ਪਵਿੱਤਰ ਦਿਹਾੜੇ ਸਾਡੀ ਅਮੀਰ ਸੱਭਿਆਚਾਰਕ ਤੇ ਰੂਹਾਨੀ ਵਿਰਾਸਤ ਦੇ ਪ੍ਰਤੀਕ ਤ੍ਰਿਪਤ ਬਾਜਵਾ ਤੇ ਰਵੀਨੰਦਨ ਬਾਜਵਾ ਵੱਲੋਂ ਸੰਗਤਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ
Publish Date: Sat, 07 Nov 2026 03:09 PM (IST)
Updated Date: Sun, 08 Nov 2026 04:02 AM (IST)
ਕੁਲਦੀਪ ਸਿੰਘ ਸਲਗਾਨੀਆ, ਪੰਜਾਬੀ ਜਾਗਰਣ, ਕਿਲਾ ਲਾਲ ਸਿੰਘ : ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸਾਬਕਾ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਵੱਲੋਂ ਸਮੂਹ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਤੇ ਹਲਕਾ ਨਿਵਾਸੀਆਂ ਨੂੰ ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਅਤੇ ਇਤਿਹਾਸਕ ਦਿਹਾੜੇ ਬੰਦੀ ਛੋੜ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਗਈਆਂ ਹਨ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਇਹ ਪਵਿੱਤਰ ਦਿਹਾੜੇ ਸਾਡੀ ਅਮੀਰ ਸੱਭਿਆਚਾਰਕ ਅਤੇ ਰੂਹਾਨੀ ਵਿਰਾਸਤ ਦੇ ਪ੍ਰਤੀਕ ਹਨ। ਜਿੱਥੇ ਦੀਵਾਲੀ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ, ਖੁਸ਼ੀਆਂ ਅਤੇ ਅੰਧਕਾਰ ਤੇ ਪ੍ਰਕਾਸ਼ ਦੀ ਜਿੱਤ ਦਾ ਸੁਨੇਹਾ ਦਿੰਦਾ ਹੈ, ਉੱਥੇ ਹੀ ਬੰਦੀ ਛੋੜ ਦਿਵਸ ਸਾਨੂੰ ਛੇਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਮੁਕਤ ਕਰਵਾਉਣ ਦੇ ਮਹਾਨ ਇਤਿਹਾਸ, ਜ਼ੁਲਮ ਖਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਪ੍ਰਦੂਸ਼ਣ-ਮੁਕਤ ਅਤੇ ਗ੍ਰੀਨ ਦੀਵਾਲੀ ਮਨਾਈ ਜਾਵੇ, ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਸਮਾਜ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਉਨ੍ਹਾਂ ਦੇ ਘਰਾਂ ਵਿੱਚ ਵੀ ਖੁਸ਼ੀਆਂ ਦੀ ਰੋਸ਼ਨੀ ਫੈਲਾਈ ਜਾਵੇ। ਉਨ੍ਹਾਂ ਅਰਦਾਸ ਕੀਤੀ ਕਿ ਇਹ ਤਿਉਹਾਰ ਸਮੂਹ ਲੋਕਾਂ ਦੇ ਜੀਵਨ ’ਚ ਸੁਖ, ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਲੈ ਕੇ ਆਵੇ ਤੇ ਸਾਡਾ ਆਪਸੀ ਪਿਆਰ ਤੇ ਸਾਂਝ ਹੋਰ ਮਜ਼ਬੂਤ ਹੋਵੇ।