ਪ੍ਰਿੰਸੀਪਲਾਂ ਦੀਆਂ 60 ਫੀਸਦੀ ਅਸਾਮੀਆਂ ਖਾਲੀ ਇੱਕ ਵਾਰ ਫੇਰ ਪੰਜਾਬ ਸਰਕਾਰ ਅਖੌਤੀ
Publish Date: Mon, 26 Oct 2026 05:40 PM (IST)
Updated Date: Mon, 26 Oct 2026 05:43 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਇਕ ਵਾਰ ਫ਼ਿਰ ਪੰਜਾਬ ਸਰਕਾਰ ਅਖੌਤੀ ਸਿੱਖਿਆ ਕ੍ਰਾਂਤੀ ਦਾ ਢੋਲ ਵਜਾਉਣ ਦੀ ਤਿਆਰੀ ਕਰ ਰਹੀ ਹੈ। 27 ਅਕਤੂਬਰ ਤੋਂ 3 ਨਵੰਬਰ ਤੱਕ ਸਕੂਲਾਂ ਵਿਚ ਆਪਣੇ ਰਾਜਨੀਤਕ ਮਨਸੂਬੇ ਪੂਰ੍ਹੇ ਕਰਨ ਲਈ ਸਿੱਖਿਆ ਕ੍ਰਾਂਤੀ ਦਾ ਡਰਾਮਾ ਕਰ ਰਹੀ ਹੈ, ਪਰ ਸਰਕਾਰ ਦੀ ਇਸ ਅਖੌਤੀ ਸਿਖਿਆ ਕ੍ਰਾਂਤੀ ਦੀ ਫੂਕ ਸਕੂਲਾਂ ਵਿਚ ਖਾਲੀ ਪਈਆਂ ਹਜ਼ਾਰਾਂ ਪੋਸਟਾਂ ਕੱਢ ਰਹੀਆਂ ਹਨ। ਅਧਿਆਪਕਾਂ ਦੀ ਨੁਮਾਇੰਦਾ ਜੱਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਰੇਸ਼ਮ ਸਿੰਘ ਬਠਿੰਡਾ ਦੀ ਅਗਵਾਈ ਵਿਚ ਡੀਟੀਐੱਫ਼ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਹਰਜਿੰਦਰ ਅਨੂਪਗੜ੍ਹ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬੇ ਦੇ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ 1927 ਵਿਚੋਂ 1153 ਪੋਸਟਾਂ ਖਾਲੀ ਪਈਆਂ ਹਨ, ਜਿਸ ਦੀ ਪ੍ਰਤੀਸ਼ਤਤਾ 60 ਫ਼ੀਸਦੀ ਬਣਦੀ ਹੈ। ਮਾਨਸਾ ਤੇ ਨਵਾਂ ਸ਼ਹਿਰ ਵਿਚ 80 ਫ਼ੀਸਦੀ ਸਕੂਲ ਬਿਨ੍ਹਾਂ ਪ੍ਰਿੰਸੀਪਲਾਂ ਤੋਂ ਚੱਲ ਰਹੇ ਹਨ, ਮੋਗਾ ਬਰਨਾਲਾ ਤੇ ਤਰਨਤਾਰਨ ਵਿਚ 75 ਫ਼ੀਸਦੀ ਤੋਂ ਵੱਧ ਸਕੂਲਾਂ ਵਿਚ ਪ੍ਰਿੰਸੀਪਲ ਨਹੀਂ ਹਨ। ਡੀਟੀਐੱਫ਼ ਦੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਬੈਹਣੀਵਾਲ, ਮੀਤ ਪ੍ਰਧਾਨ ਨਵੀਨ ਗੋਇਲ ਬੋਹਾ, ਗੁਰਬਚਨ ਹੀਰੇਵਾਲਾ, ਗੁਰਪ੍ਰੀਤ ਭੀਖੀ ਤੇ ਮੱਘਰ ਸਿੰਘ ਹਾਕਮਵਾਲਾ ਨੇ ਕਿਹਾ ਕਿ ਜਥੇਬੰਦੀਆਂ ਅਨੇਕਾਂ ਵਾਰ ਡੀਐੱਸਈ ਦਫਤਰ ਜਾ ਕੇ ਮੰਗ ਕਰ ਕੇ ਆਈਆਂ ਹਨ ਕਿ ਸਕੂਲਾਂ ਵਿਚ ਵਿਗੜੇ ਪ੍ਰਬੰਧਕੀ ਮਹੌਲ ਨੂੰ ਠੀਕ ਕਰਨ ਲਈ ਪ੍ਰਿੰਸੀਪਲਾਂ ਦੀਆਂ ਪ੍ਰੋਮੋਸ਼ਨਾਂ ਤੁਰੰਤ ਕੀਤੀਆਂ ਜਾਣ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਜਥੇਬੰਦੀ ਦੇ ਆਗੂਆਂ ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਬੋੜਾਵਾਲ, ਹਰਫੂਲ ਸਿੰਘ, ਜਰਨੈਲ ਸਿੰਘ ਬੋਹਾ, ਰਾਜਿੰਦਰਪਾਲ ਸਿੰਘ ਆਗੂਆਂ ਨੇ ਕਿਹਾ ਕਿ ਇਸੇ ਤਰਾਂ ਹੈਡਮਾਸਟਰਾਂ, ਬੀ ਪੀ ਈ ਓਜ਼, ਅਧਿਆਪਕਾਂ ਤੇ ਈਟੀਟੀ ਅਧਿਆਪਕਾਂ, ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ ਲਗਭਗ 35000 ਪੋਸਟਾਂ ਖਾਲੀ ਪਈਆਂ ਹਨ ਤੇ ਸਰਕਾਰ ਸਿੱਖਿਆ ਕ੍ਰਾਂਤੀ ਦਾ ਢੋਲ ਵਜਾ ਰਹੀ ਹੈ। ਹਜ਼ਾਰਾਂ ਅਧਿਆਪਕ ਜਣ ਗਣਨਾ, ਐੱਸਆਈਆਰ ਤੇ ਹੋਰ ਫਾਲਤੂ ਦੇ ਗ਼ੈਰ ਵਿਦਿਅਕ ਕੰਮਾਂ ਵਿਚ ਉਲਝਾਏ ਹੋਏ ਹਨ। ਅਧਿਆਪਕਾਂ ਤੋਂ ਬਿਨਾਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਨਾ ਨਿਰਾ ਡਰਾਮਾ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਿੰਸੀਪਲਾਂ ਸਿੱਧੀਆਂ ਸਮੇਤ ਸਾਰੇ ਕਾਂਡਰਾਂ ਦੀਆਂ ਪ੍ਰੋਮੋਸ਼ਨਾਂ ਅਤੇ ਭਰਤੀਆ ਤੁਰੰਤ ਕੀਤੀਆਂ ਜਾਣ। ਇਸ ਮੌਕੇ ਦਮਨਜੀਤ ਸਿੰਘ, ਮਨਦੀਪ ਕੋਟਲੀ, ਸਿਕੰਦਰ ਕੋਟਲੀ, ਕੁਲਦੀਪ ਅੱਕਾਂਵਾਲੀ, ਜਰਨੈਲ ਬੋਹਾ, ਸੰਦੀਪ ਚਹਿਲ ਉੱਡਤ, ਗੁਰਮੇਲ ਸਿੰਘ ਬੋਹਾ, ਅਜੈ ਕੁਮਾਰ ਬੋਹਾ, ਪਰਸ਼ੋਤਮ ਜੰਡੂ, ਕੁਲਜੀਤ ਪਾਠਕ, ਬਰਨਾਲਾ, ਚਰਨਪਾਲ ਸਿੰਘ, ਜਸਵਿੰਦਰ ਹਾਕਮਵਾਲਾ, ਨਰੰਜਣ ਮਾਨਸਾ, ਬਲਕਾਰ ਸਿੰਘ, ਰਾਜਿੰਦਰ ਸਿੰਘ ਐਚ ਟੀ, ਸੁਖਚੈਨ ਸੇਖੋਂ, ਮੱਘਰ ਸਿੰਘ, ਜਸਪਰੀਤ ਘੁਰਕਣੀ, ਜਗਪਾਲ ਸਿੰਘ, ਅਰਵਿੰਦਰ ਸਿੰਘ, ਅਮਨਦੀਪ ਕੌਰ, ਬੇਅੰਤ ਕੌਰ, ਖੁਸ਼ਵਿੰਦਰ ਕੌਰ, ਅਮਰਪ੍ਰੀਤ ਕੌਰ, ਨਿਰਲੇਪ ਕੌਰ, ਮਨਵੀਰ ਕੌਰ, ਗੁਰਜੀਤ ਮਾਨਸਾ, ਅਮਰਜੀਤ ਸਿੰਘ, ਸੁਖਵਿੰਦਰ ਗਾਮੀਵਾਲਾ, ਜਸਵਿੰਦਰ ਕਾਮਰੇਡ, ਹਰਵਿੰਦਰ ਸਮਾਓ, ਮਨਦੀਪ ਕੁਮਾਰ, ਕੁਲਵਿੰਦਰ ਦਲੇਲਵਾਲਾ, ਬਲਜਿੰਦਰ ਦਲੇਲਵਾਲਾ, ਧਰਮ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।