ਕਿਸਾਨਾਂ ਵੱਲੋਂ ਕਣਕ ਦੀ ਫ਼ਸਲ ਨੂੰ ਪਹਿਲੇ ਪਾਣੀ ਦੀ ਸਿੰਚਾਈ ਸ਼ੁਰੂ ਖੇਤੀਬਾੜੀ ਅਫਸਰ ਡਾਕਟਰ
Publish Date: Sat, 21 Nov 2026 06:44 PM (IST)
Updated Date: Sat, 21 Nov 2026 06:46 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਕਣਕ ਦੀ ਖੇਤੀ ਵਿੱਚ ਮੋਹਰੀ ਮੰਨੇ ਜਾਣ ਵਾਲੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਿਸਾਨਾਂ ਵੱਲੋਂ ਬਿਜਾਈ ਕੀਤੀ ਗਈ ਕਣਕ ਨੂੰ ਪਹਿਲੇ ਪਾਣੀ ਦੀ ਸਿੰਚਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਦੱਸਣ ਯੋਗ ਹੈ ਕਿ ਇਸ ਵਾਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਇਕ ਲੱਖ 84 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕਰਨ ਦਾ ਟੀਚਾ ਰੱਖਿਆ ਹੋਇਆ ਹੈ ਅਤੇ ਕਿਸਾਨਾ ਵੱਲੋਂ ਖੇਤੀਬਾੜੀ ਵਿਭਾਗ ਤੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਨਜੂਰ ਸ਼ੁਦਾ ਕਣਕ ਦੀਆ ਕਿਸਮਾਂ ਦੀ ਬਿਜਾਈ ਨੂੰ ਤਰਜ਼ੀਹ ਦਿੱਤੀ ਗਈ ਹੈ। ਇੱਥੇ ਦੱਸਣ ਯੋਗ ਹੈ ਕਿ ਇਸ ਵਾਰ ਖੇਤੀਬਾੜੀ ਵਿਭਾਗ ਵੱਲੋਂ ਇਸ ਸਾਲ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਨਸ਼ਟ ਕਰਕੇ ਖੇਤਾਂ ਵਿਚ ਕਣਕ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਸਬਸਿਡੀ ਤੇ ਸੁਪਰ ਸੀਡਰ ਅਤੇ ਹੈਪੀ ਸੀਡਰ ਸਮੇਤ ਸੰਦ ਕਿਸਾਨਾਂ ਨੂੰ ਮੁਹੱਈਆ ਕਰਵਾਏ ਗਏ ਸਨ, ਜਿਸ ਨਾਲ ਕਿਸਾਨਾਂ ਵੱਲੋਂ ਇਸ ਵਾਰ ਝੋਨੇ ਦੀ ਪਰਾਲੀ ਵਾਲੇ ਖੇਤਾਂ ਵਿਚ ਅਗੇਤੀ ਅਤੇ ਪਛੇਤੀ ਕਿਸਮ ਦੀਆਂ ਵਰਾਇਟੀ ਦੀ ਕਣਕ ਬਿਜਾਈ ਕੀਤੀ ਜਾ ਰਹੀ ਹੈ। ਝੋਨੇ ਦੀ ਕਟਾਈ ਕਰਨ ਤੋਂ ਬਾਅਦ ਕਣਕ ਦੀ ਬਿਜਾਈ ਕਾਰਨ ਪਰੰਤ ਕਣਕਾਂ ਨੂੰ ਪਹਿਲਾਂ ਪਾਣੀ ਲਗਾ ਰਹੇ ਕਿਸਾਨ ਜਸਵੰਤ ਸਿੰਘ ਭੰਗਵਾਂ, ਅੰਮ੍ਰਿਤਪਾਲ ਸਿੰਘ, ਹਰਵਿੰਦਰ ਸਿੰਘ ਕਲਾਨੌਰ, ਦਿਲਬਾਗ ਸਿੰਘ ਪੱਡਾ, ਮਨਦੀਪ ਸਿੰਘ ਆਦਿ ਕਿਸਾਨਾਂ ਤੋਂ ਇਲਾਵਾ ਨੇ ਦੱਸਿਆ ਕਿ ਉਹਨਾਂ ਵੱਲੋਂ ਪੰਜੀ ਨਵੰਬਰ ਤੋਂ ਬਾਅਦ ਬਜਾਈ ਕੀਤੀ ਗਈ ਕਣਕ ਦੀ ਫਸਲ ਨੂੰ ਪਹਿਲੇ ਪਾਣੀ ਦੀ ਸਿੰਚਾਈ ਕਰ ਦਿੱਤੀ ਗਈ ਹੈ। ਇਸ ਮੌਕੇ ਤੇ ਅਗਾਂਹਵਧੂ ਕਿਸਾਨ ਪਰਮਿੰਦਰ ਸਿੰਘ ਰੰਧਾਵਾ ਕਲਾਨੌਰ ਨੇ ਦੱਸਿਆ ਕਿ ਉਹਨਾਂ ਵੱਲੋਂ 31 ਨਵੰਬਰ ਨੂੰ ਆਪਣੇ ਪੰਜ ਏਕੜ ਵਿੱਚ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਅਗੇਤੀ ਕਣਕ ਦੀ ਬਿਜਾਈ ਕੀਤੀ ਸੀ ਅਤੇ ਸ਼ਨਿੱਚਰਵਾਰ ਨੂੰ 21 ਦਿਨ ਪੂਰੇ ਹੋਣ ’ਤੇ ਖੇਤੀਬਾੜੀ ਵਿਭਾਗ ਦੀ ਸਿਫਾਰਸ਼ ’ਤੇ ਕਣਕ ਦੇ ਖੇਤਾਂ ਵਿੱਚ ਪਹਿਲੇ ਪਾਣੀ ਦੀ ਸਿੰਚਾਈ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੂਸਰਾ ਪਾਣੀ 45 ਦਿਨਾਂ ਬਾਅਦ ਜਨਵਰੀ ਮਹੀਨੇ ਵਿੱਚ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹਨਾਂ ਵੱਲੋਂ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਦੌਰਾਨ ਪ੍ਰਤੀ ਏਕੜ ਰਕਬੇ ਵਿੱਚ 40 ਕਿਲੋ ਬੀਜ ਅਤੇ 50 ਕਿਲੋ ਡਾਇਆ ਖਾਦ ਪਾਈ ਗਈ ਸੀ ਜਦ ਕਿ ਕਣਕ ਦੀ ਬਜਾਈ ਤੋਂ 20 ਦਿਨ ਬਾਅਦ ਪ੍ਰਤੀ ਏਕੜ ਰਕਬੇ ’ਚ 45 ਕਿਲੋ ਯੂਰੀਆ ਖਾਦ ਪਾਉਣ ਤੋਂ ਬਾਅਦ ਅਗਲੇ ਦਿਨ ਪਾਣੀ ਦੀ ਸਿੰਚਾਈ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਾਣੀ ਲਗਾਉਣ ਤੋਂ ਬਾਅਦ ਜੇਕਰ ਫ਼ਸਲ ਵਿੱਚ ਨਦੀਨ ਨਾਸ਼ਕ ਹੋਵੇਗਾ ਤਾਂ ਖੇਤੀਬਾੜੀ ਮਾਹਰਾਂ ਦੀ ਸਲਾਹ ਨਾਲ ਨਦੀਨ ਨਾਸ਼ਕ ਦਵਾਈਆਂ ਦੀ ਸਪਰੇ ਕੀਤੀ ਜਾਵੇਗੀ। ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਆਪਣੇ ਖੇਤਾਂ ਵਿੱਚ ਕਣਕ ਦੀ ਬਿਜਾਈ ਦੌਰਾਨ ਕੇਵਲ ਦੋ ਬੋਰੀਆਂ ਯੂਰੀਆ ਖਾਦ ਦੀ ਵਰਤੋਂ ਕਰਦਾ ਆ ਰਿਹਾ ਹੈ ਪਰੰਤੂ ਇਸਦੇ ਬਾਵਜੂਦ ਵੀ ਹਰ ਸਾਲ ਕਣਕ ਦਾ ਝਾੜ 22 ਕੁਇੰਟਲ ਤੋਂ ਵੱਧ ਨਿਕਲਦਾ ਆ ਰਿਹਾ ਹੈ। - ਮਾਹਰਾਂ ਦੀ ਸਲਾਹ ਤੇ ਕਣਕ ਨੂੰ ਖਾਦਾਂ ਤੇ ਸਪਰੇਅ ਕਰਨ : ਡਾ. ਚੀਮਾ ਜਿਲਾ ਗੁਰਦਾਸਪੁਰ ਦੇ ਖੇਤੀਬਾੜੀ ਅਫਸਰ ਡਾ. ਸ਼ਾਹਬਾਜ਼ ਸਿੰਘ ਚੀਮਾਂ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਲਈ 25 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤੱਕ ਜ਼ਿਲ੍ਹੇ ਵਿੱਚ 95 ਫੀਸਦੀ ਦੇ ਕਰੀਬ ਕਣਕ ਦੀ ਬਿਜਾਈ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਮੇ-ਸਮੇ ਤੇ ਖੇਤੀਬਾੜੀ ਮਾਹਿਰਾ ਦੀ ਸਲਾਹ ਉਪਰੰਤ ਹੀ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕੀਤੀ ਜਾਵੇ।