ਧੁੱਪਾਂ ਲੱਗਦਿਆਂ ਹੀ ਮੰਡੀਆਂ ’ਚ ਝੋਨੇ ਦੀ ਖਰੀਦ ਜ਼ੋਰਾਂ 'ਤੇ ਧੁੱਪਾਂ ਲੱਗਦਿਆਂ ਹੀ ਮੰਡੀਆਂ ਵਿੱਚ ਝੋਨੇ ਦੀ ਖਰੀਦ ਜ਼ੋਰਾਂ 'ਤੇ
Publish Date: Sun, 18 Oct 2026 05:07 PM (IST)
Updated Date: Mon, 19 Oct 2026 04:01 AM (IST)
-ਸੁੱਕੇ ਝੋਨੇ ਨੂੰ ਕੱਟ ਲਾਉਣ ਤੇ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ, ਸਰਕਾਰ ਕਿਸਾਨਾਂ ਨੂੰ ਲਗਾਏ ਜਾ ਰਹੇ ਗੁੰਡਾ ਟੈਕਸ ਨੂੰ ਬੰਦ ਕਰਵਾਏ : ਅਪਰ ਅਪਾਰ ਸਿੰਘ -ਸਰਕਾਰੀ ਖਰੀਦ ਏਜੰਸੀਆਂ ਵੱਲੋਂ ਜ਼ਿਲ੍ਹੇ ਵਿੱਚ 3 ਲੱਖ 60 ਹਜ਼ਾਰ ਮੀਟ੍ਰਿਕ ਟਨ ਝੋਨਾ ਖਰੀਦਿਆ: ਡੀਐੱਫਸੀ ਅਮਰਜੀਤ ਸਿੰਘ ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਝੋਨੇ ਦੀ ਖੇਤੀ ਵਿੱਚ ਮੋਹਰੀ ਮੰਨੇ ਜਾਣ ਵਾਲੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਜਿੱਥੇ ਇਸ ਵਾਰ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਕਰੀਬ 1 ਲੱਖ 70 ਹਜ਼ਾਰ ਹੈਕਟੇਅਰ ਝੋਨੇ ਦੀ ਬਾਸਮਤੀ ਦੀ ਬਿਜਾਈ ਕੀਤੀ ਹੋਈ ਹੈ ਤੇ ਜ਼ਿਲ੍ਹੇ ਵਿੱਚ ਇਸ ਵਾਰ 7 ਲੱਖ 85 ਹਜ਼ਾਰ ਮੀਟ੍ਰਿਕ ਟਨ ਝੋਨੇ ਹੋਣ ਦੀ ਉਮੀਦ ਹੈ, ਉੱਥੇ ਪਿਛਲੇ ਦਿਨੀਂ ਝੋਨੇ ਦੀ ਕਟਾਈ ਦੌਰਾਨ ਮੀਂਹ ਪੈਣ ਕਾਰਨ ਪ੍ਰਭਾਵਿਤ ਹੋਈ ਝੋਨੇ ਦੀ ਕਟਾਈ ਅਤੇ ਖਰੀਦ ਧੁੱਪਾਂ ਲੱਗਦਿਆਂ ਹੀ ਮੰਡੀਆਂ ਵਿੱਚ ਝੋਨੇ ਦੀ ਖਰੀਦ ਪੂਰੇ ਜ਼ੋਰਾਂ ਵਿੱਚ ਸ਼ੁਰੂ ਹੋ ਗਈ। ਇੱਥੇ ਦੱਸਣਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੀਆਂ ਵੱਖ-ਵੱਖ ਮਾਰਕੀਟ ਕਮੇਟੀਆਂ ਅਧੀਨ 92 ਮੰਡੀਆਂ ਵਿੱਚ ਝੋਨੇ ਦੀ ਖਰੀਦ ਸਰਕਾਰੀ ਖਰੀਦ ਏਜੰਸੀਆਂ ਮਾਰਕਫੈਡ, ਪਨਗਰੇਨ, ਪਨਸਪ, ਪੰਜਾਬ ਵੇਅਰ ਹਾਊਸ ਅਤੇ ਐੱਫਸੀਆਈ ਵੱਲੋਂ ਕੀਤੀ ਜਾ ਰਹੀ ਹੈ। ਐਤਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੀਆਂ ਵੱਖ-ਵੱਖ ਮੰਡੀਆਂ ਤੋਂ ਇਲਾਵਾ ਸਰਹੱਦੀ ਮਾਰਕੀਟ ਕਮੇਟੀ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਅਧੀਨ ਆਉਂਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਕੜਾਕੇ ਦੀ ਧੁੱਪ ਲੱਗਣ ਉਪਰੰਤ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚੋਂ ਝੋਨੇ ਦੀ ਕਟਾਈ ਕਰਕੇ ਮੰਡੀਆਂ ਵਿੱਚ ਝੋਨਾ ਵੇਚਣ ਲਈ ਟਰਾਲੀਆਂ ਭਰ ਭਰ ਕੇ ਲਿਆਂਦਾ ਜਾ ਰਿਹਾ ਹੈ। ਇਸ ਮੌਕੇ ਤੇ ਕਿਸਾਨ ਹਰਪਾਲ ਸਿੰਘ, ਹਰਭਜਨ ਸਿੰਘ, ਦਵਿੰਦਰ ਸਿੰਘ, ਗੁਰਦੀਪ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਐਤਵਾਰ ਤੋਂ ਵੱਖ-ਵੱਖ ਦਿਨਾਂ ਵਿੱਚ ਇਸ ਇਲਾਕੇ ਵਿੱਚ ਤੇ ਹਨੇਰੀ ਝੱਖੜ ਅਤੇ ਬਾਰਿਸ਼ ਪੈਣ ਕਾਰਨ ਝੋਨੇ ਦੇ ਖੇਤ ਗਿੱਲੇ ਹੋਣ ਕਰਕੇ ਜਿੱਥੇ ਝੋਨੇ ਦੀ ਕਟਾਈ ਪਛੜ ਗਈ ਸੀ, ਉੱਥੇ ਝੋਨੇ ਵਿੱਚ ਨਮੀ ਦੀ ਮਾਤਰਾ ਵਧੇਰੇ ਹੋਣ ਕਾਰਨ ਅਤੇ ਮੰਡੀਆਂ ਵਿੱਚ ਝੋਨਾ ਗਿੱਲਾ ਹੋਣ ਕਰਕੇ ਝੋਨੇ ਦੀ ਖਰੀਦ ਵੀ ਪ੍ਰਭਾਵਿਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਪਿਛਲੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਧੁੱਪਾਂ ਲੱਗਣ ਕਾਰਨ ਮੌਸਮ ਖੁਸ਼ਕ ਹੋਣ ਤੇ ਖੇਤਾਂ ਵਿੱਚ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਸ਼ੁਰੂ ਹੋਣ ਤੋਂ ਬਾਅਦ ਕਿਸਾਨਾਂ ਵੱਲੋਂ ਸੁੱਕਾ ਝੋਨਾ ਮੰਡੀਆਂ ਵਿੱਚ ਵੇਚਣ ਲਈ ਲਿਆਂਦਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਹੀ ਧੁੱਪਾਂ ਲੱਗਦੀਆਂ ਰਹੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਵੱਲੋਂ ਬਿਜਾਈ ਕੀਤੀ ਪਰਮਲ ਅਤੇ ਬਾਸਮਤੀ 1121 ਦੀ ਕਟਾਈ ਵੀ ਸ਼ੁਰੂ ਹੋ ਜਾਵੇਗੀ ਤੇ ਕਿਸਾਨਾਂ ਦੀ ਫ਼ਸਲ ਸਾਂਭੇ ਜਾਣ ਉਪਰੰਤ ਹੀ ਉਨ੍ਹਾਂ ਨੂੰ ਰਾਹਤ ਮਿਲੇਗੀ। -ਵਡਾਲਾ ਬਾਂਗਰ ਅਨਾਜ ਮੰਡੀ ਵਿੱਚ ਸੁੱਕੇ ਝੋਨੇ ਨੂੰ 85 ਰੁਪਏ ਪ੍ਰਤੀ ਕੁਇੰਟਲ ਕੱਟ ਲਾਉਣ ਤੇ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ ਅਨਾਜ ਮੰਡੀ ਵਡਾਲਾ ਬਾਂਗਰ ਵਿਖੇ ਝੋਨਾ ਵੇਚਣ ਆਏ ਕਿਸਾਨ ਅਪਰ ਅਪਾਰ ਸਿੰਘ ਸੇਵਾ ਮੁਕਤ ਫੌਜੀ ਵਡਾਲਾ ਬਾਂਗਰ, ਗੁਰਮੇਜ ਸਿੰਘ ਫਜ਼ਲਾਬਾਦ, ਮੱਖਣ ਸਿੰਘ ਰੌੜ ਖਹਿਰਾ ਆਦਿ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਸੁੱਕਾ ਝੋਨਾ ਪ੍ਰਤੀ ਕੁਇੰਟਲ 2461 ਰੁਪਏ ਤੈਅ ਕੀਤਾ ਹੋਇਆ ਹੈ, ਉੱਥੇ ਮੰਡੀ ਵਿੱਚ 17 ਨਮੀ ਵਾਲੇ ਸੁੱਕੇ ਝੋਨੇ ਨੂੰ 85 ਰੁਪਏ ਪ੍ਰਤੀ ਕੁਇੰਟਲ ਘੱਟ ਲਗਾਇਆ ਜਾ ਰਿਹਾ ਹੈ, ਜਦਕਿ 17 ਤੋਂ ਵੱਧ ਪ੍ਰਤੀ ਪੁਆਇੰਟ ਨਮੀ 30 ਰੁਪਏ ਦੇ ਹਿਸਾਬ ਨਾਲ ਕੱਟ ਲਗਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਸੁੱਕੇ ਝੋਨੇ ਦਾ ਕਿਸਾਨਾਂ ਨੂੰ 85 ਰੁਪਏ ਪ੍ਰਤੀ ਕੁਇੰਟਲ ਗੁੰਡਾ ਟੈਕਸ ਲਗਾਇਆ ਜਾ ਰਿਹਾ ਹੈ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਕਿਸਾਨ ਨਮੀ ਵਾਲੇ ਝੋਨੇ ਦਾ 30 ਰੁਪਏ ਪ੍ਰਤੀ ਕੁਇੰਟਲ ਕੱਟ ਦੇਣ ਨੂੰ ਤਿਆਰ ਹਨ, ਪਰੰਤੂ ਸੁੱਕੇ ਝੋਨੇ ਦਾ 85 ਰੁਪਏ ਪ੍ਰਤੀ ਕੁਇੰਟਲ ਕੱਟ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਬੰਦ ਕਰਵਾਏ। ਉਨ੍ਹਾਂ ਕਿਹਾ ਕਿ 85 ਰੁਪਏ ਪ੍ਰਤੀ ਕੁਇੰਟਲ ਕੱਟ ਲਗਾ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਸੁੱਕੇ ਝੋਨੇ ਨੂੰ ਕੱਟ ਲਗਾਉਣ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। -ਸੁੱਕੇ ਝੋਨੇ ਨੂੰ ਕੱਟ ਲਗਾਉਣ ਵਾਲਿਆਂ ਸਬੰਧੀ ਲਿਖਤੀ ਤੌਰ ਤੇ ਕੀਤੀ ਜਾਵੇ ਸ਼ਿਕਾਇਤ : ਚੇਅਰਮੈਨ ਰਣਜੀਤ ਬਾਠ ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਬਾਠ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਸ ਝੋਨੇ ਦੇ ਸੀਜ਼ਨ ਵਿੱਚ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ ਐੱਮਐੱਸਪੀ 2461 ਪ੍ਰਤੀ ਕੁਇੰਟਲ ਤੈਅ ਕੀਤਾ ਹੋਇਆ ਹੈ ਅਤੇ ਝੋਨੇ ਦੀ ਬਿਲਿੰਗ ਵੀ 2461 ਰੁਪਏ ਦੇ ਹਿਸਾਬ ਨਾਲ ਹੀ ਹੋਵੇਗੀ। ਇਸ ਮੌਕੇ ਤੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਸੁੱਕੇ ਝੋਨੇ ਦਾ ਕੱਟ ਲਗਾਉਂਦਾ ਹੈ ਤਾਂ ਉਸ ਸਬੰਧੀ ਲਿਖਤੀ ਤੌਰ ਤੇ ਮਾਰਕੀਟ ਕਮੇਟੀ ਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾਵੇ, ਤਾਂ ਜੋ ਕੱਟ ਲਗਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਮੰਡੀਆਂ ਵਿੱਚ ਕਿਸਾਨਾਂ ਦਾ ਸੁੱਕਾ ਝੋਨਾ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਪੂਰੇ ਸਰਕਾਰੀ ਰੇਟ ਤੇ ਖਰੀਦਿਆ ਜਾ ਰਿਹਾ ਹੈ। ਇਸ ਮੌਕੇ ਤੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਲੈ ਕੇ ਆਉਣ, ਤਾਂ ਜੋ ਉਨ੍ਹਾਂ ਨੂੰ ਝੋਨੇ ਦਾ ਪੂਰਾ ਸਰਕਾਰੀ ਮੁੱਲ ਪ੍ਰਾਪਤ ਹੋ ਸਕੇ ਅਤੇ ਝੋਨੇ ਦੀ ਖਰੀਦ ਵੀ ਹੱਥੋਂ ਹੱਥੀ ਹੋ ਸਕੇ। -ਵਡਾਲਾ ਬਾਂਗਰ ਮੰਡੀ ’ਚ ਮਾਰਕਫੈੱਡ ਦੀ ਖਰੀਦ ਅੱਧ ਵਿਚਾਲੇ ਬੰਦ ਹੋਣ ਕਾਰਨ ਆੜ੍ਹਤੀ ਤੇ ਕਿਸਾਨ ਪਰੇਸ਼ਾਨ : ਆੜ੍ਹਤੀ ਮੱਖਣ ਸਿੰਘ ਵਡਾਲਾ ਬਾਂਗਰ ਅਨਾਜ ਮੰਡੀ ਦੇ ਵੱਖ-ਵੱਖ ਆੜ੍ਹਤੀਆਂ, ਕਿਸਾਨਾਂ ਤੋਂ ਇਲਾਵਾ ਆੜ੍ਹਤੀ ਮੱਖਣ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਵਡਾਲਾ ਬਾਂਗਰ ਅਨਾਜ ਮੰਡੀ ਵਿੱਚ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੇ ਝੋਨੇ ਦੀ ਖਰੀਦ ਲਈ ਪ੍ਰਸ਼ਾਸਨ ਵੱਲੋਂ ਵਡਾਲਾ ਬਾਂਗਰ ਮੰਡੀ ਵਿੱਚ ਮਾਰਕਫੈਡ ਅਤੇ ਪਨਗਰੇਨ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਖਰੀਦ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਅਚਾਨਕ ਅੱਧ ਵਿਚਾਲੇ ਮੰਡੀ ਵਿੱਚ ਮਾਰਕਫੈਡ ਵੱਲੋਂ ਝੋਨੇ ਦੀ ਖਰੀਦ ਬੰਦ ਕਰਨ ਤੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਕਿਹਾ ਕਿ ਮਾਰਕਫੈਡ ਦੀ ਖਰੀਦ ਸਬੰਧੀ ਪੋਰਟਲ ਬੰਦ ਹੋਣ ਕਾਰਨ ਆ ਰਹੀ ਪਰੇਸ਼ਾਨੀ ਨੂੰ ਦੂਰ ਕਰਨ ਅਤੇ ਮਾਰਕਫੈਡ ਵੱਲੋਂ ਖਰੀਦ ਸ਼ੁਰੂ ਕਰਨ ਸਬੰਧੀ ਆੜ੍ਹਤੀਆਂ ਵੱਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਭਰੋਸਾ ਪ੍ਰਗਟਾਇਆ ਹੈ ਕਿ ਮਾਰਕਫੈਡ ਵੱਲੋਂ ਜਲਦ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ। -ਜ਼ਿਲ੍ਹੇ ’ਚ 3 ਲੱਖ 60 ਹਜ਼ਾਰ ਮੀਟ੍ਰਿਕ ਟਨ ਝੋਨਾ ਖਰੀਦਿਆ : ਡੀਐੱਫਸੀ ਅਮਰਜੀਤ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਡੀਐੱਫਸੀ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚੋਂ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਨੇ ਹੁਣ ਤੱਕ 3 ਲੱਖ 60 ਹਜ਼ਾਰ ਦੇ ਕਰੀਬ ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੌਸਮ ਠੀਕ ਹੋਣ ਕਾਰਨ ਮੰਡੀਆਂ ਵਿੱਚ ਝੋਨੇ ਦੀ ਖਰੀਦ ਪੂਰੀ ਤੇਜ਼ੀ ਵਿੱਚ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਉਨ੍ਹਾਂ ਵਡਾਲਾ ਬਾਂਗਰ ਅਨਾਜ ਮੰਡੀ ’ਚ ਮਾਰਕਫੈੱਡ ਵੱਲੋਂ ਬੰਦ ਕੀਤੀ ਖਰੀਦ ਸਬੰਧੀ ਕਿਹਾ ਕਿ ਮੰਡੀ ਵਿੱਚ ਜਲਦੀ ਹੀ ਮਾਰਕਫੈੱਡ ਵੱਲੋਂ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ।