ਗੁਰਲੀਨ ਕੌਰ ਨੇ ਅਥਲੈਟਿਕਸ 'ਚ ਜਿੱਤੇ ਸੋਨੇ ਤੇ ਚਾਂਦੀ ਦੇ ਮੈਡਲ
ਸੋਨੇ ਤੇ ਚਾਂਦੀ ਦੇ ਮੈਡਲ ਜਿਤਣ ਵਾਲੀ ਵਿਦਿਆਰਥਣ ਗੁਰਲੀਨ ਕੌਰ ਤੇ ਹੋਰ ਪ੍ਰਬੰਧਕਾਂ ਨਾਲ।
Publish Date: Sat, 03 Oct 2026 03:20 PM (IST)
Updated Date: Sat, 03 Oct 2026 03:22 PM (IST)
ਕਸ਼ਮੀਰ ਸਿੰਘ ਸੰਧੂ\ਤਾਰਿਕ ਅਹਿਮਦ, ਪੰਜਾਬੀ ਜਾਗਰਣ ਕਾਦੀਆਂ: ਲੌਰੈਂਸ ਇੰਟਰਨੈਸ਼ਨਲ ਸਕੂਲ (ਡੱਲਾ ਮੋੜ, ਕਾਦੀਆਂ) ਦੀ ਵਿਦਿਆਰਥਣ ਗੁਰਲੀਨ ਕੌਰ ਨੇ ਗੁਰਦਾਸਪੁਰ ਵਿਖੇ ਆਯੋਜਿਤ ਅੰਡਰ-17 ਅੰਤਰ-ਸਕੂਲ ਜ਼ਿਲ੍ਹਾ ਅਥਲੈਟਿਕਸ ਪ੍ਰਤੀਯੋਗਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਗੌਰਮਿੰਟ ਕਾਲਜ ਗੁਰਦਾਸਪੁਰ ਦੇ ਖੇਡ ਮੈਦਾਨ ਵਿੱਚ ਕਰਵਾਈ ਗਈ ਇਸ ਪ੍ਰਤੀਯੋਗਤਾ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ ਭਾਗ ਲਿਆ। ਇਸ ਦੌਰਾਨ ਗੁਰਲੀਨ ਕੌਰ ਨੇ ਆਪਣੀ ਵਧੀਆ ਤਕਨੀਕ ਅਤੇ ਫੋਕਸ ਦਾ ਮੁਜ਼ਾਹਰਾ ਕਰਦੇ ਹੋਏ ਸ਼ਾਟਪੁੱਟ ਈਵੈਂਟ ਵਿੱਚ ਸੋਨੇ ਦਾ ਮੈਡਲ ਅਤੇ ਡਿਸਕਸ ਥ੍ਰੋ ਵਿੱਚ ਚਾਂਦੀ ਦਾ ਮੈਡਲ ਹਾਸਲ ਕੀਤਾ। ਇਸ ਪ੍ਰਾਪਤੀ ਤੇ ਸਕੂਲ ਪ੍ਰਿੰਸੀਪਲ ਡਾ. ਰਮਨ ਕੁਮਾਰ ਨੇ ਗੁਰਲੀਨ ਦੀ ਮਿਹਨਤ ਅਤੇ ਅਨੁਸ਼ਾਸਨ ਦੀ ਸ਼ਲਾਘਾ ਕੀਤੀ। ਜਦਕਿ ਸਕੂਲ ਪ੍ਰਬੰਧਕ ਸੁਖਜਿੰਦਰ ਸਿੰਘ ਮੱਲਿਆਂਵਾਲ ਨੇ ਵੀ ਗੁਰਲੀਨ ਨੂੰ ਮੁਬਾਰਕਬਾਦ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਭਗਵੰਤ ਸਿੰਘ (ਇੰਟਰਨੈਸ਼ਨਲ ਕੋਚ) ਨੇ ਦੱਸਿਆ ਕਿ ਗੁਰਲੀਨ ਨਿਯਮਤ ਅਭਿਆਸ ਅਤੇ ਖੇਡ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਵੀ ਗੁਰਲੀਨ ਕੌਰ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ।