- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਟਰੋਮਾ ਸੈਂਟਰ ਨਸ਼ੇੜੀਆਂ ਦਾ ਬਣਿਆ ਅੱਡਾ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਸੜਕੀ ਹਾਦਸਿਆਂ ਵਿੱਚ ਜ਼ਖਮੀ ਹੋਣ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਇਤਿਹਾਸਿਕ ਕਸਬਾ ਕਲਾਨੌਰ ਵਿੱਚ ਕਰੀਬ ਦੋ ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਆਲੀਸ਼ਾਨ ਟਰੋਮਾ ਸੈਂਟਰ ਇਸ ਵੇਲੇ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ। ਨਸ਼ੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਤਿੰਨ ਮੰਜ਼ਲੀ ਟਰੋਮਾ ਸੈਂਟਰ ਦੇ ਵੱਖ-ਵੱਖ ਕਮਰਿਆਂ ਵਿੱਚ ਬਣੇ ਬਾਥਰੂਮ, ਪਖਾਨਿਆਂ ਵਿੱਚ ਲੱਗੀਆਂ ਕੀਮਤੀ ਟੂਟੀਆਂ, ਸੀਸੀਟੀਵੀ ਕੈਮਰੇ, ਆਰਓ ਸਿਸਟਮ ਵਾਲੇ ਵਾਟਰ ਕੂਲਰ ਅਤੇ ਅੱਧੀ ਦਰਜਨ ਤੋਂ ਵੱਧ ਏਸੀ ਦੇ ਸਟੈਪਲਾਇਜ਼ਰ ਅਤੇ ਤਾਂਬੇ ਦੀਆਂ ਪਾਈਪਾਂ ਤੋਂ ਇਲਾਵਾ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ।
ਇਸ ਸਬੰਧੀ ਟਰੋਮਾ ਸੈਂਟਰ ਬਣਾਉਣ ਵਾਲੇ ਠੇਕੇਦਾਰ ਦੇ ਸੁਪਰਵਾਈਜ਼ਰ ਸੁਖਦੇਵ ਰਾਜ ਤੋਂ ਇਲਾਵਾ ਅਮਰਜੋਤ ਸਿੰਘ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਸੁਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਸਰਹੱਦੀ ਖੇਤਰ ਡੇਰਾ ਬਾਬਾ ਨਾਨਕ, ਕਲਾਨੌਰ ਬਲਾਕਾ ਨਾਲ ਸਬੰਧਤ ਸੈਂਕੜੇ ਪਿੰਡਾਂ ਤੋਂ ਇਲਾਵਾ ਸਰਹੱਦ ਤੇ ਤੈਨਾਤ ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਸੜਕ ਹਾਦਸੇ ਦੌਰਾਨ ਜ਼ਖਮੀ ਹੋਣ ਉਪਰੰਤ ਇਲਾਜ ਕਰਵਾਉਣ ਲਈ ਦੂਰ ਦੁਰਾਡੇ ਪੈਂਦੇ ਹਸਪਤਾਲ ਅੰਮ੍ਰਿਤਸਰ, ਬਟਾਲਾ, ਜਲੰਧਰ ਆਦਿ ਵਿੱਚ ਇਲਾਜ ਕਰਵਾਉਣ ਦੀ ਬਜਾਏ ਕਲਾਨੌਰ ਵਿੱਚ ਹੀ ਮਰੀਜ਼ਾਂ ਦਾ ਇਲਾਜ ਕਰਵਾਉਣ ਲਈ ਦੋ ਕਰੋੜ ਦੇ ਕਰੀਬ ਦੀ ਲਾਗਤ ਨਾਲ ਕਲਾਨੌਰ ਕਮਿਊਨਿਟੀ ਸਿਹਤ ਕੇਂਦਰ ਦੇ ਸਾਹਮਣੇ ਤਿੰਨ ਮੰਜ਼ਲੀ ਆਲੀਸ਼ਾਨ ਟਰੋਮਾ ਸੈਂਟਰ ਦਾ ਨਿਰਮਾਣ ਕੀਤਾ ਗਿਆ ਸੀ। ਪਰੰਤੂ ਪਿਛਲੇ ਲੰਮੇ ਸਮੇਂ ਤੋਂ ਟਰੋਮਾ ਸੈਂਟਰ ਦੀ ਇਮਾਰਤ ਦਾ ਨਿਰਮਾਣ ਮੁਕੰਮਲ ਹੋਣ ਦੇ ਬਾਵਜੂਦ ਵੀ ਅਜੇ ਤੱਕ ਟਰੋਮਾ ਵਾਰਡ ਦੀ ਬਿਲਡਿੰਗ ਸਿਹਤ ਵਿਭਾਗ ਦੇ ਸਪੁਰਦ ਨਾ ਹੋਣ ਕਾਰਨ ਟਰੋਮਾ ਸੈਂਟਰ ਦੀ ਇਮਾਰਤ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ। ਸੁਖਦੇਵ ਰਾਜ ਨੇ ਦੱਸਿਆ ਕਿ ਉਹਨਾਂ ਦੀ ਕੰਪਨੀ ਵੱਲੋਂ ਆਲੀਸ਼ਾਨ ਤਿੰਨ ਮੰਜ਼ਲੀ ਟਰੋਮਾ ਸੈਂਟਰ ਦੀ ਇਮਾਰਤ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਵਧੀਆ ਕੁਆਲਿਟੀ ਦੀਆਂ ਟੂਟੀਆਂ, ਏਸੀ ਆਦਿ ਸਾਰਾ ਸਮਾਨ ਲਗਾਇਆ ਹੋਇਆ ਸੀ ਜਿਨਾਂ ਨੂੰ ਚੋਰਾਂ ਵੱਲੋਂ ਲਾਹ ਲਿਆ ਗਿਆ ਹੈ ਜਿਸ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਚੋਰਾਂ ਦੀ ਭਾਲ ਕੀਤੀ ਜਾਵੇ ਅਤੇ ਉਹਨਾਂ ਨੂੰ ਰਾਹਤ ਦਿੱਤੀ ਜਾਵੇ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ। ਉਹਨਾਂ ਕਿਹਾ ਕਿ ਟਰੋਮਾ ਸੈਂਟਰ ਵਿੱਚੋਂ ਵੱਡੇ ਪੱਧਰ ਤੇ ਸਮਾਨ ਨੂੰ ਚੋਰੀ ਹੋਣ ਕਾਰਨ ਬਹੁਤ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਜਾਇਜ਼ਾ ਲਿਆ ਗਿਆ ਹੈ ਅਤੇ ਮੁੜ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਜਲਦ ਹੀ ਇਸ ਟਰੋਮਾ ਸੈਂਟਰ ਨੂੰ ਸਿਹਤ ਵਿਭਾਗ ਦੇ ਸਪੁਰਦ ਕਰ ਦਿੱਤਾ ਜਾਵੇਗਾ।
--ਟਰੋਮਾ ਸੈਂਟਰ ਦੀ ਰਾਖੀ ਲਈ ਸਕਿਓਰਟੀ ਗਾਰਡ ਕੀਤਾ ਜਾਵੇ ਨਿਯੁਕਤ : ਨਰਿੰਦਰ ਵਿੱਜ--
ਕਸਬਾ ਕਲਾਨੌਰ ਦੇ ਸਮਾਜ ਸੇਵਕ ਨਰਿੰਦਰ ਵਿੱਜ ਨੀਤੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਤੋਂ ਟੈਕਸ ਦੇ ਰੂਪ ਵਿੱਚ ਵਸੂਲੇ ਪੈਸਿਆਂ ਨਾਲ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਵਾਲੇ ਮਰੀਜ਼ਾਂ ਦੇ ਇਲਾਜ ਲਈ ਟਰੋਮਾ ਸੈਂਟਰ ਦੀ ਇਮਾਰਤ ਦਾ ਨਿਰਮਾਣ ਕੀਤਾ ਗਿਆ ਹੈ। ਪ੍ਰੰਤੂ ਅਫਸੋਸ ਕਿ ਅਜੇ ਤੱਕ ਇਸ ਟਰੋਮਾ ਸੈਂਟਰ ਦੀ ਇਮਾਰਤ ਦਾ ਉਦਘਾਟਨ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਟਰੋਮਾ ਸੈਂਟਰ ਵਿੱਚ ਮਾਹਰ ਡਾਕਟਰਾਂ ਦੀ ਤੈਨਾਤੀ ਕਰਕੇ ਇਸ ਟਰੋਮਾ ਸੈਂਟਰ ਨੂੰ ਸ਼ੁਰੂ ਕੀਤਾ ਜਾਵੇ ਅਤੇ ਇਸ ਆਲੀਸ਼ਾਨ ਇਮਾਰਤ ਦੀ ਰਾਖੀ ਲਈ ਤੁਰੰਤ ਸਕਿਓਰਟੀ ਗਾਰਡ ਦੀ ਤੈਨਾਤੀ ਕੀਤੀ ਜਾਵੇ। ਇਸ ਸਬੰਧੀ ਪੁਲਿਸ ਥਾਣਾ ਕਲਾਨੌਰ ਦੇ ਐੱਸਐੱਚਓ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ। ਪੁਲਿਸ ਵੱਲੋਂ ਸਮੇਂ-ਸਮੇਂ ਤੇ ਰੂਟੀਨ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਟਰੋਮਾ ਸੈਂਟਰ ਏਰੀਏ ਵਿੱਚ ਪੁਲਿਸ ਵੱਲੋਂ ਸਿਵਲ ਵਰਦੀਆਂ ਵਿੱਚ ਵੀ ਜਵਾਨ ਤੈਨਾਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਜੇਕਰ ਟਰੋਮਾ ਸੈਂਟਰ ਦੇ ਆਸ ਪਾਸ ਕੋਈ ਛੇੜਛਾੜ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।