵਿਚ ਚੌਥਾ ਰੈਂਕ ਹਾਸਲ ਕਰਕੇ ਸੁਪਨਿਆਂ ਦੀ ਉਡਾਣ ਭਰੀ ਹੈ। ਇਸ ਨਾਲ ਪੂਰੇ ਮਾਨਸਾ ਜ਼ਿਲ੍ਹੇ ’ਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਕ੍ਰੀਮੀ ਗਰਗ ਦੀ ਇਸ ਪ੍ਰਾਪਤੀ ’ਤੇ ਉਸ ਨੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਕ੍ਰੀਮੀ ਗਰਗ ਹੁਣ ਹਰਿਆਣਾ ’ਚ ਬਤੌਰ ਐਸਡੀਐਮ ਆਪਣੀਆਂ ਸੇਵਾਵਾਂ ਦੇਵਗੀ, ਜਦਕਿ ਉਸ ਦਾ ਟੀਚਾ ਆਈਏਐਸ ਅਫ਼ਸਰ ਬਣਨਾ ਹੈ। ਕ੍ਰੀਮੀ ਗਰਗ ਨੇ ਦੱਸਿਆ ਕਿ ਉਹ ਚਾਰ-ਚਾਰ ਘੰਟੇ ਕਮਰੇ ਵਿਚ ਬੰਦ ਰਹਿ ਕੇ ਪੜ੍ਹਾਈ ਕਰਦੀ ਸੀ ਅਤੇ ਆਪਣਾ ਪੂਰਾ ਧਿਆਨ ਪ੍ਰੀਖਿਆ ਦੀ ਤਿਆਰੀ ਵੱਲ ਕੇਂਦਰਿਤ ਰੱਖਦੀ ਸੀ। ਕ੍ਰੀਮੀ ਗਰਗ ਨੇ ਅੱਗੇ ਕਿਹਾ ਕਿ ਉਹ ਆਪਣੀ ਇਸ ਪ੍ਰਾਪਤੀ ਨਾਲ ਸੰਤੁਸ਼ਟ ਹੋ ਕੇ ਰੁਕਣਾ ਨਹੀਂ ਚਾਹੁੰਦੀ, ਸਗੋਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮਿਹਨਤ ਕਰਕੇ ਉੱਚੇ ਮੁਕਾਮ ਹਾਸਲ ਕਰਨ ਲਈ ਯਤਨਸ਼ੀਲ ਰਹੇਗੀ। ਉਸ ਨੇ ਖੁਦ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਦੇ ਹੋਏ ਇਹ ਟੀਚਾ ਪ੍ਰਾਪਤ ਕੀਤਾ। ਉਸ ਨੇ ਦੱਸਿਆ ਕਿ ਮੁੱਢਲੀ ਪੜ੍ਹਾਈ ਡੀਏ ਵੀ ਸਕੂਲ ਤੋਂ ਕੀਤੀ ਹੈ। ਬਾਰ੍ਹਵੀਂ ਦੀ ਸਿੱਖਿਆ ਉਸ ਨੇ ਐਸਡੀ ਕਾਲਜ ਚੰਡੀਗੜ੍ਹ ਤੋਂ ਕੀਤੀ ਤੇ ਬੀਏ ਅਰਥ ਸਾਸ਼ਤਰ ਦੀ ਸਿੱਖਿਆ ਦਿੱਲੀ ਯੂਨੀਵਰਸਿਟੀ ਦੇ ਹੰਸ ਰਾਜ ਕਾਲਜ ਤੋਂ ਪੂਰੀ ਕਰਨ ਬਾਅਦ ਆਪਣੇ ਘਰ ‘ਚ ਹੀ ਤਿਆਰੀ ਕਰਕੇ ਕੀਤੀ। ਕ੍ਰੀਮੀ ਗਰਗ ਦੀ ਇਹ ਪ੍ਰਾਪਤੀ ਉਨ੍ਹਾਂ ਸਾਰੇ ਵਿਦਿਆਰਥੀਆਂ ਤੇ ਖ਼ਾਸ ਕਰਕੇ ਧੀਆਂ ਲਈ ਪ੍ਰੇਰਨਾ ਹੈ। ਕ੍ਰੀਮੀ ਗਰਗ ਦਾ ਆਖਣਾ ਹੈ ਕਿ ਉਸ ਦਾ ਪਹਿਲਾ ਟੀਚਾ ਬਤੌਰ ਅਫ਼ਸਰ ਨਿਰਪੱਖ ਹੋ ਕੇ ਲੋਕਾਂ ਨੂੰ ਇਨਸਾਫ਼ ਦੇਣਾ ਹੋਵੇਗਾ। ਕ੍ਰੀਮੀ ਗਰਗ ਦੇ ਦਾਦਾ ਸਤਪਾਲ ਅਕਲੀਆ ਵਾਲੇ ਵੀ ਪੋਤੀ ਦੇ ਇਸ ਤਰ੍ਹਾਂ ਪ੍ਰੀਖਿਆ ਵਿਚ ਬਾਜ਼ੀ ਮਾਰਨ ’ਤੇ ਫੂਲੇ ਨਹੀਂ ਸਮਾ ਰਹੇ। ਸ਼ਹਿਰ ਦੇ ਵਾਰਡ-10 ਦੇ ਸ਼ਕਤੀ ਨਗਰ ਵਾਸੀ ਕ੍ਰੀਮੀ ਗਰਗ ਦੇ ਕਾਰੋਬਾਰੀ ਪਿਤਾ ਰਾਜ ਕੁਮਾਰ ਅਤੇ ਹਾਊਸ ਵਾਈਫ਼ ਮਾਤਾ ਆਸ਼ਾ ਰਾਣੀ ਨੇ ਦੱਸਿਆ ਕਿ ਕ੍ਰੀਮੀ ਤੋਂ ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਪੜ੍ਹਾਈ ਕਰਦੇ ਸਮੇਂ ਕੋਈ ਕੰਮ ਨਹੀਂ ਲਿਆ ਜਾਂਦਾ ਸੀ। ਜਿਸ ਦਿਨ ਇਹ ਰਿਜ਼ਲਟ ਨੈੱਟ ’ਤੇ ਆਇਆ ਉਸ ਦਿਨ ਕ੍ਰੀਮੀ ਜਿੰਮ ਗਈ ਹੋਈ ਸੀ। ਕ੍ਰੀਮੀ ਗਰਗ ਦੇ ਚਾਚਾ ਸਮਾਜ ਸੇਵੀ ਸੁਰੇਸ਼ ਕਰੋੜੀ ਨੇ ਵੀ ਕਿਹਾ ਕਿ ਉਸ ਦੀ ਪੜ੍ਹਨ ਵਿਚ ਦਿਲਚਸਪੀ ਜ਼ਿਆਦਾ ਸੀ ਅਤੇ ਪੜ੍ਹਦੀ ਹੀ ਰਹਿੰਦੀ ਸੀ। ਕ੍ਰੀਮੀ ਦੇ ਗਰਗ ਦੀ ਇਸ ਕਾਮਯਾਬੀ ’ਤੇ ਵਿਧਾਇਕ ਡਾ. ਵਿਜੇ ਸਿੰਗਲਾ, ਵਾਰਡ ਕੌਂਸਲਰ ਅਤੇ ਨਗਰ ਕੌਂਸਲ ਪ੍ਰਧਾਨ ਭੂਸ਼ਣ ਮੱਤੀ ਨੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਬੱਚੇ ਸਮੇਂ ਦੇ ਹੋਰਨਾਂ ਬੱਚਿਆਂ ਲਈ ਪ੍ਰੇਰਣਾ ਸਰੋਤ ਬਣਦੇ ਹਨ।