- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਕ ਸਾਲ ਵਿੱਚ ਤਿੰਨ ਫ਼ਸਲਾਂ ਕਰਕੇ ਮਾਲੋਮਾਲ ਹੋ ਰਹੇ ਨੇ ਦੋ ਸਕੇ ਭਰਾ

- ਬਾਸਮਤੀ ਦੀ ਕਟਾਈ ਕਰ ਕੇ ਕੀਤੀ ਅਗੇਤੇ ਮਟਰਾਂ ਦੀ ਬਿਜਾਈ
ਜੀਆਰਪੀ : ਪਿੰਡ ਨਿੱਜਰਪੁਰ ਵਿਖੇ ਸਕੇ ਭਰਾ ਦਵਿੰਦਰ ਸਿੰਘ ਅਤੇ ਧਰਮਿੰਦਰ ਸਿੰਘ ਬਾਸਮਤੀ ਦੀ ਕਟਾਈ ਤੋਂ ਬਾਅਦ ਮਟਰਾਂ ਦੀ ਬਿਜਾਈ ਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ।
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ : ਅੱਜ ਦੇ ਮਹਿੰਗਾਈ ਦੇ ਦੌਰ ’ਚ ਕਣਕ ਤੇ ਝੋਨੇ ਦੀਆਂ ਦੋ ਫ਼ਸਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਵੱਲੋਂ ਜਿੱਥੇ ਖੇਤੀ ਨੂੰ ਘਾਟੇਵੰਦ ਕਿਹਾ ਜਾ ਰਿਹਾ ਹੈ, ਉੱਥੇ ਸਰਹੱਦੀ ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਨਿੱਜਰਪੁਰ ਦੇ ਦੋ ਸਕੇ ਭਰਾਵਾਂ ਵੱਲੋਂ ਆਪਣੇ ਖੇਤਾਂ ਵਿੱਚ ਇੱਕ ਸਾਲ ਵਿੱਚ ਤਿੰਨ ਫ਼ਸਲਾਂ ਦੀ ਸਫ਼ਲ ਖੇਤੀ ਕਰਕੇ ਉਹ ਮਾਲੋਮਾਲ ਹੋ ਰਹੇ ਹਨ।
ਪਿੰਡ ਨਿੱਜਰਪੁਰ ਦੇ ਅਗਾਂਹਵਧੂ ਕਿਸਾਨ ਦਵਿੰਦਰ ਸਿੰਘ ਤੇ ਧਰਮਿੰਦਰ ਸਿੰਘ ਨੇ ਦੱਸਿਆ ਕਿ ਸਿਆਣਿਆਂ ਦੀ ਕਹਾਵਤ ਹੈ ‘ਅਕਲ ਨਾਲ ਵਾਹ ਤੇ ਰੱਜ ਕੇ ਖਾਹ’ ਤੇ ਉਨ੍ਹਾਂ ਵੱਲੋਂ ਪਿਛਲੇ ਸਮੇਂ ਤੋਂ ਆਪਣੇ ਖੇਤਾਂ ’ਚ ਇੱਕ ਸਾਲ ’ਚ ਤਿੰਨ ਫ਼ਸਲਾਂ ਕਾਸ਼ਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲੀ ਜੂਨ ਨੂੰ ਆਪਣੇ ਖੇਤਾਂ ’ਚ ਲਗਾਈ 1509 ਬਾਸਮਤੀ ਦੀ ਫ਼ਸਲ ਦੀ ਕਟਾਈ ਕਰਨ ਤੋਂ ਬਾਅਦ ਇਸ ਵੇਲੇ ਦਸ ਏਕੜ ਜ਼ਮੀਨ ’ਚ ਅਗੇਤੇ ਮਟਰਾਂ ਦੀ ਬਿਜਾਈ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਬਿਜਾਈ ਕੀਤੀ 1509 ਬਾਸਮਤੀ ਦਾ ਝਾੜ ਤੇ ਰੇਟ ਚੌਖਾ ਹੋਣ ਕਾਰਨ ਪ੍ਰਤੀ ਏਕੜ ਵਿਚੋਂ 80 ਹਜ਼ਾਰ ਤੋਂ ਵੱਧ ਬਾਸਮਤੀ ਨਿਕਲੀ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਦੀ ਕਟਾਈ ਤੋਂ ਬਾਅਦ ਉਨ੍ਹਾਂ ਵੱਲੋਂ ਅੱਗੇਤੇ ਮਟਰ ਬਿਜਾਈ ਕੀਤੇ ਗਏ ਹਨ ਤੇ ਪ੍ਰਤੀ ਏਕੜ ’ਚ 65 ਤੋਂ 70 ਕਿੱਲੋ ਬੀਜ ਪਾਇਆ ਹੈ। ਉਨ੍ਹਾਂ ਦੱਸਿਆ ਕਿ ਮਟਰਾਂ ਦੀ ਫ਼ਸਲ 60 ਤੋਂ 70 ਦਿਨਾਂ ’ਚ ਪੱਕ ਕੇ ਤਿਆਰ ਹੋਣ ਤੋਂ ਬਾਅਦ ਖੇਤ ’ਚ ਲਾਲ ਟਮਾਟਰ, ਖੀਰਾ, ਕੱਦੂ, ਮਿਰਚ, ਗੋਭੀ ਆਦਿ ਸਬਜ਼ੀਆਂ ਦੀ ਬਿਜਾਈ ਕੀਤੀ ਜਾਵੇਗੀ। ਦਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਹਨਾਂ ਵੱਲੋਂ ਬਿਜਾਈ ਕੀਤਾ ਮਟਰ ਸ਼ੁਰੂ ਵਿੱਚ 100 ਰੁਪਏ ਤੇ ਅਖੀਰ ’ਚ 60 ਰੁਪਏ ਤੱਕ ਪ੍ਰਤੀ ਕਿੱਲੋ ਵਿਕਿਆ ਸੀ ਅਤੇ ਮਟਰਾਂ ਦੀ ਫ਼ਸਲ ਤੋਂ ਚੋਖੀ ਆਮਦਨ ਹੋਈ ਸੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪਿਛਲੇ ਸਾਲ ਮਟਰਾਂ ਦੀ ਫ਼ਸਲ ਤੋਂ ਬਾਅਦ ਬਿਜਾਈ ਕੀਤੇ ਟਮਾਟਰ ਦਾ ਝਾੜ ਅਤੇ ਰੇਟ ਵਧੀਆ ਰਹਿਣ ਕਾਰਨ ਫ਼ਸਲਾਂ ਲਾਹੇਵੰਦ ਸਾਬਤ ਹੋਈਆਂ ਸਨ।
ਉਨ੍ਹਾਂ ਕਿਹਾ ਕਿ ਜੇਕਰ ਮਿਹਨਤ ਤੇ ਦੂਰਅੰਦੇਸ਼ੀ ਸੋਚ ਨਾਲ ਖੇਤਾਂ ’ਚ ਫ਼ਸਲਾਂ ਦੀ ਬਿਜਾਈ ਕਰੀਏ ਤਾਂ ਕਿਸਾਨੀ ਕਦੇ ਵੀ ਘਾਟੇਵੰਦ ਸਾਬਤ ਨਹੀਂ ਹੁੰਦੀ। ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੀ ਮਿੱਟੀ ’ਤੇ ਮਿਹਨਤ ਕਰਨ ਦੀ ਬਜਾਏ ਜ਼ਮੀਨਾਂ ਵੇਚਣ ਅਤੇ ਗਹਿਣੇ ਪਾ ਕੇ ਵਿਦੇਸ਼ਾਂ ਨੂੰ ਜਾ ਰਹੀ ਹੈ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀ ਮਿੱਟੀ ’ਤੇ ਹੀ ਤਨਦੇਹੀ ਨਾਲ ਮਿਹਨਤ ਕਰੀਏ ਤਾਂ ਇੱਥੇ ਹੀ ਵਿਦੇਸ਼ਾਂ ਜਿੰਨੇ ਪੈਸੇ ਪਰਿਵਾਰ ’ਚ ਬੈਠ ਕੇ ਕਮਾਏ ਜਾ ਸਕਦੇ ਹਨ।