- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲ 2003 ਦੀਆਂ ਵੋਟਰ ਸੂਚੀਆਂ ਵਿੱਚ ਨਾਮ ਲੱਭਣ ਲਈ ਪਰੇਸ਼ਾਨ ਹੋ ਰਹੇ ਵੋਟਰ

ਪਲਵਿੰਦਰ ਸਿੰਘ, ਪੰਜਾਬੀ ਜਾਗਰਣ
ਗੁਰਦਾਸਪੁਰ : ਮੁੱਖ ਚੋਣ ਅਧਿਕਾਰੀ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਚੱਲ ਰਹੀ ਵਿਸ਼ੇਸ਼ ਡੂੰਘਾਈ ਨਾਲ ਸੋਧ (ਐੱਸਆਈਆਰ) ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਦੋ ਦਿਨਾਂ ਵਿੱਚ 1553 ਵੋਟਿੰਗ ਕੇਂਦਰਾਂ ’ਤੇ ਵਿਸ਼ੇਸ਼ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦਾ ਉਦੇਸ਼ ਯੋਗ ਵੋਟਰਾਂ ਦੇ ਗਿਣਤੀ ਫਾਰਮ ਭਰਨ ਅਤੇ ਜਮ੍ਹਾ ਕਰਵਾਉਣ ਦੀ ਪ੍ਰਕਿਰਿਆ ਨੂੰ ਸੌਖਾ ਅਤੇ ਸੁਵਿਧਾਜਨਕ ਬਣਾਉਣਾ ਸੀ ਪਰ ਹਾਲਤ ਇਹ ਹੈ ਕਿ ਵੋਟਰ ਸਾਲ 2003 ਦੀਆਂ ਵੋਟਰ ਸੂਚੀਆਂ ਵਿੱਚ ਨਾਮ ਲੱਭਣ ਲਈ ਪਰੇਸ਼ਾਨ ਹੁੰਦੇ ਦਿਖੇ। ਕੈਂਪਾਂ ਦੌਰਾਨ ਕਈ ਵੋਟਰਾਂ ਦੇ ਹੱਥ ਨਿਰਾਸ਼ਾ ਲੱਗੀ ਕਿਉਂਕਿ ਪੁਰਾਣੀਆਂ ਵੋਟਰ ਸੂਚੀਆਂ ਨਹੀਂ ਮਿਲ ਪਾ ਰਹੀਆਂ। ਅਜਿਹੇ ਵਿੱਚ ਲੋਕਾਂ ਨੂੰ ਵੋਟਰ ਸੂਚੀਆਂ ਵਿੱਚੋਂ ਨਾਮ ਕੱਟੇ ਜਾਣ ਦਾ ਡਰ ਸਤਾ ਰਿਹਾ ਹੈ।
ਬਲਵਿੰਦਰ ਸਿੰਘ ਵਾਸੀ ਪ੍ਰੇਮ ਨਗਰ ਨੇ ਦੱਸਿਆ ਕਿ ਉਹ ਫਾਰਮ ਭਰਵਾਉਣ ਲਈ ਕੈਂਪ ਵਿੱਚ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਮਰ ਸਿੰਘ ਦੀ ਸਾਲ 1986 ਵਿੱਚ ਮੌਤ ਹੋ ਗਈ ਸੀ। ਸਾਲ 2003 ਦੀ ਵੋਟਰ ਸੂਚੀ ਵਿੱਚ ਉਨ੍ਹਾਂ ਦੇ ਪਿਤਾ ਦਾ ਨਾਮ ਨਹੀਂ ਹੈ। ਉਨ੍ਹਾਂ ਨੂੰ ਪਿਤਾ ਦੇ ਨਾਮ ਵਾਲੀ ਵੋਟਰ ਸੂਚੀ ਲਿਆਉਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਾਰੇ ਬੱਚਿਆਂ ਦੇ ਫਾਰਮ ਤਾਂ ਭਰ ਦਿੱਤੇ ਗਏ ਹਨ ਪਰ ਵੋਟਰ ਸੂਚੀ ਨਾ ਮਿਲਣ ਕਾਰਨ ਉਨ੍ਹਾਂ ਦਾ ਫਾਰਮ ਨਹੀਂ ਭਰਿਆ ਜਾ ਰਿਹਾ।
ਕ੍ਰਿਸ਼ਨ ਲਾਲ ਵਾਸੀ ਬਥਵਾਲਾ ਬੇਰੀਆਂ ਨੇ ਦੱਸਿਆ ਕਿ ਸਾਲ 2003 ਵਿੱਚ ਉਹ ਜਲੰਧਰ ਵਿੱਚ ਰਹਿੰਦੇ ਸਨ। ਕਰੀਬ 15 ਸਾਲਾਂ ਤੋਂ ਉਹ ਬਥਵਾਲਾ ਵਿੱਚ ਰਹਿ ਰਹੇ ਹਨ। ਫਾਰਮ ਭਰਨ ਲਈ ਉਨ੍ਹਾਂ ਨੂੰ ਸਾਲ 2003 ਦੀ ਵੋਟਰ ਸੂਚੀ ਦੀ ਲੋੜ ਹੈ। ਇਸ ਲਈ ਉਨ੍ਹਾਂ ਦਾ ਫਾਰਮ ਨਹੀਂ ਭਰਿਆ ਜਾ ਰਿਹਾ। ਹੁਣ ਉਨ੍ਹਾਂ ਨੇ ਆਪਣੇ ਪੁੱਤਰ ਅਸ਼ੋਕ ਕੁਮਾਰ ਨੂੰ ਜਲੰਧਰ ਭੇਜਿਆ ਹੈ ਤਾਂ ਜੋ ਉੱਥੋਂ ਪੁਰਾਣਾ ਰਿਕਾਰਡ ਕਢਵਾਇਆ ਜਾ ਸਕੇ।
ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਕੈਂਪਾਂ ਦੌਰਾਨ ਸਾਰੇ ਬੀਐੱਲਓਜ਼ ਨੇ ਪੂਰੀ ਤਤਪਰਤਾ ਨਾਲ ਆਪਣੀ ਡਿਊਟੀ ਨਿਭਾਈ ਤੇ ਵੋਟਰਾਂ ਨੂੰ ਗਿਣਤੀ ਫਾਰਮ ਭਰਨ ਤੇ ਜਮ੍ਹਾ ਕਰਵਾਉਣ ’ਚ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ। ਵਿਸ਼ੇਸ਼ ਕੈਂਪਾਂ ਦੌਰਾਨ ਸਾਰੇ ਨਿਰਧਾਰਤ ਵੋਟਿੰਗ ਕੇਂਦਰਾਂ ’ਤੇ ਬੀਐੱਲਓ ਮੌਜੂਦ ਰਹੇ, ਤਾਂ ਜੋ ਵੋਟਰਾਂ ਨੂੰ ਕਿਸੇ ਵੀ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵੋਟਰ ਨੇ ਅਜੇ ਤੱਕ ਆਪਣਾ ਗਿਣਤੀ ਫਾਰਮ ਨਹੀਂ ਭਰਿਆ ਤਾਂ ਉਹ ਆਪਣੇ ਸੰਬੰਧਿਤ ਬੂਥ ਪੱਧਰੀ ਅਧਿਕਾਰੀ (ਬੀਐਲਓ) ਨਾਲ ਤੁਰੰਤ ਸੰਪਰਕ ਕਰਨ ਤਾਂ ਜੋ ਇਸ ਪ੍ਰਕਿਰਿਆ ਨੂੰ ਸਮੇਂ ’ਤੇ ਪੂਰਾ ਕੀਤਾ ਜਾ ਸਕੇ ਤੇ ਵਿਸ਼ੇਸ਼ ਡੂੰਘਾਈ ਨਾਲ ਸੋਧ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇ।