- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਬੰਦ ਦੇ ਸਮਰਥਨ ’ਚ ਬਟਾਲਾ ਦੀਆਂ ਸੜਕਾਂ ’ਤੇ ਉਤਰੀਆਂ ਵੱਖ-ਵੱਖ ਜਥੇਬੰਦੀਆਂ

ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਬਟਾਲਾ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਸੜਕਾਂ ’ਤੇ ਉਤਰ ਆਏ। ਬਟਾਲਾ ਅਤੇ ਆਸ ਪਾਸ ਖੇਤਰਾਂ ’ਚ ਪੂਰਨ ਤੌਰ ’ਤੇ ਦੁਕਾਨਾਂ ਅਤੇ ਹੋਰ ਅਦਾਰੇ ਬੰਦ ਰਹੇ, ਜਿਸ ਨਾਲ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਦੁਕਾਨਦਾਰਾਂ ਨੂੰ ਬੰਦ ਦੇ ਸੱਦੇ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਬਾਜ਼ਾਰਾਂ ਵਿੱਚ ਪਹੁੰਚ ਕੇ ਖੁੱਲ੍ਹੀਆਂ ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਬੰਦ ਕਰਵਾਇਆ। ਨਸ਼ੇ ਦੇ ਵਿਰੁੱਧ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਚ ਸਾਰੇ ਵਰਗਾਂ ਨੇ ਸ਼ਾਮਿਲ ਹੁੰਦਿਆਂ ਬੰਦ ਨੂੰ ਭਰਵਾਂ ਹਗਾਰਾ ਦਿੱਤਾ। ਉਧਰ ਸੜਕਾਂ ਤੇ ਆਵਾਜਾਈ ਵੀ ਨਾਮਾਤਰ ਹੀ ਦਿਖਾਈ ਦਿੱਤੀ ਜਦ ਕਿ ਬੈਂਕ ਅਤੇ ਹੋਰ ਸਰਕਾਰੀ ਅਦਾਰੇ ਵੀ ਜਥੇਬੰਦੀਆਂ ਦੀ ਅਪੀਲ ਤੇ ਬੰਦ ਰਹੇ। ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਚ ਵੀ ਛੁੱਟੀ ਰਹੀ।ਪੰਜਾਬ ਬੰਦ ਦੇ ਸਮਰਥਨ ਵਿੱਚ ਇਕੱਠੀਆਂ
ਹੋਈਆਂ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰਾਂ ਨੇ ਇਕਜੁੱਟਤਾ ਦਿਖਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ। ਅਕਾਲੀ ਦਲ ਵਾਰਸ ਪੰਜਾਬ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਸੀਪੀਆਈਐਮ ਲਿਬਰੇਸ਼ਨ ਸੀਪੀਆਈਐਮ ਅਤੇ ਹੋਰ ਖੱਬੇ ਪੱਖੀ ਪਾਰਟੀਆਂ ਵੀ ਬੰਦ ਚ ਸ਼ਾਮਿਲ ਹੋਈਆਂ। ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਪਹੁੰਚੇ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ। ਜਥੇਬੰਦੀਆਂ ਦੇ ਮੈਂਬਰਾਂ ਨੇ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਉਂਦਿਆਂ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਸਹਿਯੋਗ ਮੰਗਿਆ।
ਸੜਕੀ ਆਵਾਜਾਈ ਵੀ ਰਹੀ ਪ੍ਰਭਾਵਿਤ, ਪ੍ਰਾਈਵੇਟ ਬੱਸਾਂ ਵੀ ਰਹੀਆਂ ਬੰਦ
ਪੰਜਾਬ ਬੰਦ ਦੇ ਸੱਦੇ ਦੌਰਾਨ ਸੜਕਾਂ ਤੇ ਆਵਾਜਾਈ ਵੀ ਪ੍ਰਭਾਵਿਤ ਰਹੀ ਅਤੇ ਪ੍ਰਾਈਵੇਟ ਬੱਸਾਂ ਵੀ ਬੰਦ ਰਹੀਆਂ। ਟਾਵੀਆਂ ਬੱਸਾਂ ਹੀ ਸੜਕਾਂ ਤੇ ਦਿਖਾਈ ਦਿੱਤੀਆਂ ਅਤੇ ਬਾਜ਼ਾਰਾਂ ਚ ਰੌਣਕ ਗਾਇਬ ਰਹੀ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਨਸ਼ੇ ਵਿਰੁੱਧ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਪ੍ਰਤੀ ਲੋਕਾਂ ਚ ਹਮਦਰਦੀ ਦੇਖਣ ਨੂੰ ਮਿਲੀ ਅਤੇ ਹਰ ਇੱਕ ਨੇ ਇਸ ਕਤਲ ਨੂੰ ਸਿਸਟਮ ਫੇਲ ਦਾ ਨਤੀਜਾ ਦੱਸਿਆ। ਉਧਰ ਸਵੇਰ ਸਾਰ ਬੈਂਕ ਖੁੱਲੇ ਸਨ ਪਰ ਜਦ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਅਪੀਲ ਕੀਤੀ ਤਾਂ ਬੈਂਕ ਅਧਿਕਾਰੀਆਂ ਵੱਲੋਂ ਬੈਂਕ ਬੰਦ ਕਰ ਦਿੱਤੇ ਗਏ ਅਤੇ ਬੈਂਕ ਦਾ ਅਮਲਾ ਸ਼ਟਰ ਬੰਦ ਕਰਕੇ ਹੀ ਆਪਣਾ ਕੰਮ ਕਰਦਾ ਰਿਹਾ।
ਬੰਦ ਦੌਰਾਨ ਭੰਗ ਵੇਚਣ ਵਾਲੇ ਦੇ ਨਾਲ ਨਿਹੰਗ ਜਥੇਬੰਦੀਆਂ ਹੋਈਆਂ ਤੱਤੀਆਂ...
ਪੰਜਾਬ ਬੰਦ ਦੇ ਸੱਦੇ ਦੇ ਦੌਰਾਨ ਜਦ ਨਿਹੰਗ ਸਿੰਘ ਜਥੇਬੰਦੀਆਂ ਬਟਾਲਾ ਦੇ ਅੰਦਰੂਨੀ ਬਾਜ਼ਾਰ ਚ ਆਪਣਾ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ ਤਾਂ ਇੱਕ ਦੁਕਾਨਦਾਰ ਦੁਕਾਨ ਖੋਲ ਕੇ ਸ਼ਰਧਾਈ (ਭੰਗ ਵਾਲੀ) ਵੇਚ ਰਿਹਾ ਸੀ। ਜਦ ਨਿਹੰਗ ਸਿੰਘਾਂ ਨੇ ਉਕਤ ਦੁਕਾਨਦਾਰ ਨੂੰ ਅਜਿਹਾ ਕਰਨ ਤੋਂ ਵਰਜਿਆ ਤਾਂ ਉਸ ਵੱਲੋਂ ਨਿਹੰਗ ਸਿੰਘਾਂ ਨਾਲ ਬਹਿਸਬਾਸੀ ਕੀਤੀ ਗਈ ਜਿਸ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ ਤੱਤੀਆਂ ਹੋ ਗਈਆਂ। ਪਰ ਸੂਝ ਬੂਝ ਦੇ ਨਾਲ ਮਾਮਲਾ ਸ਼ਾਂਤ ਹੀ ਰਿਹਾ।