ਮਾਨਸਾ 'ਚ ਬੈਟਰੀ ਫਟਣ ਨਾਲ ਮਕੈਨਿਕ ਸਮੇਤ 3 ਲੋਕ ਝੁਲਸੇ, ਹਾਦਸੇ 'ਚ ਟ੍ਰਾਲਾ ਤੇ ਮੋਟਰਸਾਈਕਲ ਸੜ ਕੇ ਸੁਆਹ ਜਾਣਕਾਰੀ ਅਨੁਸਾਰ ਬਠਿੰਡਾ ਰੋਡ 'ਤੇ ਇੱਕ ਇਲੈਕਟ੍ਰੀਸ਼ਨ ਵਰਕਸ਼ਾਪ 'ਤੇ ਇੱਕ ਟ੍ਰਾਲੇ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਕਿ ਇਸੇ ਦੌਰਾਨ ਅਚਾਨਕ ਟ੍ਰਾਲੇ ਦੀ ਬੈਟਰੀ ਫਟ ਗਈ। ਦੱਸਿਆ ਜਾ ਰਿਹਾ ਹੈ ਕਿ ਬੈਟਰੀ ਫਟਣ ਨਾਲ ਮਕੈਨਿਕ ਇੰਦਰਪਾਲ ਸਿੰਘ, ਉਸ ਦਾ ਸਹਿਯੋਗੀ ਹਰਪ੍ਰੀਤ ਸਿੰਘ ਅਤੇ ਬਲਜਿੰਦਰ ਸਿੰਘ ਅੱਗ ਦੀ ਲਪੇਟ 'ਚ ਆ ਗਏ।
Publish Date: Fri, 11 Sep 2026 04:01 PM (IST)
Updated Date: Fri, 11 Sep 2026 04:04 PM (IST)
ਡਿਜੀਟਲ ਡੈਸਕ, ਮਾਨਸਾ। ਬਠਿੰਡਾ ਰੋਡ 'ਤੇ ਇੱਕ ਟ੍ਰਾਲੇ 'ਤੇ ਕੰਮ ਕਰਦੇ ਸਮੇਂ ਬੈਟਰੀ ਫਟਣ ਨਾਲ ਇੱਕ ਮਕੈਨਿਕ ਸਮੇਤ ਤਿੰਨ ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ। ਜਿਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਏਮਜ਼ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਇੱਕ ਦਾ ਸਥਾਨਕ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਅੱਗ 'ਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਕਾਬੂ ਪਾਇਆ ਗਿਆ ਅਤੇ ਘਟਨਾ ’ਚ ਟ੍ਰਾਲੇ ਤੋਂ ਇਲਾਵਾ ਇੱਕ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਚੌਕੀ ਠੂਠੀਆਂਵਾਲੀ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬਠਿੰਡਾ ਰੋਡ 'ਤੇ ਇੱਕ ਇਲੈਕਟ੍ਰੀਸ਼ਨ ਵਰਕਸ਼ਾਪ 'ਤੇ ਇੱਕ ਟ੍ਰਾਲੇ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਕਿ ਇਸੇ ਦੌਰਾਨ ਅਚਾਨਕ ਟ੍ਰਾਲੇ ਦੀ ਬੈਟਰੀ ਫਟ ਗਈ। ਦੱਸਿਆ ਜਾ ਰਿਹਾ ਹੈ ਕਿ ਬੈਟਰੀ ਫਟਣ ਨਾਲ ਮਕੈਨਿਕ ਇੰਦਰਪਾਲ ਸਿੰਘ, ਉਸ ਦਾ ਸਹਿਯੋਗੀ ਹਰਪ੍ਰੀਤ ਸਿੰਘ ਅਤੇ ਬਲਜਿੰਦਰ ਸਿੰਘ ਅੱਗ ਦੀ ਲਪੇਟ 'ਚ ਆ ਗਏ।
ਹਾਦਸੇ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਨੂੰ ਸੂਚਨਾ ਮਿਲਣ 'ਤੇ ਤਿੰਨਾਂ ਨੂੰ ਪੀ.ਐੱਚ.ਸੀ. ਖਿਆਲਾ ਕਲਾਂ ਵਿਖੇ ਦਾਖਲ ਕਰਵਾਇਆ ਗਿਆ। ਜਿੱਥੋਂ ਇੰਦਰਪਾਲ ਸਿੰਘ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਬਠਿੰਡਾ ਦੇ ਏਮਜ਼ ਰੈਫਰ ਕਰ ਦਿੱਤਾ ਗਿਆ ਅਤੇ ਹਰਪ੍ਰੀਤ ਸਿੰਘ ਤੇ ਬਲਜਿੰਦਰ ਸਿੰਘ ਨੂੰ ਸਿਵਲ ਹਸਪਤਾਲ ਮਾਨਸਾ ਰੈਫਰ ਕਰ ਦਿੱਤਾ ਗਿਆ।
ਐੱਸ.ਐੱਮ.ਓ. ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਏਮਜ਼ ਰੈਫਰ ਕਰ ਦਿੱਤਾ ਗਿਆ। ਚਸ਼ਮਦੀਦਾਂ ਮੁਤਾਬਕ ਬੈਟਰੀ ਫਟਣ ਤੋਂ ਬਾਅਦ ਵੱਡਾ ਧਮਾਕਾ ਹੋਇਆ। ਜਿਸ ਤੋਂ ਬਾਅਦ ਦੇਖਦਿਆਂ ਹੀ ਦੇਖਦਿਆਂ ਅੱਗ ਨੇ ਟ੍ਰਾਲੇ ਤੋਂ ਇਲਾਵਾ ਉੱਥੇ ਖੜ੍ਹੇ ਇੱਕ ਮੋਟਰਸਾਈਕਲ ਨੂੰ ਵੀ ਬੁਰੀ ਤਰ੍ਹਾਂ ਆਪਣੀ ਲਪੇਟ 'ਚ ਲੈ ਕੇ ਸੁਆਹ ਕਰ ਦਿੱਤਾ।
ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਸਮਾਂ ਰਹਿੰਦੇ ਹਾਦਸੇ 'ਤੇ ਕਾਬੂ ਪਾਉਣ ਕਾਰਨ, ਘਟਨਾ ਸਥਾਨ ਦੇ ਬਿਲਕੁਲ ਸਾਹਮਣੇ ਭਾਰਤ ਪੈਟਰੋਲੀਅਮ ਕੰਪਨੀ ਦਾ ਪੰਪ ਹੋਣ ਦੇ ਬਾਵਜੂਦ ਵੱਡਾ ਨੁਕਸਾਨ ਹੋਣੋਂ ਬਚਾਅ ਹੋ ਗਿਆ। ਪੁਲਿਸ ਚੌਕੀ ਠੂਠੀਆਂਵਾਲੀ ਦੇ ਮੁਨਸ਼ੀ ਗੁਰਜੀਵਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਹਾਦਸੇ ਦੀ ਸੂਚਨਾ ਮਿਲੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।