- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਲ੍ਹ ’ਚ ਬੰਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ਅਮਨਦੀਪ ਕੌਰ ਨੇ ਅਮਰੀਕਾ ਤੋਂ ਵਾਪਸ ਪਰਤ ਕੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕਿਸੇ ਪਾਰਟੀ ਵੱਲੋਂ ਜਾਂ ਫਿਰ ਆਜ਼ਾਦ ਤੌਰ 'ਤੇ ਚੋਣ ਲੜੇਗੀ।

ਡੇਰਾ ਬਾਬਾ ਨਾਨਕ ਦੇ ਪਿੰਡ ਸਰਫਕੋਟ ਵਿੱਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਅਮਨਦੀਪ ਕੌਰ ਦੀ ਰਾਜਨੀਤੀ ਵਿੱਚ ਐਂਟਰੀ ਨੇ ਸਿਆਸੀ ਗਲਿਆਰਿਆਂ ਵਿੱਚ ਪੂਰੀ ਤਰ੍ਹਾਂ ਹਲਚਲ ਮਚਾ ਦਿੱਤੀ ਹੈ। ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਪਰਤੀ ਅਮਨਦੀਪ ਕੌਰ ਨੇ ਪਿੰਡ ਸਰਫਕੋਟ ਵਿੱਚ ਚੋਣ ਮੀਟਿੰਗ ਦੌਰਾਨ ਇਹ ਐਲਾਨ ਕੀਤਾ ਹੈ ਕਿ ਉਹ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਜਾ ਰਹੀ ਹੈ।
ਅਮਰੀਕਾ ਤੋਂ ਡੈਂਟਸਿਟ ਦੀ ਪੜ੍ਹਾਈ ਕਰਕੇ ਹਲਕੇ ਵਿੱਚ ਪਰਤੀ ਭਗਵਾਨਪੁਰੀਆ ਦੀ ਪਤਨੀ ਅਮਨਦੀਪ ਕੌਰ ਨੇ ਕਿਹਾ ਕਿ ਉਹ ਡੇਰਾ ਬਾਬਾ ਨਾਨਕ ਹਲਕੇ ਦੀ ਧੀ ਅਤੇ ਨੂੰਹ ਹੈ। ਇਸ ਲਈ, ਆਪਣੇ ਪਰਿਵਾਰ ਦੀ ਸੇਵਾ ਕਰਨਾ ਉਸਦਾ ਫਰਜ਼ ਹੈ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਆਈ ਹੈ। ਉਸਦਾ ਦਾਅਵਾ ਹੈ ਕਿ ਉਹ ਹੁਣ ਇੱਥੇ ਸਥਾਈ ਤੌਰ 'ਤੇ ਰਹੇਗੀ ਅਤੇ ਲੋਕਾਂ ਦੀ ਸੇਵਾ ਕਰੇਗੀ।
ਪਤੀ ਜੱਗੂ ਭਗਵਾਨਪੁਰੀਆ 'ਤੇ ਲੱਗੇ ਗੈਂਗਸਟਰ ਦੇ ਠੱਪੇ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਜੱਗੂ ਨਹੀਂ, ਜਗਦੀਪ ਸਿੰਘ ਅਠਵਾਲ ਹੈ। ਕੋਈ ਵੀ ਗੈਂਗਸਟਰ ਆਪਣੀ ਮਾਂ ਦੇ ਪੇਟ ਤੋਂ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਨੂੰ ਵੀ ਇੱਕ ਆਮ ਇਨਸਾਨ ਵਾਂਗ ਦੇਖਣਾ ਚਾਹੀਦਾ ਹੈ ਅਤੇ ਗੈਂਗਸਟਰ ਦਾ ਟੈਗ ਖ਼ਤਮ ਹੋਣਾ ਚਾਹੀਦਾ ਹੈ।
ਅਮਨਦੀਪ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਸਹੂਲਤਾਂ ਦੇ ਰੂਪ ਵਿੱਚ ਬੇਹੱਦ ਪਛੜਿਆ ਹੋਇਆ ਹੈ। ਸਿਹਤ ਅਤੇ ਸਿੱਖਿਆ ਵਿੱਚ ਹਲਕਾ ਕਾਫ਼ੀ ਪਿੱਛੇ ਹੈ। ਅੱਜ ਵੀ ਲੋਕਾਂ ਨੂੰ ਇਲਾਜ ਲਈ ਅੰਮ੍ਰਿਤਸਰ ਜਾਂ ਹੋਰ ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ।
ਨਸ਼ੇ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਿਰਫ਼ ਨਸ਼ਾ-ਨਸ਼ਾ ਕਹਿਣ ਨਾਲ ਇਸ ਦਾ ਹੱਲ ਨਹੀਂ ਹੋਵੇਗਾ, ਨਸ਼ੇ ਦੀ ਅਸਲ ਜੜ੍ਹ ਬੇਰੁਜ਼ਗਾਰੀ ਹੈ। ਜੇਕਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਤਾਂ ਉਹ ਖ਼ੁਦ ਹੀ ਇਸ ਤੋਂ ਤੌਬਾ ਕਰ ਲੈਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੋਂ ਪਹਿਲਾਂ ਜਗਦੀਪ ਦੀ ਮਾਸੀ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਕੰਮ ਕਰ ਰਹੀ ਸੀ। ਹੁਣ ਲੋਕਾਂ ਦੀ ਇੱਛਾ ਮੁਤਾਬਕ ਉਹ ਰਾਜਨੀਤੀ ਵਿੱਚ ਉਤਰੀ ਹੈ।
ਉਨ੍ਹਾਂ ਨੂੰ ਵਿਸ਼ਵਾਸ ਹੈ ਕਿ 2027 ਦੀਆਂ ਚੋਣਾਂ ਵਿੱਚ ਜਿੱਤ ਦਿਵਾਉਣਗੇ। ਉਨ੍ਹਾਂ ਕਿਹਾ ਕਿ ਮੇਰਾ ਪਿਛੋਕੜ ਰਾਜਨੀਤੀ ਨਾਲ ਸੰਬੰਧਿਤ ਨਹੀਂ ਹੈ। ਬੱਸ ਲੋਕਾਂ ਦੇ ਪਿਆਰ ਸਦਕਾ ਹੀ ਉਹ ਰਾਜਨੀਤੀ ਵਿੱਚ ਉਤਰੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਸੀ ਪਰ ਕੁਝ ਚੀਜ਼ਾਂ ਨੂੰ ਲਾਗੂ ਕਰਵਾਉਣ ਲਈ ਰਾਜਨੀਤੀ ਵਿੱਚ ਉਤਰਨਾ ਜ਼ਰੂਰੀ ਸੀ।