- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਂਟ ਕਬੀਰ ਪਬਲਿਕ ਸਕੂਲ ਵਿੱਚ ਦੋ-ਰੋਜ਼ਾ ਅਧਿਆਪਕ ਸੈਮੀਨਾਰ ਸੰਪੰਨ

ਲਖਬੀਰ ਖੁੰਡਾ, ਪੰਜਾਬੀ ਜਾਗਰਣ
ਧਾਰੀਵਾਲ : ਸਿੱਖਿਆ ਦੇ ਖੇਤਰ ਵਿੱਚ ਗੁਣਵੱਤਾ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਗੁਰਦਾਸਪੁਰ ਵਿੱਚ ਪ੍ਰਿੰਸੀਪਲ ਐੱਸਬੀ ਨਾਇਰ ਦੀ ਸਰਪ੍ਰਸਤੀ ਹੇਠ ਸੀਬੀਐੱਸਈ ਬੋਰਡ ਵੱਲੋਂ ਦੋ ਰੋਜ਼ਾ ਅਧਿਆਪਕ ਸਮਰੱਥਾ ਨਿਰਮਾਣ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਆਧੁਨਿਕ ਅਧਿਆਪਨ ਵਿਧੀਆਂ, ਲਿੰਗ ਸੰਵੇਦਨਸ਼ੀਲਤਾ, ਵਿਦਿਆਰਥੀਆਂ ਦੀ ਮਨੋਵਿਗਿਆਨਕ ਸਮਝ ਅਤੇ ਜਮਾਤ ਪ੍ਰਬੰਧਨ ਸਬੰਧੀ ਪ੍ਰਸ਼ਿਕਸ਼ਿਤ ਕਰਨਾ ਸੀ।
ਸੈਮੀਨਾਰ ਦੌਰਾਨ ਸੀਬੀਐੱਸਈ ਦੇ ਪ੍ਰਮੁੱਖ ਸਰੋਤ ਅਧਿਕਾਰੀਆਂ ਡਾ. ਸਿਵਾਨੀ ਸਿੰਘ (ਪ੍ਰਿੰਸੀਪਲ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਗੁਰਦਾਸਪੁਰ), ਮਿਸਟਰ ਮਾਧਵ ਗੁਪਤਾ (ਟੀਜੀਟੀ, ਹਰਕ੍ਰਿਸ਼ਨ ਪਬਲਿਕ ਸਕੂਲ, ਅਜਨਾਲਾ) ਅਤੇ ਡਾ. ਆਮਿਰ ਬਸੀਰ (ਟੀਚਰ ਟ੍ਰੇਨਰ ਅਤੇ ਅਸਿਸਟੈਂਟ ਪ੍ਰੋਫੈਸਰ, ਸੈਂਟਰਲ ਯੂਨੀਵਰਸਿਟੀ ਆਫ਼ ਕਸ਼ਮੀਰ) ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਵੱਲੋਂ ਆਏ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸੈਮੀਨਾਰ ਦੌਰਾਨ ਵਿਸ਼ੇਸ਼ਗਿਆਨਾਂ ਨੇ ਕਿਹਾ ਕਿ ਵਿਦਿਆਰਥੀ ਕਿਸੇ ਵੀ ਦੇਸ਼ ਅਤੇ ਕੌਮ ਦਾ ਕੀਮਤੀ ਸਰਮਾਇਆ ਹੁੰਦੇ ਹਨ ਅਤੇ ਸਕੂਲੀ ਜੀਵਨ ਦੌਰਾਨ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਮਿਲਣਾ ਬਹੁਤ ਜ਼ਰੂਰੀ ਹੈ। ਅਧਿਆਪਕਾਂ ਦੀ ਜ਼ਿੰਮੇਵਾਰੀ ਸਿਰਫ਼ ਪਾਠ ਪੜ੍ਹਾਉਣ ਤੱਕ ਸੀਮਿਤ ਨਹੀਂ, ਸਗੋਂ ਵਿਦਿਆਰਥੀਆਂ ਦੀ ਭਾਵਨਾਤਮਕ, ਸਮਾਜਕ ਅਤੇ ਨੈਤਿਕ ਵਿਕਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੁੰਦੀ ਹੈ। ਦੋ-ਰੋਜ਼ਾ ਸੈਮੀਨਾਰ ਦੇ ਪਹਿਲੇ ਦਿਨ ਲਿੰਗ ਸੰਵੇਦਨਸ਼ੀਲਤਾ ਅਤੇ ਜੈਂਡਰ ਸਮਾਨਤਾ ਵਿਸ਼ੇ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੂੰ ਲਿੰਗ ਪੱਖਪਾਤ ਤੋਂ ਉਪਰ ਉੱਠ ਕੇ ਹਰ ਵਿਦਿਆਰਥੀ ਨੂੰ ਸਮਾਨ ਮੌਕੇ ਅਤੇ ਸਨਮਾਨ ਦੇਣ ਲਈ ਪ੍ਰੇਰਿਤ ਕੀਤਾ ਗਿਆ। ਸਰੋਤ ਅਧਿਕਾਰੀਆਂ ਨੇ ਦੱਸਿਆ ਕਿ ਲੜਕੇ, ਲੜਕੀਆਂ ਅਤੇ ਟ੍ਰਾਂਸਜੈਂਡਰ ਵਿਦਿਆਰਥੀਆਂ ਨੂੰ ਸਮਾਜਿਕ, ਸਿੱਖਿਆਤਮਕ ਅਤੇ ਮਨੋਵਿਗਿਆਨਕ ਪੱਧਰ ’ਤੇ ਬਰਾਬਰ ਮੌਕੇ ਪ੍ਰਦਾਨ ਕਰਨਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਇਸ ਮੌਕੇ ਵਿਦਿਆਰਥੀਆਂ ਵਿੱਚ ਆਉਣ ਵਾਲੀਆਂ ਭਾਵਨਾਤਮਕ, ਪਰਿਵਾਰਕ ਅਤੇ ਵਿਵਹਾਰਕ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਅਧਿਆਪਕਾਂ ਨੂੰ ਇਹ ਵੀ ਸਮਝਾਇਆ ਗਿਆ ਕਿ ਵਿਦਿਆਰਥੀਆਂ ਦੇ ਸੁਭਾਅ ਵਿੱਚ ਆਉਣ ਵਾਲੀਆਂ ਤਬਦੀਲੀਆਂ ਨੂੰ ਪਾਰਖੂ ਢੰਗ ਨਾਲ ਸਮਝ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸੰਵੇਦਨਸ਼ੀਲਤਾ ਨਾਲ ਹੱਲ ਕਿਵੇਂ ਕੀਤਾ ਜਾ ਸਕਦਾ ਹੈ।
ਸੈਮੀਨਾਰ ਦੇ ਦੂਜੇ ਦਿਨ ਡਾ. ਆਮਿਰ ਬਸੀਰ ਵੱਲੋਂ ਛੋਟੇ ਵਿਦਿਆਰਥੀਆਂ ਦੀ ਬੁਨਿਆਦੀ ਸਿੱਖਿਆ, ਸਿੱਖਣ ਦੀ ਨੀਂਹ ਮਜ਼ਬੂਤ ਕਰਨ ਅਤੇ ਜਮਾਤ ਪ੍ਰਬੰਧਨ ਦੇ ਆਧੁਨਿਕ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪਿਆਰ, ਅਨੁਸ਼ਾਸਨ ਅਤੇ ਮਨੋਰੰਜਕ ਗਤੀਵਿਧੀਆਂ ਰਾਹੀਂ ਸਿਖਾਇਆ ਜਾਵੇ ਤਾਂ ਉਹ ਸਿੱਖਿਆ ਨਾਲ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਜੁੜਦੇ ਹਨ। ਇਸ ਦੌਰਾਨ ਅਧਿਆਪਕਾਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਂਦਿਆਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲਈ ਤਜਰਬੇ ਵੀ ਸਾਂਝੇ ਕੀਤੇ। ਸੈਮੀਨਾਰ ਦੇ ਅੰਤ ਵਿੱਚ ਮੈਨੇਜਮੈਂਟ ਮੈਂਬਰ ਨਵਦੀਪ ਕੌਰ ਅਤੇ ਕੁਲਦੀਪ ਕੌਰ ਵੱਲੋਂ ਸਰੋਤ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸੈਮੀਨਾਰ ਕਰਵਾਏ ਜਾਣਗੇ, ਤਾਂ ਜੋ ਅਧਿਆਪਕਾਂ ਦੀ ਯੋਗਤਾ ਵਿੱਚ ਹੋਰ ਨਿਖਾਰ ਆ ਸਕੇ ਅਤੇ ਅਧਿਆਪਕ-ਵਿਦਿਆਰਥੀ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਕੋਆਰਡੀਨੇਟਰ ਵਿਸ਼ਾਲ ਸਿੰਘ, ਅਮਨਪ੍ਰੀਤ ਕੌਰ, ਟੇਨ ਸਿੰਘ, ਨੇਹਾ ਸਲਾਰੀਆ, ਜਸਵਿੰਦਰ ਕੌਰ, ਨਿਸ਼ਾ ਸਗੜ ਸਮੇਤ ਸਮੂਹ ਸਕੂਲੀ ਸਟਾਫ਼ ਮੈਂਬਰ ਹਾਜ਼ਰ ਸਨ।