ਬਾਲ ਭਵਨ ਗੁਰਦਾਸਪੁਰ ਵਿਖੇ ਮਨਾਇਆ ਵਣ ਮਹਾਂਉਤਸਵ ਬਾਲ ਭਵਨ ਗੁਰਦਾਸਪੁਰ ਵਿਖੇ ਮਨਾਇਆ ਗਿਆ ਵਣ ਮਹਾਂਉਤਸਵ
Publish Date: Sat, 26 Sep 2026 03:59 PM (IST)
Updated Date: Sun, 27 Sep 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਵੱਲੋਂ ਨੈਸ਼ਨਲ ਐਵਾਰਡੀ ਅਤੇ ਸਕੱਤਰ ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਰੋਮੇਸ਼ ਮਹਾਜਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਾਲ ਭਵਨ, ਗੁਰਦਾਸਪੁਰ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ। ਰੋਮੇਸ਼ ਮਹਾਜਨ ਨੇ ਬੂਟਾ ਲਗਾ ਕੇ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਕੰਪਿਊਟਰ ਟ੍ਰੇਨਿੰਗ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਵੱਖ-ਵੱਖ ਕਿਸਮਾਂ ਦੇ ਬੂਟੇ ਵੰਡਦਿਆਂ ਉਨ੍ਹਾਂ ਨੂੰ ਇਨ੍ਹਾਂ ਦੀ ਸੰਭਾਲ ਅਤੇ ਸੁਰੱਖਿਆ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਹਾਜਨ ਨੇ ਕਿਹਾ ਕਿ ਸਿਰਫ਼ ਰੁੱਖ ਲਗਾਉਣਾ ਹੀ ਕਾਫ਼ੀ ਨਹੀਂ ਹੈ, ਸਗੋਂ ਲਗਾਏ ਗਏ ਬੂਟਿਆਂ ਦੀ ਨਿਯਮਤ ਦੇਖਭਾਲ ਕਰਨਾ ਵੀ ਉਤਨਾ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰੁੱਖ ਸਾਡੀ ਧਰਤੀ ਨੂੰ ਸਾਫ਼-ਸੁਥਰਾ, ਹਰਾ-ਭਰਾ ਅਤੇ ਸਿਹਤਮੰਦ ਬਣਾਉਣ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਵਾਤਾਵਰਣ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਬੱਚਿਆਂ ਨੂੰ ਗ੍ਰੀਨ ਅੰਬੈਸਡਰ ਬਣ ਕੇ ਖੁਦ ਰੁੱਖ ਲਗਾਉਣ ਅਤੇ ਹੋਰਨਾਂ ਨੂੰ ਵੀ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ। ਕੌਂਸਲ ਦੇ ਕੋਆਰਡੀਨੇਟਰ ਰਾਜ ਬਖ਼ਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਪੌਦੇ ਲਗਾਉਣ ਦੇ ਸੀਜ਼ਨ ਦੌਰਾਨ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਵੱਖ-ਵੱਖ ਸਥਾਨਾਂ ਤੇ ਵੱਖ-ਵੱਖ ਕਿਸਮਾਂ ਦੇ 1,500 ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ। ਬਾਲ ਭਵਨ ਦੇ ਕੰਪਿਊਟਰ ਸੈਂਟਰ ਇੰਚਾਰਜ ਬਲਜੀਤ ਸਿੰਘ, ਸਟਾਫ਼ ਮੈਂਬਰਾਂ ਅਤੇ ਟ੍ਰੇਨਿੰਗ ਲੈ ਰਹੇ ਬੱਚਿਆਂ ਨੇ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਭਾਗ ਲਿਆ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਲਿਆ।