ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਅਧੀਨ ਮਾਨਸਾ ਜ਼ਿਲ੍ਹੇ ਦੇ 9815 ਗੈਰ-ਸਾਖਰਾਂ ਨੇ ਦਿੱਤੀ ਪ੍ਰੀਖਿਆ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ
Publish Date: Sun, 27 Sep 2026 04:35 PM (IST)
Updated Date: Sun, 27 Sep 2026 04:36 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਜ਼ਿਲ੍ਹਾ ਮਾਨਸਾ ਵੱਲੋਂ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਹੇਠ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਤਹਿਤ ਜ਼ਿਲ੍ਹੇ ਭਰ ਦੇ 228 ਪ੍ਰੀਖਿਆ ਕੇਂਦਰਾਂ ਵਿਚ 9815 ਗੈਰ-ਸਾਖਰਾਂ ਦਾ ਸਫ਼ਲਤਾਪੂਰਵਕ ਇਮਤਿਹਾਨ ਕਰਵਾਇਆ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਮਗਿੰਦਰਜੀਤ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ’ਚੋਂ ਗੈਰ-ਸਾਖਰਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਤੇ 20 ਸਤੰਬਰ ਨੂੰ ਜਿਲੇ ਦੀਆਂ ਵੱਖ- ਵੱਖ ਥਾਵਾਂ ਤੇ ਬਣਾਏ ਗਏ 228 ਕੇਂਦਰਾਂ ’ਚ ਪ੍ਰੀਖਿਆ ਦਾ ਸੁਚਾਰੂ ਸੰਚਾਲਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਮਾਨਸਾ, ਝੁਨੀਰ, ਸਰਦੂਲਗੜ੍ਹ, ਬਰੇਟਾ ਅਤੇ ਬੁਢਲਾਡਾ ਬਲਾਕਾਂ ਲਈ ਡਾਇਟ ਵੱਲੋਂ ਨੋਡਲ ਅਧਿਕਾਰੀ ਲਗਾਏ ਗਏ। ਇਹਨਾਂ ਨੋਡਲ ਅਧਿਕਾਰੀਆਂ ਦੁਆਰਾ ਆਪਣੇ ਆਪਣੇ ਬਲਾਕਾਂ ’ਚ ਗੈਰ-ਸਾਖਰਾਂ ਦੀ ਰਜਿਸਟਰੇਸ਼ਨ ਕਰਨ, ਪ੍ਰਸ਼ਨ ਪੱਤਰ-ਕਮ-ਉੱਤਰ ਪੁਸਤਕਾਂ ਦੀ ਵੰਡ, ਪ੍ਰੀਖਿਆ ਕੇਂਦਰਾਂ ਦੀ ਨਿਗਰਾਨੀ, ਡਾਟਾ ਆਨਲਾਈਨ ਕਰਨ ਵਿੱਚ ਵੱਖ-ਵੱਖ ਅਦਾਰਿਆਂ ਨੂੰ ਲੋੜੀਂਦੀ ਮਦਦ ਮੁਹੱਈਆ ਕਰਵਾਈ ਗਈ। ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਦੇਸ਼ ਦੇ ਪੂਰਨ ਤੌਰ ਤੇ ਸਿੱਖਿਅਤ ਹੋਣ ਨਾਲ ਹੀ ਸਿੱਖਿਅਤ ਭਾਰਤ, ਸਸ਼ਕਤ ਭਾਰਤ ਦਾ ਸੁਪਨਾ ਸਾਕਾਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਤੋਂ ਬਾਅਦ ਸਾਰੇ ਗੈਰ-ਸਾਖਰਾਂ ਦੇ ਪੇਪਰਾਂ ਦੇ ਅੰਕ ਆਨਲਾਈਨ ਦਰਜ ਕਰਕੇ 9,815 ਪ੍ਰੀਖਿਆਰਥੀਆਂ ਦਾ ਰਿਕਾਰਡ ਮੁੱਖ ਦਫ਼ਤਰ, ਪੰਜਾਬ ਨੂੰ ਭੇਜ ਦਿੱਤਾ ਗਿਆ ਹੈ। ਪ੍ਰਿੰਸੀਪਲ ਸੇਖੋਂ ਨੇ ਇਸ ਰਾਸ਼ਟਰੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਆਪਣੇ ਸਟਾਫ਼, ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ, ਸਹਿਯੋਗੀ ਵਿਦਿਆਰਥੀਆਂ ਤੇ ਵਲੰਟੀਅਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਡਾਇਟ ਸਟਾਫ ’ਚੋਂ ਡਾ. ਅੰਗਰੇਜ਼ ਸਿੰਘ ਵਿਰਕ, ਲੈਕਚਰਾਰ ਸਰੋਜ ਸਿੰਗਲਾ, ਬਲਵਿੰਦਰ ਸਿੰਘ ਬਾਘਾ, ਪਰਸ਼ੋਤਮ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਗਲਾ, ਡਾ. ਗੁਰਪ੍ਰੀਤ ਕੌਰ, ਹਰਵਿੰਦਰ ਕੌਰ, ਜਸਪਾਲ ਕੌਰ ਤੇ ਕੇਤਨ ਕੁਮਾਰ ਹਾਜ਼ਰ ਸਨ।