ਜਲ ਸੰਭਾਲ ’ਤੇ ਵਰਕਸ਼ਾਪ ਅਤੇ ਪੋਸਟਰ ਮੇਕਿੰਗ ਮੁਕਾਬਲੇ ਐਕਸੈਲਸੀਅਰ ਸਕੂਲ ਵਿੱਚ ਜਲ ਸੰਭਾਲ 'ਤੇ ਵਰਕਸ਼ਾਪ ਅਤੇ ਪੋਸਟਰ ਮੇਕਿੰਗ ਮੁਕਾਬਲੇ
Publish Date: Sat, 07 Nov 2026 05:16 PM (IST)
Updated Date: Sun, 08 Nov 2026 04:03 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਐਕਸੈਲਸੀਅਰ ਪਬਲਿਕ ਸਕੂਲ (ਸੀਨੀਅਰ ਸੈਕੰਡਰੀ) ਵਿਖੇ ਮੁੱਖ ਅਧਿਆਪਕਾ ਮੋਨਿਕਾ ਕਪੂਰ ਦੀ ਪ੍ਰਧਾਨਗੀ ਹੇਠ ਵਾਤਾਵਰਨ ਸੰਭਾਲ ਗਤੀਵਿਧੀ (ਇੱਕ ਵਾਤਾਵਰਨ ਸੰਭਾਲ ਪ੍ਰਤੀ ਸਮਰਪਿਤ ਸਮਾਜਿਕ ਸੰਗਠਨ) ਵੱਲੋਂ ਜਲ ਸੰਭਾਲ ਵਿਸ਼ੇ ਤੇ ਇੱਕ ਵਿਸ਼ੇਸ਼ ਵਰਕਸ਼ਾਪ ਅਤੇ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ’ਚ ਮੁੱਖ ਮਹਿਮਾਨ ਅਰੁਣ ਅਗਰਵਾਲ (ਡੀਲਕਸ ਸਪੋਰਟਸ ਕੰਪਨੀ ਬਟਾਲਾ), ਮੁੱਖ ਬੁਲਾਰੇ ਵਜੋਂ ਸਰਵਪ੍ਰਿਯ ਸਿੰਘ (ਪ੍ਰੋਫੈਸਰ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਰੀਜ਼ਨਲ ਕੈਂਪਸ, ਗੁਰਦਾਸਪੁਰ) ਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਰੰਜਨ ਮਲਹੋਤਰਾ ਜੀ ਕਾਰੋਬਾਰੀ, ਬਟਾਲਾ ਹਾਜ਼ਰ ਰਹੇ। ਇਸ ਤੋਂ ਇਲਾਵਾ ਵਿਸ਼ੇਸ਼ ਹਾਜ਼ਰੀ ਵਜੋਂ ਸੰਦੀਪ ਸਲਹੋਤਰਾ (ਪ੍ਰਾਂਤ ਸਹਿ ਸੰਯੋਜਕ, ਵਾਤਾਵਰਨ ਸੰਭਾਲ ਗਤੀਵਿਧੀ, ਪੰਜਾਬ), ਬਲਜੀਤ ਸਿੰਘ (ਜ਼ਿਲ੍ਹਾ ਸੰਯੋਜਕ), ਨਰੇਸ਼ ਮਹਾਜਨ ਸਹਿ ਜ਼ਿਲ੍ਹਾ ਸੰਯੋਜਕ, ਮਨੀਸ਼ ਮੋਂਟੀ (ਹਰਿਤ ਵਿਸਤਾਰਕ, ਪੰਜਾਬ), ਰਿਟਾਇਰਡ ਡਿਪਟੀ ਕਮਾਂਡੈਂਟ ਸੰਦੀਪ ਆਜ਼ਾਦ , ਸ੍ਰੀਮਤੀ ਨੀਲਮ ਮਹਾਜਨ , ਜ਼ਿਲ੍ਹਾ ਰੁੱਖ ਪ੍ਰਮੁੱਖ ਅਤੇ ਐਡਵੋਕੇਟ ਰੋਹਿਤ ਰਾਣਾ ਨੇ ਆਪਣੀ ਗਰਿਮਾਮਈ ਹਾਜ਼ਰੀ ਨਾਲ ਪ੍ਰੋਗਰਾਮ ਦੀ ਸ਼ੋਭਾ ਵਧਾਈ।ਵਰਕਸ਼ਾਪ ਦੇ ਮੁੱਖ ਬੁਲਾਰੇ ਸਰਵਪ੍ਰਿਯ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪਾਣੀ ਦੇ ਸੀਮਤ ਸਰੋਤਾਂ, ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਹੋ ਰਹੀ ਗਿਰਾਵਟ ਅਤੇ ਭਵਿੱਖ ਵਿੱਚ ਪੈਦਾ ਹੋਣ ਵਾਲੇ ਜਲ ਸੰਕਟ ਪ੍ਰਤੀ ਸੁਚੇਤ ਕੀਤਾ। ਉਨ੍ਹਾਂ ਮੀਂਹ ਦੇ ਪਾਣੀ ਦੀ ਸੰਭਾਲ, ਪਾਣੀ ਦੀ ਮੁੜ ਵਰਤੋਂ ਅਤੇ ਰੋਜ਼ਾਨਾ ਜੀਵਨ ਵਿੱਚ ਪਾਣੀ ਦੀ ਬਰਬਾਦੀ ਰੋਕਣ ਦੇ ਵਿਹਾਰਕ ਉਪਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਆਪਣੀ ਰਚਨਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸੁੰਦਰ ਅਤੇ ਸੁਨੇਹਾਭਰਪੂਰ ਪੋਸਟਰਾਂ ਰਾਹੀਂ ਜਲ ਸੰਭਾਲ ਦੀ ਮਹੱਤਤਾ ਦਰਸਾਈ। ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਮਹਿਮਾਨਾਂ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਅਧਿਆਪਕਾ ਮੋਨਿਕਾ ਕਪੂਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਧੰਨਵਾਦ ਕੀਤ ਅਤੇ ਵਿਦਿਆਰਥੀਆਂ ਨੂੰ ਆਪਣੇ ਘਰਾਂ, ਸਕੂਲ ਅਤੇ ਸਮਾਜ ਵਿੱਚ ਜਲ ਸੰਭਾਲ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ।