- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਚ ਵਿਸ਼ਵ ਫਾਰਮਾਸਿਸਟ ਹਫਤਾ ਮਨਾਇਆ

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਗੁਰਦਾਸਪੁਰ ਵਿੱਚ ਵਿਸ਼ਵ ਫਾਰਮਾਸਿਸਟ ਹਫਤਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾਨ ਦੇ ਚੇਅਰਮੈਨ ਡਾ. ਮੋਹਿਤ ਮਹਾਜਨ, ਚੀਫ਼ ਮੈਨੇਜਿੰਗ ਡਾਇਰੈਕਟਰ ਡਾ. ਰਾਘਵ ਮਹਾਜਨ, ਮੈਨੇਜਿੰਗ ਡਾਇਰੈਕਟਰ ਵਿਨਾਇਕ ਮਹਾਜਨ ਅਤੇ ਚੀਫ਼ ਐਡਮਿਨਿਸਟ੍ਰੇਟਰ ਟੀਆਰ ਸ਼ਰਮਾ ਵਿਸ਼ੇਸ਼ ਰੂਪ ਵਿੱਚ ਹਾਜ਼ਰ ਰਹੇ।
ਪ੍ਰੋਗਰਾਮ ਦੌਰਾਨ ਫਾਰਮੇਸੀ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਵਿਦਿਆਰਥੀਆਂ ਵੱਲੋਂ ਫਾਰਮੇਸੀ ਅਤੇ ਸਿਹਤ ਜਾਗਰੂਕਤਾ ਨਾਲ ਸੰਬੰਧਿਤ ਆਕਰਸ਼ਕ ਨੁੱਕੜ ਨਾਟਕ (ਸਕਿੱਟ), ਪੋਸਟਰ ਮੇਕਿੰਗ ਮੁਕਾਬਲਾ ਅਤੇ ਭਾਸ਼ਣ ਪੇਸ਼ ਕੀਤੇ ਗਏ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਸਮਾਜ ਵਿੱਚ ਫਾਰਮਾਸਿਸਟ ਦੀ ਮਹੱਤਵਪੂਰਨ ਭੂਮਿਕਾ, ਦਵਾਈਆਂ ਦੇ ਸਹੀ ਉਪਯੋਗ ਤੇ ਸਿਹਤ ਸੇਵਾਵਾਂ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਚੇਅਰਮੈਨ ਡਾ. ਮੋਹਿਤ ਮਹਾਜਨ ਅਤੇ ਚੀਫ਼ ਮੈਨੇਜਿੰਗ ਡਾਇਰੈਕਟਰ ਡਾ. ਰਾਘਵ ਮਹਾਜਨ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫਾਰਮਾਸਿਸਟ ਸਿਹਤ ਸੇਵਾ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਅੰਗ ਹਨ। ਉਹ ਨਾ ਸਿਰਫ਼ ਦਵਾਈਆਂ ਦੇ ਸਹੀ ਉਪਯੋਗ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ, ਸਗੋਂ ਸਮਾਜ ਨੂੰ ਸਿਹਤਮੰਦ ਤੇ ਜਾਗਰੂਕ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਸਿੱਖਿਆਤਮਕ ਅਤੇ ਰਚਨਾਤਮਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਗੋਲਡਨ ਕਾਲਜ ਆਫ਼ ਫਾਰਮੇਸੀ ਦੇ ਪ੍ਰਿੰਸੀਪਲ ਡਾ. ਦਿਲਜੀਤ ਮਸੀਹ ਨੇ ਕਿਹਾ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਫਾਰਮੇਸੀ ਦੇ ਖੇਤਰ ਵਿੱਚ ਉਪਲੱਬਧ ਸੰਭਾਵਨਾਵਾਂ ਤੋਂ ਜਾਣੂ ਕਰਵਾਉਣਾ ਤੇ ਇਕ ਜ਼ਿੰਮੇਵਾਰ ਅਤੇ ਕੁਸ਼ਲ ਫਾਰਮਾਸਿਸਟ ਬਣਨ ਲਈ ਪ੍ਰੇਰਿਤ ਕਰਨਾ ਸੀ।