ਸੱਕੀ ਕਿਰਨ ਨਾਲੇ 'ਚ ਪਾਣੀ ਦਾ ਪੱਧਰ ਵਧਿਆ, ਕਿਸਾਨਾਂ ਦੇ ਸਾਹ ਸੁੱਕੇ ਸੱਕੀ ਕਿਰਨ ਨਾਲੇ 'ਚ ਪਾਣੀ ਦਾ ਪੱਧਰ ਵਧਿਆ, ਕਿਸਾਨਾਂ ਦੇ ਸਾਹ ਸੁੱਕੇ
Publish Date: Thu, 20 Aug 2026 05:57 PM (IST)
Updated Date: Thu, 20 Aug 2026 06:00 PM (IST)
--ਪਿਛਲੇ ਸਾਲ ਵੀ ਸੱਕੀ ਕਿਰਨ ਨਾਲੇ ਨੇ ਸਰਹੱਦੀ ਪਿੰਡਾਂ ਵਿੱਚ ਮਚਾਈ ਸੀ ਵੱਡੀ ਤਬਾਹੀ: ਪਰਮਿੰਦਰਜੀਤ ਸਿੰਘ ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਈ ਮੋਹਲੇਧਾਰ ਬਾਰਿਸ਼ ਦੇ ਕਾਰਨ ਵੀਰਵਾਰ ਨੂੰ ਬਾਰਡਰ ਏਰੀਏ ਦੇ ਪਿੰਡਾਂ ਵਿਚੋਂ ਗੁਜ਼ਰਦੇ ਸੱਕੀ ਕਿਰਨ ਨਾਲੇ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਜਿੱਥੇ ਕਿਰਨ ਦੇ ਆਸ ਪਾਸ ਬੈਠੇ ਗੁੱਜ਼ਰਾਂ ਭਾਈਚਾਰੇ ਦੇ ਲੋਕ ਉੱਚੀਆਂ ਥਾਵਾਂ ਤੇ ਚਲੇ ਗਏ ਹਨ। ਉਥੇ ਕਿਰਨ ਨਾਲੇ ਦੇ ਨਾਲ-ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਦੇ ਸਾਹ ਸੁੱਕੇ ਹੋਏ ਹਨ। ਇੱਥੇ ਦੱਸਣ ਯੋਗ ਹੈ ਕਿ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਏਰੀਏ ਵਿੱਚ ਵਹਿੰਦੇ ਇਸ ਟੇਢੇ ਮੇਡੇ ਸੱਕੀ ਕਿਰਨ ਨਾਲੇ ਵਿੱਚ ਵਧੇ ਪਾਣੀ ਅਤੇ ਬਰਸਾਤ ਦਾ ਪਾਣੀ ਖੇਤਾਂ ਵਿੱਚ ਖੜ੍ਹਾ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਲਾਨੌਰ ਦੇ ਕਿਸਾਨ ਪਰਮਿੰਦਰਜੀਤ ਸਿੰਘ ਗੁਰਾਇਆ, ਰਮੇਸ਼ ਕੁਮਾਰ, ਬਾਵਾ ਸਿੰਘ, ਅਮਰਜੀਤ ਸਿੰਘ ਆਦਿ ਨੇ ਦੱਸਿਆ ਕਿ ਜਿਹੜਾ ਗੁਰਦਾਸਪੁਰ ਨਾਲ ਸੰਬੰਧਿਤ ਬਲਾਕ ਕਲਾਨੌਰ, ਦੋਰਾਂਗਲਾ, ਦੀਨਾਨਗਰ, ਡੇਰਾ ਬਾਬਾ ਨਾਨਕ ਅਤੇ ਅੰਮ੍ਰਿਤਸਰ ਨਾਲ ਸੰਬੰਧਿਤ ਤਹਿਸੀਲ ਅਜਨਾਲਾ ਸਮੇਤ ਸੈਂਕੜੇ ਪਿੰਡਾਂ ਵਿੱਚੋਂ ਦੀ ਗੁਜ਼ਰਦੇ ਸੱਕੀ ਕਿਰਨ ਨਾਲੇ ਵਿੱਚ ਵੀਰਵਾਰ ਸਵੇਰ ਤੋਂ ਪਾਣੀ ਦਾ ਪੱਧਰ ਵਧਣ ਕਾਰਨ ਕਿਰਨ ਨਾਲੇ ਨਾਲ ਨਾਲ ਲੱਗਦੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਉਹਨਾਂ ਦੱਸਿਆ ਕਿ ਜਿੱਥੇ ਪਿਛਲੇ ਸਾਲ 15 ਅਗਸਤ ਤੋਂ ਬਾਅਦ ਕਿਰਨ ਨਾਲੇ ਵਿੱਚ ਪਾਣੀ ਤਾਂ ਪੱਧਰ ਵਧਣਾ ਸ਼ੁਰੂ ਹੋ ਗਿਆ ਅਤੇ 25-26 ਅਗਸਤ ਨੂੰ ਕਿਰਨ ਨਾਲੇ ਵਿੱਚ ਵੱਡੇ ਪੱਧਰ ਤੇ ਵਧੇ ਪਾਣੀ ਕਾਰਨ ਜਿੱਥੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਅਤੇ ਹੋਰ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਸਨ ਅਤੇ ਪਾਣੀ ਵਿੱਚ ਫਸੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਕਿਸ਼ਤੀਆਂ ਰਾਹੀਂ ਬਾਹਰ ਕੱਢਿਆ ਗਿਆ ਸੀ। ਇਸ ਮੌਕੇ ਪਿੰਡ ਨਿੱਜਰਪੁਰ, ਭੁੱਲਰ ਅਠਵਾਲ, ਦੇਹੜ, ਗੁਵਾਰ, ਫੱਤੂਪੁਰ, ਨਬੀ ਨਗਰ, ਰਣਸੀਕਾ ਤੱਲਾ ਦੇ ਵਾਸੀਆਂ ਨੇ ਦੱਸਿਆ ਕਿ ਸੱਕੀ ਕਿਰਨ ਵਿੱਚ ਵਧੇ ਪਾਣੀ ਦੇ ਪੱਧਰ ਕਾਰਨ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਦੇ ਸਾਹ ਸੁੱਕੇ ਹੋਏ ਹਨ ਕਿਉਂਕਿ ਪਿਛਲੇ ਸਾਲ ਵੀ ਉਹਨਾਂ ਦੇ ਪਿੰਡ ਦੇ ਨੇੜੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਬਣਾਏ ਜਾ ਰਹੇ ਡੇਰਾ ਬਾਬਾ ਨਾਨਕ, ਰਈਆ ਬਿਆਸ ਚਾਰ ਮਾਰਗ ਵਿੱਚ ਪਾਣੀ ਦੀ ਨਿਕਾਸੀ ਦੀਆਂ ਪੁਲੀਆ ਘੱਟ ਪੈਣ ਕਿਰਨ ਨਾਲੇ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਦੀ ਢਾਹ ਲੱਗਣ ਕਾਰਨ ਸੱਕੀ ਕਿਰਨ ਵਾਲੇ ਦਾ ਪਾਣੀ ਉਹਨਾਂ ਦੇ ਖੇਤਾਂ ਵਿੱਚ ਖੜ ਗਿਆ। ਉਹਨਾਂ ਕਿਹਾ ਕਿ ਪਿਛਲੇ ਸਾਲ ਵੀ ਉਕਤ ਪਿੰਡਾਂ ਦੀ 3 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਵਿੱਚ ਬਿਜਾਈ ਕੀਤਾ ਝੋਨਾ ਨਸ਼ਟ ਹੋ ਗਿਆ ਸੀ ਅਤੇ ਪਾਣੀ ਖੜ੍ਹਾ ਹੋਣ ਕਾਰਨ ਪਿੰਡ ਭੁੱਲਰ ਅਠਵਾਲ, ਨਿੱਜਰ ਪਿੰਡਾਂ ਦੀ ਜ਼ਮੀਨ ਵਿੱਚ ਸੇਮ ਪੈਣ ਕਾਰਨ ਸਰਕਾਰ ਵੱਲੋਂ ਇਹਨਾਂ ਪਿੰਡਾਂ ਨੂੰ ਵੀ ਸੇਮ ਇਲਾਕਾ ਘੋਸ਼ਿਤ ਕੀਤਾ ਗਿਆ ਸੀ। ਪਿੰਡ ਨਿੱਜਰਪੁਰ ਦੇ ਸਰਪੰਚ ਰਣਦੀਪ ਸਿੰਘ, ਕਿਸਾਨ ਆਗੂ ਕੁਲਵਿੰਦਰਜੀਤ ਸਿੰਘ ਅਠਵਾਲ ਆਦਿ ਨੇ ਦੱਸਿਆ ਕਿ ਕਿਰਨ ਨਾਲੇ ਵਿੱਚ ਵਧੀਆ ਪਾਣੀ ਕਾਰਨ ਉਹਨਾਂ ਦੇ ਸਾਹ ਸੁੱਕੇ ਹੋਏ ਹਨ। ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਹੀ ਬਾਰਿਸ਼ਾ ਹੁੰਦੀਆਂ ਰਹੀਆਂ ਤਾਂ ਮੁੜ ਪਿਛਲੇ ਸਾਲ ਵਾਂਗ ਇਸ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਹੜ੍ਹਾਂ ਦਾ ਸੰਤਾਪ ਭੋਗਣਾ ਪੈ ਸਕਦਾ ਹੈ। ਇਸ ਮੌਕੇ ਤੇ ਉਹਨਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਸੱਕੀ ਨਾਲੇ ਦੇ ਪਾਣੀ ਦੀ ਨਿਕਾਸੀ ਲਈ ਡੇਰਾ ਬਾਬਾ ਨਾਨਕ-ਬਟਾਲਾ ਮਾਰਗ ਤੇ ਸ਼ਿਕਾਰ ਮਾਛੀਆ ਏਰੀਏ ਵਿੱਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਰਾਹਤ ਮਿਲ ਸਕੇ।