ਦਾਣਾ ਮੰਡੀ ਵਿੱਚ ਖੁੱਲ੍ਹੇ ਅਸਮਾਨ ਹੇਠਾਂ ਪਈਆਂ ਕਣਕ ਦੀਆਂ ਬੋਰੀਆਂ ਬਾਰਿਸ਼ ਕਾਰਨ ਖ਼ਰਾਬ ਦਾਣਾ ਮੰਡੀ ਵਿੱਚ ਖੁੱਲ੍ਹੇ ਅਸਮਾਨ ਹੇਠਾਂ ਪਈਆਂ ਕਣਕ ਦੀਆਂ ਬੋਰੀਆਂ ਬਾਰਿਸ਼ ਕਾਰਨ ਖ਼ਰਾਬ
Publish Date: Tue, 25 Aug 2026 05:26 PM (IST)
Updated Date: Wed, 26 Aug 2026 04:01 AM (IST)
ਪਲਵਿੰਦਰ ਸਿੰਘ, ਪੰਜਾਬੀ ਜਾਗਰਣ ਗੁਰਦਾਸਪੁਰ: ਗੁਰਦਾਸਪੁਰ ਦੀ ਅਨਾਜ ਮੰਡੀ ਵਿੱਚ ਪੰਜਾਬ ਵੇਅਰ ਹਾਊਸ ਵੱਲੋਂ ਰੱਖੀ ਗਈ ਕਣਕ ਦੇ ਭੰਡਾਰਣ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਮੰਡੀ ਵਿੱਚ ਕਾਫ਼ੀ ਗਿਣਤੀ ਵਿੱਚ ਕਣਕ ਦੀਆਂ ਬੋਰੀਆਂ ਖੁੱਲ੍ਹੇ ਮੈਦਾਨ ਵਿੱਚ ਰੱਖੀਆਂ ਹੋਈਆਂ ਹਨ ਜਿੱਥੇ ਹਾਲ ਹੀ ਵਿੱਚ ਹੋਈ ਬਾਰਿਸ਼ ਕਾਰਨ ਕਈ ਬੋਰੀਆਂ ਭਿੱਜ ਗਈਆਂ ਅਤੇ ਕਣਕ ਖ਼ਰਾਬ ਹੋਣ ਦੀ ਗੱਲ ਸਾਹਮਣੇ ਆਈ ਹੈ। ਮੰਡੀ ਵਿੱਚ ਕਣਕ ਨੂੰ ਬਾਰਿਸ਼ ਅਤੇ ਹੋਰ ਮੌਸਮੀ ਹਾਲਾਤਾਂ ਤੋਂ ਬਚਾਉਣ ਲਈ ਲੋੜੀਂਦੇ ਪ੍ਰਬੰਧ ਪੂਰੀ ਤਰ੍ਹਾਂ ਨਾਕਾਫ਼ੀ ਨਜ਼ਰ ਆ ਰਹੇ ਹਨ। ਬੋਰੀਆਂ ਦੇ ਰੈਕ ਖੁੱਲ੍ਹੇ ਵਿੱਚ ਲਾਏ ਗਏ ਹਨ ਜਿਸ ਕਾਰਨ ਬਾਰਿਸ਼ ਤੋਂ ਬਾਅਦ ਕਈ ਬੋਰੀਆਂ ਭਿੱਜ ਗਈਆਂ ਹਨ ਜਿਸ ਨਾਲ ਕਾਫ਼ੀ ਮਾਤਰਾ ਵਿੱਚ ਅਨਾਜ ਖ਼ਰਾਬ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਸੀ ਜਿਸ ਦੇ ਬਾਵਜੂਦ ਸਰਕਾਰੀ ਅਨਾਜ ਦੀ ਸੁਰੱਖਿਆ ਨੂੰ ਲੈ ਕੇ ਲੋੜੀਂਦੇ ਕਦਮ ਨਹੀਂ ਚੁੱਕੇ ਗਏ। ਜੇਕਰ ਸਮੇਂ ਰਹਿੰਦਿਆਂ ਚੰਗੀ ਤਰ੍ਹਾਂ ਤਰਪਾਲ, ਕਵਰ ਜਾਂ ਹੋਰ ਲੋੜੀਂਦੇ ਪ੍ਰਬੰਧ ਕਰ ਲਏ ਜਾਂਦੇ ਤਾਂ ਅਨਾਜ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਸੀ। ਇਸ ਮਾਮਲੇ ਤੇ ਪੰਜਾਬ ਵੇਅਰ ਹਾਊਸ ਗੁਰਦਾਸਪੁਰ ਦੇ ਮੈਨੇਜਰ ਕਮਲ ਕਿਸ਼ੋਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਣਕ ਦੇ ਖ਼ਰਾਬ ਹੋਣ ਲਈ ਮੁੱਖ ਰੂਪ ਵਿੱਚ ਮੌਸਮ ਨੂੰ ਜ਼ਿੰਮੇਵਾਰ ਦੱਸਿਆ ਅਤੇ ਕਿਹਾ ਕਿ ਬਾਰਿਸ਼ ਕਾਰਨ ਕਣਕ ਖ਼ਰਾਬ ਹੋਈ ਹੈ। ਖ਼ਰਾਬ ਮੌਸਮ ਕਾਰਨ ਇਹ ਸਮੱਸਿਆ ਪੈਦਾ ਹੋਈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਮੌਕੇ ਤੇ ਭੇਜ ਦਿੱਤਾ ਗਿਆ ਹੈ। ਕਣਕ ਨੂੰ ਸੁਕਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ ਸਵਾਲ ਇਹ ਹੈ ਕਿ ਕੀ ਸਿਰਫ਼ ਬਾਰਿਸ਼ ਨੂੰ ਹੀ ਕਣਕ ਖ਼ਰਾਬ ਹੋਣ ਦਾ ਕਾਰਨ ਮੰਨਿਆ ਜਾ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਣਕ ਨੂੰ ਸੁਰੱਖਿਅਤ ਰੱਖਣ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗ ਵੱਲੋਂ ਮੰਡੀ ਵਿੱਚ ਰੱਖੀ ਗਈ ਕਣਕ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਵਾਇਆ ਜਾਂਦਾ ਹੈ ਜਾਂ ਨਹੀਂ। ਇਹ ਵੀ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਭਵਿੱਖ ਵਿੱਚ ਸਰਕਾਰੀ ਅਨਾਜ ਨੂੰ ਬਾਰਿਸ਼ ਅਤੇ ਹੋਰ ਮੌਸਮੀ ਨੁਕਸਾਨ ਤੋਂ ਬਚਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਂਦੇ ਹਨ ਜਾਂ ਨਹੀਂ।