ਸਾਮਰਾਜ ਵਿਰੋਧੀ ਦਿਵਸ ਦੇ ਤੌਰ ’ਤੇ ਮਨਾਇਆ ਸ਼ਹੀਦੀ ਦਿਹਾੜਾ
ਸਰਦੂਲਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚਾ
Publish Date: Mon, 23 Mar 2026 06:11 PM (IST)
Updated Date: Tue, 24 Mar 2026 04:05 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੇ ਸੰਯੁਕਤ ਕਿਸਾਨ ਮੋਰਚਾ ਤੇ ਵਪਾਰਕ ਜੱਥੇਬੰਦੀਆਂ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਾਮਰਾਜ ਵਿਰੋਧੀ ਦਿਵਸ ਦੇ ਤੌਰ ’ਤੇ ਮਨਾਇਆ। ਜੱਥੇਬੰਦੀਆਂ ਵੱਲੋਂ ਦਾਣਾ ਮੰਡੀ ਸਥਿਤ ਸ਼੍ਰੀ ਹਨੂੰਮਾਨ ਮੰਦਰ ਨੇੜੇ ਇਕੱਠੇ ਹੋ ਕੇ ਸ਼ਹਿਰ ਵਿਚ ਮਾਰਚ ਕੱਢਿਆ ਗਿਆ। ਇਹ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਰੋੜਕੀ ਰੋਡ ਸਥਿਤ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਪਹੁੰਚਿਆ। ਮਾਰਚ ਦੌਰਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਤੇ ਸਾਮਰਾਜੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਮੁਜ਼ਾਹਰੇ ਵਿੱਚ ਸ਼ਾਮਲ ਇੱਕਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਅਮਰੀਕਾ ਵੱਲੋਂ ਭਾਰਤ ਸਮੇਤ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਦੇ ਊਰਜਾ ਸਰੋਤਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਲੁੱਟਣਾ ਚਾਹੁੰਦਾ ਹੈ, ਜਿਸ ਦੀ ਤਾਜ਼ਾ ਮਿਸਾਲ ਵੈਨਜ਼ੂਏਲਾ, ਫ਼ਲਸਤੀਨ, ਈਰਾਨ ਸਾਡੇ ਸਾਹਮਣੇ ਹੈ। ਅੱਜ ਅਮਰੀਕਾ ਤੇ ਉਸਦੇ ਜੋਟੀਦਾਰਾਂ ਵੱਲੋਂ ਸਮੁੱਚੇ ਸੰਸਾਰ ਨੂੰ ਜੰਗ ਦੀ ਭੇਟ ਚਾੜ੍ਹਿਆ ਹੋਇਆ ਹੈ। ਇਜ਼ਰਾਈਲ ਤੇ ਅਮਰੀਕਾ ਨਾਲ ਮੋਦੀ ਸਰਕਾਰ ਵੱਲੋਂ ਕੀਤੇ ਗਏ ਫ੍ਰੀ ਟਰੇਡ ਐਗਰੀਮੈਂਟ ਨਾਲ ਸਾਡੇ ਖੇਤੀ ਸੈਕਟਰ, ਡੇਅਰੀ ਫ਼ਾਰਮਿੰਗ, ਮੱਛਲੀ ਫ਼ਾਰਮਿੰਗ, ਸਮਾਲ ਸਕੇਲ ਇੰਡਸਟਰੀਜ਼ ਨੂੰ ਤਬਾਹੀ ਕੰਢੇ ਖੜ੍ਹਾ ਕਰ ਦਿੱਤਾ ਹੈ। ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਨਾਲ ਪੇਂਡੂ ਖ਼ੇਤਰ ਦੇ ਮਜ਼ਦੂਰਾਂ ਨੂੰ ਭੁਖਮਰੀ ਵੱਲ ਧੱਕ ਦਿੱਤਾ ਹੈ। ਇਸ ਲਈ ਭਗਤ ਸਿੰਘ ਦਾ ਸਾਮਰਾਜ ਮੁਰਦਾਬਾਦ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਅੱਜ ਵੀ ਸਾਰਥਕ ਹੈ। ਇਸ ਰੈਲੀ ਨੂੰ ਕਾਮਰੇਡ ਲਾਲ ਚੰਦ ਸੀਟੀਯੂ, ਆਤਮਾ ਰਾਮ ਦਿਹਾਤੀ ਮਜ਼ਦੂਰ ਸਭਾ, ਦਰਸ਼ਨ ਸਿੰਘ ਜਟਾਣਾ, ਤੋਤਾ ਸਿੰਘ ਬੀਕੇਯੂ ਲੱਖੋਵਾਲ, ਜੁਗਰਾਜ ਸਿੰਘ ਹੀਰਕੇ ਕੁਲ ਹਿੰਦ ਕਿਸਾਨ ਸਭਾ, ਜਗਦੇਵ ਸਿੰਘ, ਬਿੱਕਰ ਸਿੰਘ ਦਾਨੇਵਾਲਾ ਪੀਕੇਯੂ, ਮਿੱਠੂ ਸਿੰਘ, ਨੈਬ ਸਿੰਘ ਚੋਟੀਆਂ ਬੀਕੇਯੂ ਡਕੌਂਦਾ ਬੁਰਜ ਗਿੱਲ, ਰਛਪਾਲ ਸਿੰਘ ਨਾਹਰਾਂ, ਗੁਰਦੇਵ ਸਿੰਘ ਲੋਹਗੜ੍ਹ ਜ਼ਮਹੂਰੀ ਕਿਸਾਨ ਸਭਾ, ਗੁਰਪਿਆਰ ਸਿੰਘ ਖੇਤ ਮਜ਼ਦੂਰ ਸਭਾ ਸੱਤਪਾਲ ਚੋਪੜਾ ਏਟਕ, ਗੁਰਪ੍ਰੀਤ ਸਿੰਘ ,ਮਨਪ੍ਰੀਤ ਸਿੰਘ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਡਾਕਟਰ ਰਾਜ ਸਿੰਘ ਝੰਡੂਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਡਾ. ਬਿਕੱਰਜੀਤ ਸਿੰਘ ਸਾਧੂ ਵਾਲਾ ਨੇ ਵੀ ਸੰਬੋਧਨ ਕੀਤਾ।