ਜਨਗਣਨਾ ਫੇਜ਼ -2 ਸਬੰਧੀ ਜ਼ਿਲ੍ਹਾ ਗੁਰਦਾਸਪੁਰ ਦੇ ਫੀਲਡ ਟ੍ਰੇਨਰਾਂ ਦੀ ਟ੍ਰੇਨਿੰਗ ਸਮਾਪਤ ਜਨਗਣਨਾ ਫੇਜ਼ -2 ਸਬੰਧੀ ਜ਼ਿਲ੍ਹਾ ਗੁਰਦਾਸਪੁਰ ਦੇ ਫੀਲਡ ਟ੍ਰੇਨਰਾਂ ਦੀ ਟ੍ਰੇਨਿੰਗ ਸਮਾਪਤ
Publish Date: Wed, 30 Sep 2026 04:12 PM (IST)
Updated Date: Wed, 30 Sep 2026 04:15 PM (IST)
ਨਰੇਸ਼ ਕਾਲੀਆ, ਪੰਜਾਬੀ ਜਾਗਰਣ, ਗੁਰਦਾਸਪੁਰ : ਜਨਗਣਨਾ-2027 ਦੇ ਫੇਜ਼-2 ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਫਲਤਾਪੂਰਵਕ ਸਮਾਪਤ ਹੋ ਗਈ ਹੈ। ਇਸ ਟ੍ਰੇਨਿੰਗ ਦੇ ਪਹਿਲੇ ਬੈਚ ’ਚ 32 ਅਤੇ ਦੂਜੇ ਬੈਚ ’ਚ 30 ਫੀਲਡ ਟ੍ਰੇਨਰਾਂ ਨੇ ਭਾਗ ਲਿਆ। ਫੀਲਡ ਟ੍ਰੇਨਰਾਂ ਦੀ ਇਹ ਟ੍ਰੇਨਿੰਗ ਪੰਚਾਇਤ ਭਵਨ, ਗੁਰਦਾਸਪੁਰ ਵਿਖੇ ਪ੍ਰਿੰਸੀਪਲ ਸੈਂਸਜ ਓਪਰੇਸ਼ਨ ਗੁਰਦਾਸਪੁਰ- ਕਮ-ਡਿਪਟੀ ਕਮਿਸ਼ਨਰ, ਗੁਰਦਾਸਪੁਰ ਅਦਿੱਤਿਆ ਉੱਪਲ ਦੀ ਅਗਵਾਈ ਹੇਠ ਕਰਵਾਈ ਗਈ। ਉਪ ਅਰਥ ਅਤੇ ਅੰਕੜਾ ਸਲਾਹਕਾਰ ਗੁਰਦਾਸਪੁਰ ਵਿਨੋਦ ਬੇਰੀ ਨੇ ਦੱਸਿਆ ਕਿ ਇਹ ਸਾਰੇ ਫੀਲਡ ਟ੍ਰੇਨਰ ਅੱਗੇ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ 13 ਜਨਗਣਨਾ ਚਾਰਜ ਅਫਸਰਾਂ ਅਧੀਨ ਕੰਮ ਕਰ ਰਹੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨਗੇ। ਇਨ੍ਹਾਂ ਟ੍ਰੇਨਿੰਗਾਂ ਦੀ ਪ੍ਰਕਿਰਿਆ 5 ਅਕਤੂਬਰ 2026 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਫੀਲਡ ਟ੍ਰੇਨਰਾਂ ਨੂੰ ਜਨਸੰਖਿਆ ਗਿਣਤੀ ਦੇ ਕਾਰਜ ਨਾਲ ਸਬੰਧਤ ਵੱਖ-ਵੱਖ ਪਹਿਲੂਆਂ, ਪ੍ਰਕਿਰਿਆਵਾਂ, ਪੀਈ ਐਪਲੀਕੇਸ਼ਨ ਦੀ ਵਰਤੋਂ ਅਤੇ ਜਨਗਣਨਾ ਵਿਭਾਗ ਵੱਲੋਂ ਜਾਰੀ ਹਦਾਇਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪੰਜਾਬ ਰਾਜ ’ਚ ਜਨਸੰਖਿਆ ਗਿਣਤੀ ਦਾ ਕਾਰਜ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ, ਜਦਕਿ ਰੀਵਿਜ਼ਨਲ ਰਾਊਂਡ 5 ਜਨਵਰੀ 2027 ਤੋਂ 9 ਜਨਵਰੀ 2027 ਤੱਕ ਕਰਵਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੇ ਜਨਗਣਨਾ ਵਿਭਾਗ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਕੋਆਰਡੀਨੇਟਰ ਅਤੇ ਮਾਸਟਰ ਟ੍ਰੇਨਰ ਵਿਸ਼ਵਾਸ ਸੋਮ, ਜ਼ਿਲ੍ਹਾ ਇੰਚਾਰਜ ਗੁਰਦਾਸਪੁਰ ਜਨਗਣਨਾ ਵਿਭਾਗ ਪੰਜਾਬ ਰਛਪਾਲ ਸਿੰਘ, ਉਪ ਅਰਥ ਅਤੇ ਅੰਕੜਾ ਸਲਾਹਕਾਰ ਗੁਰਦਾਸਪੁਰ ਵਿਨੋਦ ਬੇਰੀ, ਤਰਨਬੀਰ ਸਿੰਘ, ਮੈਡਮ ਰੇਨੂੰ ਬਾਲਾ, ਨੀਤੀਨ, ਰਣਵੀਰ ਕੌਰ ਅਤੇ ਮਨਦੀਪ ਸ਼ਰਮਾ ਹਾਜ਼ਰ ਸਨ। ਜ਼ਿਲ੍ਹਾ ਗੁਰਦਾਸਪੁਰ ਵਿੱਚ ਜਨਗਣਨਾ ਟ੍ਰੇਨਿੰਗ ਲਈ ਮਾਸਟਰ ਟ੍ਰੇਨਰ ਵਜੋਂ ਲੈਕਚਰਾਰ ਗੁਰਮੀਤ ਸਿੰਘ ਭੋਮਾ (ਸਟੇਟ ਐਵਾਰਡੀ), ਲੈਕਚਰਾਰ ਸੰਜੀਵ ਕੁਮਾਰ ਅਤੇ ਲੈਕਚਰਾਰ ਚਰਨਪ੍ਰੀਤ ਸਿੰਘ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ।