ਐੱਸਡੀ ਕਾਲਜ ’ਚ ‘ਸਮੱਸਿਆ ਦੇ ਹੱਲ ਤੇ ਨਵੇਂ ਵਿਚਾਰਾਂ ਦੀ ਸਿਰਜਣਾ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਐੱਸਡੀ ਕਾਲਜ ਵਿਖੇ ‘ਸਮੱਸਿਆ ਦੇ ਹੱਲ ਅਤੇ ਨਵੇਂ ਵਿਚਾਰਾਂ ਦੀ ਸਿਰਜਣਾ’ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ
Publish Date: Fri, 20 Nov 2026 04:55 PM (IST)
Updated Date: Fri, 20 Nov 2026 04:58 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫ਼ਾਰ ਵੂਮੇਨ ਗੁਰਦਾਸਪੁਰ ਵਿਖੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ (ਆਈਆਈਸੀ) ਦੇ ਸੋਸ਼ਲ ਮੀਡੀਆ ਸੈੱਲ ਵੱਲੋਂ ਵਿਦਿਆਰਥੀਆਂ ਵਿੱਚ ਸਿਰਜਣਾਤਮਕ ਸੋਚ, ਨਵੀਨਤਾ ਅਤੇ ਸਮੱਸਿਆਵਾਂ ਦੇ ਹੱਲ ਲੱਭਣ ਦੀ ਯੋਗਤਾ ਨੂੰ ਉਤਸ਼ਾਹਿਤ ਕਰਨ ਲਈ ‘ਸਮੱਸਿਆ ਦੇ ਹੱਲ ਅਤੇ ਨਵੇਂ ਵਿਚਾਰਾਂ ਦੀ ਸਿਰਜਣਾ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਕਾਲਜ ਪ੍ਰਿੰਸੀਪਲ ਨੇ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ‘ਸਮੱਸਿਆ ਦੀ ਪਛਾਣ ਕਰੋ ਅਤੇ ਨਵੀਨਤਮ ਹੱਲ ਤਿਆਰ ਕਰੋ’ ਦੇ ਸੰਕਲਪ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣਾ ਸੀ। ਇਸ ਦੌਰਾਨ ਵਿਦਿਆਰਥੀਆਂ ਨੂੰ ਛੋਟੇ-ਛੋਟੇ ਸਮੂਹਾਂ ਵਿੱਚ ਵੰਡਿਆ ਗਿਆ ਅਤੇ ਉਨ੍ਹਾਂ ਨੂੰ ਸਮਾਜਿਕ ਤੇ ਕੈਂਪਸ ਨਾਲ ਜੁੜੀਆਂ ਵੱਖ-ਵੱਖ ਸਮੱਸਿਆਵਾਂ, ਜਿਵੇਂ ਕਿ ਪਲਾਸਟਿਕ ਦੇ ਕੂੜੇ ਦਾ ਪ੍ਰਬੰਧਨ, ਭੋਜਨ ਦੀ ਬਰਬਾਦੀ, ਔਰਤਾਂ ਦੀ ਸੁਰੱਖਿਆ, ਨੌਜਵਾਨਾਂ ਵਿੱਚ ਨਸ਼ਿਆਂ ਦੀ ਵਧਦੀ ਸਮੱਸਿਆ ਅਤੇ ਪੜ੍ਹਨ ਦੀ ਆਦਤ ਵਿੱਚ ਆ ਰਹੀ ਕਮੀ ਆਦਿ ’ਤੇ ਵਿਚਾਰ-ਵਟਾਂਦਰਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਨੇ ਸਮੂਹਿਕ ਚਰਚਾ ਅਤੇ ਬ੍ਰੇਨਸਟਾਰਮਿੰਗ ਰਾਹੀਂ ਇਨ੍ਹਾਂ ਸਮੱਸਿਆਵਾਂ ਦੇ ਕਈ ਸੰਭਾਵੀ ਹੱਲ ਸੁਝਾਏ। ਹਰ ਸਮੂਹ ਨੇ ਆਪਣੇ ਵਿਚਾਰਾਂ ਵਿੱਚੋਂ ਸਭ ਤੋਂ ਵਿਹਾਰਕ ਅਤੇ ਨਵੀਨਤਮ ਹੱਲ ਦੀ ਚੋਣ ਕਰ ਕੇ ਸੰਖੇਪ ਪੇਸ਼ਕਾਰੀ ਰਾਹੀਂ ਆਪਣਾ ਮਾਡਲ ਪੇਸ਼ ਕੀਤਾ। ਇਸ ਸਰਗਰਮੀ ਨੇ ਵਿਦਿਆਰਥੀਆਂ ਵਿੱਚ ਟੀਮ ਵਰਕ, ਆਲੋਚਨਾਤਮਕ ਸੋਚ, ਫੈਸਲਾ ਲੈਣ ਦੀ ਯੋਗਤਾ ਅਤੇ ਨਵੀਆਂ ਸੰਭਾਵਨਾਵਾਂ ਨੂੰ ਖੋਜਣ ਦੀ ਭਾਵਨਾ ਨੂੰ ਵਿਕਸਿਤ ਕੀਤਾ। ਕਾਲਜ ਪ੍ਰਿੰਸੀਪਲ ਅਤੇ ਆਈਆਈਸੀ ਪ੍ਰੈਜ਼ੀਡੈਂਟ ਡਾ. ਨੀਰੂ ਸ਼ਰਮਾ ਨੇ ਇਸ ਸਫ਼ਲ ਉਪਰਾਲੇ ਲਈ ਪੁਨੀਤਾ ਸਹਿਗਲ ਅਤੇ ਆਈਆਈਸੀ ਕਨਵੀਨਰ ਡਾ. ਰਵਨੀਤ ਕੌਰ ਦੀ ਸ਼ਲਾਘਾ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਨੇ ਕਿਹਾ ਕਿ ਹਰ ਸਮੱਸਿਆ ਆਪਣੇ ਅੰਦਰ ਇੱਕ ਨਵੀਂ ਕਾਢ ਅਤੇ ਨਵੀਨਤਾ ਦਾ ਬੀਜ ਸਮੋਈ ਬੈਠੀ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਟੀਮ ਭਾਵਨਾ, ਆਲੋਚਨਾਤਮਕ ਸੋਚ ਅਤੇ ਲਗਾਤਾਰ ਸਿੱਖਣ ਦੀ ਪ੍ਰਵਿਰਤੀ ਅਪਣਾਉਣ ਲਈ ਪ੍ਰੇਰਿਤ ਕੀਤਾ, ਤਾਂ ਜੋ ਉਹ ਸਮਾਜ ਵਿੱਚ ਸਕਾਰਾਤਮਕ ਅਤੇ ਅਰਥਪੂਰਨ ਤਬਦੀਲੀ ਲਿਆ ਸਕਣ। ਵਰਕਸ਼ਾਪ ਦਾ ਸੰਚਾਲਨ ਸੋਸ਼ਲ ਮੀਡੀਆ ਸੈੱਲ ਦੀ ਕੋਆਰਡੀਨੇਟਰ ਪੁਨੀਤਾ ਸਹਿਗਲ ਵੱਲੋਂ ਕੀਤਾ ਗਿਆ।