- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਤ ਨਾਲ ਭਰੇ ਟਿੱਪਰ ਦੀ ਲਪੇਟ ਵਿੱਚ ਆਉਣ ਨਾਲ ਨੌਜਵਾਨ ਦੀ ਮੌਤ

ਰਵਿੰਦਰ ਠਾਕੁਰ, ਪੰਜਾਬੀ ਜਾਗਰਣ
ਬਹਿਰਾਮਪੁਰ: ਦੀਨਾਨਗਰ ਦੇ ਅਧੀਨ ਪੈਂਦੇ ਬਹਿਰਾਮਪੁਰ ਰੋਡ 'ਤੇ ਆਹਲੂਵਾਲ ਚੌਂਕ ਦੇ ਨੇੜੇ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਹੁਲ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਹੱਲਾ ਚਾਹੀਆ ਦੇ ਰੂਪ ਵਿੱਚ ਹੋਈ ਹੈ। ਹਾਦਸੇ ਵਿੱਚ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜਾਣਕਾਰੀ ਅਨੁਸਾਰ ਰਾਹੁਲ ਕੁਮਾਰ ਦੀ ਕੁਝ ਸਮਾਂ ਪਹਿਲਾਂ ਬਮਿਆਲ ਸਥਿਤ ਡਾਕਖਾਨੇ ਵਿੱਚ ਨੌਕਰੀ ਲੱਗੀ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਸ਼ੁੱਕਰਵਾਰ ਸਵੇਰੇ ਆਪਣੇ ਪਿੰਡ ਹੱਲਾ ਚਾਹੀਆ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਡਿਊਟੀ ਲਈ ਬਮਿਆਲ ਜਾ ਰਿਹਾ ਸੀ, ਜਿਵੇਂ ਹੀ ਉਹ ਬਹਿਰਾਮਪੁਰ ਰੋਡ 'ਤੇ ਆਹਲੂਵਾਲ ਚੌਂਕ ਦੇ ਨੇੜੇ ਪਹੁੰਚਾ ਤਾਂ ਦੀਨਾਨਗਰ ਵੱਲੋਂ ਆ ਰਹੇ ਰੇਤ ਨਾਲ ਭਰੇ ਟਿੱਪਰ ਦੀ ਲਪੇਟ ਵਿੱਚ ਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਰਾਹੁਲ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ 'ਤੇ ਦੀਨਾਨਗਰ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਘਟਨਾ ਸੰਬੰਧੀ ਜਾਣਕਾਰੀ ਇਕੱਠੀ ਕੀਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਕਾਰਨਾਂ ਅਤੇ ਟਿੱਪਰ ਚਾਲਕ ਸੰਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।