ਬੁਢਲਾਡਾ 'ਚ ਦਿਲ ਦਹਿਲਾਉਣ ਵਾਲਾ ਕਾਂਡ : ਧੋਖੇ ਨਾਲ ਨਸ਼ੇ ਦੀ ਓਵਰਡੋਜ਼ ਦੇ ਕੇ 19 ਸਾਲਾ ਨੌਜਵਾਨ ਦਾ ਕਤਲ, ਖੰਡਰ 'ਚੋਂ ਮਿਲੀ ਲਾਸ਼
ਬਰ੍ਹੇ ਰੋਡ ਬੁਢਲਾਡਾ 'ਤੇ ਸਥਿਤ ਇੱਕ ਖੰਡਰ ਸ਼ੈਲਰ ਵਿੱਚੋਂ 19 ਸਾਲਾ ਨੌਜਵਾਨ ਦੀ ਲਾਸ਼ ਮਿਲਣ ‘ਤੇ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ ਤਕਰੀਬਨ 19 ਸਾਲ ਪੁੱਤਰ ਹਰਪ੍ਰੀਤ ਸਿੰਘ ਵਾਸੀ ਦਲੇਲਵਾਲਾ ਵਜੋਂ ਹੋਈ ਹੈ।
Publish Date: Tue, 11 Aug 2026 01:45 PM (IST)
Updated Date: Tue, 11 Aug 2026 01:47 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ - ਬਰ੍ਹੇ ਰੋਡ ਬੁਢਲਾਡਾ 'ਤੇ ਸਥਿਤ ਇੱਕ ਖੰਡਰ ਸ਼ੈਲਰ ਵਿੱਚੋਂ 19 ਸਾਲਾ ਨੌਜਵਾਨ ਦੀ ਲਾਸ਼ ਮਿਲਣ ‘ਤੇ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ ਤਕਰੀਬਨ 19 ਸਾਲ ਪੁੱਤਰ ਹਰਪ੍ਰੀਤ ਸਿੰਘ ਵਾਸੀ ਦਲੇਲਵਾਲਾ ਵਜੋਂ ਹੋਈ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮੁੱਦਈ ਹਰਪ੍ਰੀਤ ਸਿੰਘ ਵਾਸੀ ਦਲੇਲਵਾਲਾ ਨੇ ਦੱਸਿਆ ਕਿ ਉਸ ਦਾ ਪੁੱਤਰ ਸ਼ਮਸ਼ੇਰ ਸਿੰਘ 5 ਅਗਸਤ 2026 ਨੂੰ ਪਿੰਡ ਦੇ ਹੀ ਮਨਪ੍ਰੀਤ ਸਿੰਘ ਨਾਲ ਘਰੋਂ ਗਿਆ ਸੀ, ਪਰ ਉਹ ਰਾਤ ਤੱਕ ਵਾਪਸ ਨਹੀਂ ਪਰਤਿਆ। ਅਗਲੇ ਦਿਨ 6 ਅਗਸਤ 2026 ਨੂੰ ਪਰਿਵਾਰ ਨੂੰ ਸੂਚਨਾ ਮਿਲੀ ਕਿ ਸ਼ਮਸ਼ੇਰ ਸਿੰਘ ਦੀ ਲਾਸ਼ ਬਰ੍ਹੇ ਰੋਡ ਬੁਢਲਾਡਾ ਵਿਖੇ ਸਥਿਤ ਇੱਕ ਖੰਡਰ ਸ਼ੈਲਰ ਵਿੱਚ ਪਈ ਹੈ। ਲਾਸ਼ ਨੂੰ ਤੁਰੰਤ ਸਿਵਲ ਹਸਪਤਾਲ ਬੁਢਲਾਡਾ ਵਿਖੇ ਲਿਜਾਇਆ ਗਿਆ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਘਟਨਾ ਬਾਅਦ ਜਦ ਉਨ੍ਹਾਂ ਅਤੇ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ ਨਾਲ ਜਾ ਕੇ ਸੋਨੀ ਅਤੇ ਜੀਤੋ ਕੋਲੋਂ ਨਸ਼ਾ ਲੈ ਕੇ ਆਇਆ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਦੇ ਪੁੱਤਰ ਦੀ ਉਕਤ ਵਿਅਕਤੀਆਂ ਨਾਲ ਆਪਸੀ ਖਹਿਬਾਜ਼ੀ (ਰੰਜਿਸ਼) ਸੀ। ਇਸੇ ਖਹਿਬਾਜ਼ੀ ਦੇ ਚੱਲਦਿਆਂ ਮੁਲਜ਼ਮਾਂ ਨੇ ਉਸ ਦੇ ਪੁੱਤਰ ਨੂੰ ਧੋਖੇ ਨਾਲ ਨਸ਼ੇ ਦੀ ਬਹੁਤ ਜ਼ਿਆਦਾ ਮਾਤਰਾ ਓਵਰਡੋਜ਼ ਦੇ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਏਐਸਆਈ ਜਗਮੇਲ ਸਿੰਘ ਨੇ ਦੱਸਿਆ ਕਿ ਮੁਦੱਈ ਦੇ ਬਿਆਨਾਂ ’ਤੇ ਮਨਪ੍ਰੀਤ ਸਿੰਘ ਵਾਸੀ ਦਲੇਲਵਾਲਾ, ਸੋਨੀ ਵਾਸੀ ਵਾਰਡ ਨੰਬਰ. 12, ਬੁਢਲਾਡਾ ਅਤੇ ਜੀਤੋ ਪਤਨੀ ਸੋਮੀ ਵਾਸੀ ਵਾਰਡ ਨੰਬਰ. 12, ਬੁਢਲਾਡਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।