ਈ-ਰਿਕਸ਼ਾ ਚਾਲਕਾਂ ਲਈ ਜਾਗਰੂਕਤਾ ਸੈਮੀਨਾਰ
ਟ੍ਰੈਫ਼ਿਕ ਪੁਲਿਸ ਨੇ ਈ-ਰਿਕਸ਼ਾ ਚਾਲਕਾਂ ਲਈ ਜਾਗਰੂਕਤਾ ਸੈਮੀਨਾਰ ਲਗਾਇਆ
Publish Date: Wed, 04 Nov 2026 04:02 PM (IST)
Updated Date: Wed, 04 Nov 2026 04:05 PM (IST)
ਪਲਵਿੰਦਰ ਸਿੰਘ, ਪੰਜਾਬੀ ਜਾਗਰਣ ਗੁਰਦਾਸਪੁਰ : ਟ੍ਰੈਫ਼ਿਕ ਪੁਲਿਸ ਵੱਲੋਂ ਪੁਰਾਣੀ ਸਬਜ਼ੀ ਮੰਡੀ ਚੌਕ ’ਤੇ ਈ-ਰਿਕਸ਼ਾ ਚਾਲਕਾਂ ਨਾਲ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ’ਚ ਈ-ਰਿਕਸ਼ਾ ਚਾਲਕਾਂ ਤੇ ਆਮ ਜਨਤਾ ਨੂੰ ਇਕੱਠਿਆਂ ਜੋੜ ਕੇ ਰਾਹਵੀਰ ਸਕੀਮ ਬਾਰੇ ਜਾਗਰੂਕ ਕੀਤਾ ਗਿਆ। ਇਸਦੇ ਨਾਲ ਹੀ ਸਾਰਿਆਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ। ਸੈਮੀਨਾਰ ਦੌਰਾਨ ਮੌਜੂਦ ਲੋਕਾਂ ਨੂੰ ਹੈਲਪਲਾਈਨ ਨੰਬਰ 112, 1033 ਤੇ 1930 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਤਾਂ ਜੋ ਉਹ ਐਮਰਜੈਂਸੀ ਸਥਿਤੀਆਂ ’ਚ ਇਨ੍ਹਾਂ ਨੰਬਰਾਂ ਦਾ ਉਪਯੋਗ ਕਰ ਸਕਣ। ਇਸ ਤੋਂ ਇਲਾਵਾ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਸਾਰਿਆਂ ਨੂੰ ਜਾਣੂ ਕਰਵਾਇਆ ਗਿਆ ਤੇ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ। ਸੈਮੀਨਾਰ ’ਚ ਏਐੱਸਆਈ ਅਮਨਦੀਪ ਸਿੰਘ ਤੇ ਏਐੱਸਆਈ ਅਸ਼ਵਨੀ ਕੁਮਾਰ ਨੇ ਈ-ਰਿਕਸ਼ਾ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਸੁਰੱਖਿਅਤ ਡਰਾਈਵਿੰਗ ਕਰਨ ਤੇ ਦੂਜਿਆਂ ਦੀ ਸੁਰੱਖਿਆ ਦਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਤੇ ਆਮ ਜਨਤਾ ’ਚ ਜਾਗਰੂਕਤਾ ਫੈਲਾਉਣਾ ਹੈ।