ਮੂਲਾ ਸਿੰਘ ਵਾਲਾ ਵਿਖੇ 30ਵਾਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ “ਜੇਕਰ ਅਸੀਂ ਰੰਗਲਾ ਪੰਜਾਬ ਦੇਖਣਾ
Publish Date: Thu, 17 Sep 2026 05:47 PM (IST)
Updated Date: Fri, 18 Sep 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ : ਜੇਕਰ ਅਸੀਂ ਰੰਗਲਾ ਪੰਜਾਬ ਦੇਖਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਤੰਦਰੁਸਤ ਪੰਜਾਬ ਬਣਾਉਣਾ ਪਵੇਗਾ। ਤੰਦਰੁਸਤ ਸਮਾਜ ਹੀ ਤੰਦਰੁਸਤ ਅਤੇ ਖੁਸ਼ਹਾਲ ਭਵਿੱਖ ਦੀ ਨੀਂਹ ਰੱਖ ਸਕਦਾ ਹੈ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਜਨਕ ਰਾਜ ਸਿੰਗਲਾ ਨੇ ਪਿੰਡ ਮੂਲਾ ਸਿੰਘ ਵਾਲਾ ਵਿਖੇ ਲਗਾਏ ਲੜੀਵਾਰ 30ਵੇਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦੌਰਾਨ ਕੀਤਾ। ਕੈਂਪ ਦੌਰਾਨ ਪਿੰਡ ਵਾਸੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਸ਼ੂਗਰ ਟੈਸਟ, ਬਲੱਡ ਪ੍ਰੈਸ਼ਰ ਦੀ ਜਾਂਚ ਅਤੇ ਈਸੀਜੀ ਸਮੇਤ ਹੋਰ ਜ਼ਰੂਰੀ ਸਿਹਤ ਜਾਂਚਾਂ ਕੀਤੀਆਂ ਗਈਆਂ। ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਸਮੇਂ ਸਮੇਂ ’ਤੇ ਆਪਣੀ ਸਿਹਤ ਦੀ ਜਾਂਚ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਮੈਡੀਕਲ ਕੈਂਪਾਂ ਦਾ ਮਕਸਦ ਸਿਰਫ਼ ਮਰੀਜ਼ ਇਕੱਠੇ ਕਰਨਾ ਜਾਂ ਦਵਾਈਆਂ ਵੰਡਣਾ ਨਹੀਂ ਹੈ, ਸਗੋਂ ਲੋਕਾਂ ਵਿੱਚ ਬਿਮਾਰੀਆਂ ਤੋਂ ਬਚਾਅ ਅਤੇ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਮੁੱਖ ਉਦੇਸ਼ ਹੈ। ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਅਨਿਲ ਗਰਗ, ਅੱਖਾਂ ਦੇ ਸਪੈਸ਼ਲਿਸਟ, ਆਤਮਾ ਰਾਮ ਹਸਪਤਾਲ, ਭੀਖੀ ਨੇ ਵੀ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਅੱਖਾਂ ਨਾਲ ਸਬੰਧਤ ਕਿਸੇ ਵੀ ਸਮੱਸਿਆ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਅਤੇ ਸਮੇਂ ਸਿਰ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਡਾ. ਗਰਗ ਨੇ ਲੋਕਾਂ ਨੂੰ ਮੋਬਾਇਲ ਅਤੇ ਕੰਪਿਊਟਰ ਦੀ ਲਗਾਤਾਰ ਵਰਤੋਂ ਦੌਰਾਨ ਅੱਖਾਂ ਨੂੰ ਲੋੜੀਂਦਾ ਆਰਾਮ ਦੇਣ, ਪੜ੍ਹਨ ਸਮੇਂ ਉਚਿਤ ਰੌਸ਼ਨੀ ਦਾ ਧਿਆਨ ਰੱਖਣ ਅਤੇ ਅੱਖਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਹੋਣ ’ਤੇ ਮਾਹਿਰ ਡਾਕਟਰ ਨਾਲ ਸਲਾਹ ਕਰਨ ਦੀ ਅਪੀਲ ਕੀਤੀ। ਕੈਂਪ ਦੌਰਾਨ ਪਿੰਡ ਵਾਸੀਆਂ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ “ਸਿਹਤਮੰਦ ਸਮਾਜ, ਸਿਹਤਮੰਦ ਭਵਿੱਖ” ਦੇ ਉਦੇਸ਼ ਤਹਿਤ ਸਿਹਤ ਜਾਗਰੂਕਤਾ ਮੁਹਿੰਮ ਅੱਗੇ ਵੀ ਜਾਰੀ ਰੱਖੀ ਜਾਵੇਗੀ। ਉਨ੍ਹਾਂ ਅੰਤ ਵਿੱਚ ਕਿਹਾ ਕਿ “ਸਾਡਾ ਇੱਕੋ ਮਕਸਦ-ਚੰਗੀ ਸਿਹਤ, ਰੰਗਲਾ ਪੰਜਾਬ” ਹੈ ਅਤੇ ਜੇਕਰ ਹਰ ਵਿਅਕਤੀ ਆਪਣੀ ਸਿਹਤ, ਆਪਣੇ ਘਰ ਅਤੇ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਨਿਭਾਏ ਤਾਂ ਇੱਕ ਤੰਦਰੁਸਤ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਸੀਨੀਅਰ ਫਾਰਮੇਸੀ ਅਫ਼ਸਰ ਕੈਲਾਸ਼ ਮੋਹਨ, ਸੀਨੀਅਰ ਫਾਰਮੇਸੀ ਅਫ਼ਸਰ ਜਸਵੀਰ ਸਿੰਘ, ਜੀਵਨ ਬਾਂਸਲ ਸਾਬਕਾ ਅਫ਼ਸਰ ਸੀਵਰੇਜ਼ ਬੋਰਡ, ਨਰਾਤਾ ਰਾਮ ਅਰਜਨ ਮਾਰਬਲ, ਡਾ ਦੇਸ ਰਾਜ, ਡਾ ਤਰਸੇਮ ਚੰਦ, ਕੁਲਵਿੰਦਰ ਸਿੰਘ, ਰਮਨ ਸਿੰਘ, ਲਾਲੀ ਸਿੰਘ, ਬੇਅੰਤ ਸਿੰਘ ਅੱਕਾਂਵਾਲੀ ਅਤੇ ਗੁਰਪ੍ਰੀਤ ਸਿੰਘ ਇਸਦੇ ਨਾਲ ਹੀ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਗਦੇਵ ਸਿੰਘ ਜੱਗੀ ਸਰਪੰਚ, ਡਾ ਮਹਾਂਵੀਰ, ਡਾ ਜਸਵੰਤ ਸਿੰਘ, ਰਘਵੀਰ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਬੂਟਾ ਸਿੰਘ ਨੰਬਰਦਾਰ, ਸ਼ਿੰਗਾਰਾ ਸਿੰਘ ਮੈਂਬਰ, ਮਨਜੀਤ ਕੌਰ ਮੈਂਬਰ, ਸ਼ਰਨਦੀਪ ਕੌਰ ਮੈਂਬਰ, ਜਸਵੰਤ ਕੌਰ ਮੈਂਬਰ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਾਂ ਹਾਂ ਸਾਡੀ ਟੀਮ ਜਿਨ੍ਹਾਂ ਦੀ ਸਖ਼ਤ ਮਿਹਨਤ ਹੈ ਇਸ ਸਮਾਜ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਪਾਉਂਦੇ ਹਨ।