ਹੋਟਲ ਦੇ ਬਾਹਰ ਅਣਪਛਾਤਿਆਂ ਨੇ ਇੱਟਾਂ ਨਾਲ ਨੌਜਵਾਨ ’ਤੇ ਕੀਤਾ ਹਮਲਾ, ਮੌਤ ਅਣਪਛਾਤੇ ਵਿਅਕ਼ਤੀਆਂ ਨੇ ਹੋਟਲ ਦੇ ਬਾਹਰ ਇੱਟਾਂ ਨਾਲ ਨੌਜਵਾਨ ’ਤੇ ਕੀਤਾ ਹਮਲਾ, ਮੌਤ
Publish Date: Tue, 20 Oct 2026 06:59 PM (IST)
Updated Date: Wed, 21 Oct 2026 04:03 AM (IST)
ਫੋਟੋ: 20ਬੀਟੀਐਲ02 ਮ੍ਰਿਤਕ ਵਰਿੰਦਰ ਸਿੰਘ ਦੀ ਪੁਰਾਣੀ ਤਸਵੀਰ। ਫੋਟੋ: 20 ਬੀਟੀਐਲ03 ਥਾਣੇ ਦੇ ਬਾਹਰ ਇਕੱਠੇ ਹੋਏ ਪਿੰਡ ਦੇ ਲੋਕ। ਫੋਟੋ: 20ਬੀਟੀਐਲ04 ਐੱਸਐੱਚਓ ਲਖਵਿੰਦਰ ਸਿੰਘ ਗੱਲਬਾਤ ਕਰਨ ਦੌਰਾਨ। * ਪੁਲਿਸ ਪ੍ਰਸ਼ਾਸਨ ਤੋਂ ਕੀਤੀ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਸ਼ਾਮ ਤਿਵਾੜੀ/ਰਾਜਨ ਤ੍ਰੇਹਨ, ਪੰਜਾਬੀ ਜਾਗਰਣ ਬਟਾਲਾ : ਬੀਤੇ ਦਿਨੀਂ ਬਟਾਲਾ ਦੇ ਇਕ ਹੋਟਲ ’ਚ ਆਪਣੇ ਦੋਸਤਾਂ ਨਾਲ ਜਨਮ ਦਿਨ ਦੀ ਪਾਰਟੀ ’ਤੇ ਗਏ ਇਕ ਨੌਜਵਾਨ ਦਾ ਕੁਝ ਅਣਪਛਾਤਿਆਂ ਨਾਲ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਅਣਪਛਾਤੇ ਨੌਜਵਾਨਾਂ ਨੇ ਹੋਟਲ ਦੇ ਬਾਹਰ ਉਕਤ ਨੌਜਵਾਨ ’ਤੇ ਇੱਟਾਂ ਨਾਲ ਹਮਲਾ ਕਰ ਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਦੀ ਅੰਮ੍ਰਿਤਸਰ ਦੇ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨੱਠਵਾਲ ਬਟਾਲਾ ਵਜੋਂ ਹੋਈ ਹੈ। ਇਸ ਮੌਕੇ ਅੱਜ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਵੱਲੋਂ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਲਖਵਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਤੇ ਅਣਪਛਾਤਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੇ ਦੋਸਤਾਂ ਰਣਜੀਤ ਸਿੰਘ, ਮਨਪ੍ਰੀਤ ਸਿੰਘ, ਸੰਦੀਪ ਸਿੰਘ, ਅਕਾਸ਼, ਜੁਗਰਾਜ ਸਿੰਘ ਆਦਿ ਨੇ ਦੱਸਿਆ ਕਿ ਵਰਿੰਦਰ ਸਿੰਘ 18 ਅਕਤੂਬਰ ਦੀ ਰਾਤ ਨੂੰ ਆਪਣੇ ਦੋਸਤ ਦੀ ਜਨਮ ਦਿਨ ਦੀ ਪਾਰਟੀ ’ਤੇ ਬਾਈਪਾਸ ਬਟਾਲਾ ’ਤੇ ਸਥਿਤ ਇਕ ਹੋਟਲ ’ਚ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਸ ਦਾ ਕੁਝ ਅਣਪਛਾਤੇ ਨੌਜਵਾਨਾਂ ਨਾਲ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਉਨ੍ਹਾਂ ਕਿਹਾ ਕਿ ਜਦ ਵਰਿੰਦਰ ਸਿੰਘ ਹੋਟਲ ਦੇ ਬਾਹਰ ਗਿਆ ਤਾਂ ਅਣਪਛਾਤੇ ਨੌਜਵਾਨਾਂ ਨੇ ਉਸ ’ਤੇ ਇੱਟਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਵਰਿੰਦਰ ਸਿੰਘ ਦੇ ਦੋਸਤਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਬਟਾਲਾ ’ਚ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਉਨ੍ਹਾਂ ਕਿਹਾ ਕਿ 19 ਅਕਤੂਬਰ ਨੂੰ ਵਰਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ : ਐੱਸਐੱਚਓ ਇਸ ਸਬੰਧੀ ਐੱਸਐੱਚਓ ਲਖਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸਬੰਧਤ ਨੌਜਵਾਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮ੍ਰਿਤਕ ਦੀ ਮਾਤਾ ਸਤਨਾਮ ਕੌਰ ਦੇ ਬਿਆਨਾਂ ’ਤੇ ਅਣਪਛਾਤੇ ਨੌਜਵਾਨਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।