ਗੁਰਦਾਸਪੁਰ 'ਚ ਕਣਕ ਦੀ ਬਿਜਾਈ ਆਖ਼ਰੀ ਪੜਾਅ 'ਤੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ 'ਚ ਕਣਕ ਦੀ ਬਿਜਾਈ ਆਖ਼ਰੀ ਪੜਾਅ 'ਤੇ
Publish Date: Fri, 13 Nov 2026 05:32 PM (IST)
Updated Date: Sat, 14 Nov 2026 04:03 AM (IST)
- ਵਿਭਾਗੀ ਅੰਕੜਿਆਂ ਅਨੁਸਾਰ 1 ਲੱਖ 84 ਹਜ਼ਾਰ ਹੈਕਟੇਅਰ ’ਚ ਕਣਕ ਦੀ ਬਿਜਾਈ ਕਰਨ ਦਾ ਟੀਚਾ ਮਿੱਥਿਆ - ਕਿਸਾਨਾਂ ਵੱਲੋਂ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਜ਼ੋਰਾਂ ਤੇ ਜੀਆਰਪੀ- ਕਲਾਨੌਰ ਦੇ ਪਿੰਡ ਭੰਡਵਾਂ ਵਿਖੇ ਕਣਕ ਦੀ ਬਿਜਾਈ ਕਰਦੇ ਹੋਏ ਕਿਸਾਨ। ਜੀਆਰਪੀ- ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾਕਟਰ ਸ਼ਾਹਬਾਜ਼ ਸਿੰਘ ਚੀਮਾ। ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਕਣਕ ਦੀ ਖੇਤੀ ਵਿੱਚ ਮੋਹਰੀ ਮੰਨੇ ਜਾਣ ਵਾਲੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਣਕ ਦੀ ਅਗੇਤੀ ਬਿਜਾਈ ਆਖ਼ਰੀ ਪੜਾਅ ’ਚ ਪੂਰੇ ਜ਼ੋਰਾਂ ਤੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ। ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਵਾਰ ਜ਼ਿਲ੍ਹਾ ਗੁਰਦਾਸਪੁਰ ’ਚ 1 ਲੱਖ 84 ਹਜ਼ਾਰ ਹੈਕਟੇਅਰ ਵਿੱਚ ਕਣਕ ਦੀ ਬਿਜਾਈ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ। ਸ਼ੁੱਕਰਵਾਰ ਨੂੰ ਬਾਰਡਰ ਏਰੀਆ ਨਾਲ ਸਬੰਧਤ ਖੇਤੀਬਾੜੀ ਵਿਭਾਗ ਦੇ ਬਲਾਕ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਅਸਮਾਨ ਵਿੱਚ ਮੌਸਮ ਖ਼ਰਾਬ ਦਿਖਾਈ ਦੇਣ ਦੇ ਮੱਦੇਨਜ਼ਰ ਕਿਸਾਨਾਂ ਵੱਲੋਂ ਖੇਤਾਂ ਵਿੱਚ ਕਣਕ ਦੀ ਬਿਜਾਈ ਸੁਪਰ ਸੀਡਰਾਂ ਨਾਲ ਪੂਰੇ ਜ਼ੋਰਾਂ ਵਿੱਚ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਕਿਸਾਨ ਧਰਮਿੰਦਰਜੀਤ ਸਿੰਘ, ਬਲਵਿੰਦਰ ਸਿੰਘ, ਪਰਗਣ ਸਿੰਘ, ਅੰਮ੍ਰਿਤਪਾਲ ਸਿੰਘ, ਕੁਲਵੰਤ ਸਿੰਘ, ਅਮਨਦੀਪ ਸਿੰਘ, ਰਣਦੀਪ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਬਿਜਾਈ ਸਰਕਾਰ ਵੱਲੋਂ ਪਹਿਲੇ ਸਾਲ ਨਾਲੋਂ 15 ਦਿਨ ਪਹਿਲਾਂ ਕਰਨ ਕਰਕੇ ਕਿਸਾਨਾਂ ਵੱਲੋਂ 1 ਜੂਨ ਤੋਂ ਹੀ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਦੇ ਮੱਦੇਨਜ਼ਰ ਝੋਨੇ ਦੀ ਫ਼ਸਲ ਪਿਛਲੇ ਸਾਲ ਨਾਲੋਂ ਪਹਿਲਾਂ ਪੱਕਣ ਕਰਕੇ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਦੀ ਸਲਾਹ ਤੇ ਮਨਜ਼ੂਰਸ਼ੁਦਾ ਕਣਕ ਦੀਆਂ ਵਰਾਇਟੀਆਂ, ਜਿਨ੍ਹਾਂ ਵਿੱਚ ਪੀਬੀਡਬਲਯੂ 822, 887, ਡੀਬੀਡਬਲਯੂ 327, ਐਚਟੀ 3386 ਆਦਿ ਕਣਕ ਦੀਆਂ ਅਗੇਤੀਆਂ ਕਿਸਮਾਂ ਦੀ ਬਿਜਾਈ 25 ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਗਈ ਸੀ। ਕਿਸਾਨਾਂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ਤੇ ਦਿੱਤੇ ਸੁਪਰ ਸੀਡਰਾਂ, ਹੈਪੀ ਸੀਡਰਾਂ ਅਤੇ ਡ੍ਰਿੱਲਾਂ ਨਾਲ ਝੋਨੇ ਦੇ ਖੇਤਾਂ ਵਿੱਚ ਸਿੱਧੀ ਕਣਕ ਦੀ ਬਿਜਾਈ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਅਗੇਤੀ ਕਿਸਮ ਦਾ ਢੁਕਵਾਂ ਸਮਾਂ 15 ਨਵੰਬਰ ਤੱਕ ਹੋਣ ਤੇ ਕਿਸਾਨਾਂ ਵੱਲੋਂ ਸਮੇਂ ਸਿਰ ਆਪਣੇ ਖੇਤਾਂ ਵਿੱਚ ਕਣਕ ਦੀਆਂ ਅਗੇਤੀਆਂ ਕਿਸਮਾਂ ਦੀ ਬਿਜਾਈ ਨੂੰ ਲਗਭਗ ਮੁਕੰਮਲ ਕਰ ਲਿਆ ਗਿਆ ਹੈ, ਜਦਕਿ ਜਿਹੜੇ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਪਛੇਤੀਆਂ ਬਾਸਮਤੀਆਂ ਦੀ ਬਿਜਾਈ ਕੀਤੀ ਸੀ, ਉਨ੍ਹਾਂ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਮਨਜ਼ੂਰਸ਼ੁਦਾ ਪਛੇਤੀਆਂ ਕਣਕ ਦੀਆਂ ਕਿਸਮਾਂ, ਜਿਨ੍ਹਾਂ ਵਿੱਚ ਪੀਬੀਡਬਲਯੂ 752, 771, 752 ਆਦਿ ਮਨਜ਼ੂਰਸ਼ੁਦਾ ਕਣਕ ਦੀਆਂ ਕਿਸਮਾਂ ਦੀ ਬਿਜਾਈ ਸ਼ੁਰੂ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਅਸਮਾਨ ਵਿੱਚ ਛਾਏ ਬੱਦਲਾਂ ਅਤੇ ਮੀਂਹ ਦੇ ਡਰ ਕਾਰਨ ਕਣਕ ਦੀ ਪਛੇਤੀ ਬਿਜਾਈ ਕਰਨ ਵਾਲੇ ਕਿਸਾਨ ਚਿੰਤਤ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਬਾਰਿਸ਼ ਹੋ ਜਾਂਦੀ ਹੈ ਤਾਂ ਕਣਕ ਦੀਆਂ ਪਛੇਤੀ ਕਿਸਮਾਂ ਦੀ ਬਿਜਾਈ ਵੀ ਪਿੱਛੜ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਪੂਰੇ ਜ਼ੋਰਾਂ ਵਿੱਚ ਕੀਤੀ ਜਾ ਰਹੀ ਹੈ, ਕਿਉਂਕਿ ਸਮੇਂ ਸਿਰ ਬਿਜਾਈ ਕੀਤੀ ਗਈ ਕਣਕ ਦਾ ਝਾੜ ਵਧੀਆ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਣਕ ਦੀ ਬਿਜਾਈ ਲੇਟ ਹੁੰਦੀ ਹੈ ਤਾਂ ਝਾੜ ਵੀ ਘੱਟ ਨਿਕਲਦਾ ਹੈ। ਜ਼ਿਲ੍ਹੇ ਵਿੱਚ 88 ਫ਼ੀਸਦੀ ਮੁਕੰਮਲ ਹੋ ਚੁੱਕੀ ਹੈ ਕਣਕ ਦੀ ਬਿਜਾਈ : ਸ਼ਾਹਬਾਜ਼ ਚੀਮਾ ਜ਼ਿਲ੍ਹਾ ਗੁਰਦਾਸਪੁਰ ਦੇ ਖੇਤੀਬਾੜੀ ਅਫ਼ਸਰ ਡਾਕਟਰ ਸ਼ਾਹਬਾਜ਼ ਸਿੰਘ ਚੀਮਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਵਾਰ 1 ਲੱਖ 84 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕਰਨ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 88 ਫ਼ੀਸਦੀ ਬਿਜਾਈ ਮੁਕੰਮਲ ਹੋ ਚੁੱਕੀ ਹੈ। ਇਸ ਮੌਕੇ ਤੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਬਿਜਾਈ ਦੇ 21 ਦਿਨਾਂ ਬਾਅਦ ਪਹਿਲੇ ਪਾਣੀ ਦੀ ਸਿੰਚਾਈ ਕੀਤੀ ਜਾਵੇ ਅਤੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਤੇ ਹੀ ਖਾਦ ਅਤੇ ਨਦੀਨ ਨਾਸ਼ਕ ਦਵਾਈਆਂ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਨਜ਼ੂਰਸ਼ੁਦਾ ਕਣਕ ਦੀਆਂ ਅਗੇਤੀਆਂ ਅਤੇ ਪਛੇਤੀਆਂ ਕਿਸਮਾਂ ਦੀ ਬਿਜਾਈ ਕਰਵਾਈ ਜਾ ਰਹੀ ਹੈ।