ਮੋਹਲੇਧਾਰ ਬਾਰਿਸ਼ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਲਾਂ: ਮੰਡੀਆਂ 'ਚ ਖੁੱਲ੍ਹੇ 'ਚ ਪਿਆ ਝੋਨਾ ਹੋਇਆ ਜਲਥਲ
ਕਿਸਾਨਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਇਸ ਇਲਾਕੇ ਦੇ ਲੋਕਾਂ ਦੀਆਂ ਝੋਨੇ ਦੀਆਂ ਫਸਲਾਂ ਨੂੰ ਹੜ੍ਹਾਂ ਦੇ ਪਾਣੀ ਨੇ ਤਬਾਹ ਕਰਕੇ ਰੱਖ ਦਿੱਤਾ ਸੀ ਅਤੇ ਸਰਕਾਰ ਵੱਲੋਂ ਸਿਰਫ਼ 20 ਹਜ਼ਾਰ ਰੁਪਏ ਮਾਮੂਲੀ ਮੁਆਵਜ਼ਾ ਮਿਲਿਆ ਸੀ ਅਤੇ ਕਿਸਾਨਾਂ ਨੂੰ ਵੱਡੇ ਬੋਝ ਦਾ ਸਾਹਮਣਾ ਕਰਨਾ ਪਿਆ ਸੀ।
Publish Date: Sun, 11 Oct 2026 11:36 AM (IST)
Updated Date: Sun, 11 Oct 2026 11:40 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ। ਐਤਵਾਰ ਨੂੰ ਬਾਰਡਰ ਏਰੀਏ ਦੇ ਖੇਤਰ ’ਚ ਹੋਈ ਮੋਹਲੇਧਾਰ ਮੀਂਹ ਕਾਰਨ ਪਾਣੀ ਖੇਤਾਂ ’ਚ ਖੜਾ ਹੋਣ ਤੋਂ ਇਲਾਵਾ ਅਨਾਜ ਮੰਡੀਆਂ ’ਚ ਨੀਲੇ ਅਸਮਾਨ ਹੇਠਾਂ ਲੱਗੇ ਝੋਨੇ ਦੇ ਢੇਰ ਭਿੱਜਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ।
ਅਨਾਜ ਮੰਡੀ ਕਲਾਨੌਰ ’ਚ ਪਿਛਲੇ ਪੰਜ ਦਿਨਾਂ ਤੋਂ ਝੋਨਾ ਵੇਚਣ ਲਈ ਆਏ ਕਿਸਾਨ ਬਲਜੀਤ ਸਿੰਘ, ਜਸਵੰਤ ਸਿੰਘ, ਬਲਵੰਤ ਸਿੰਘ, ਹਰਦੇਵ ਸਿੰਘ, ਸੁਖਦੇਵ ਸਿੰਘ ਨੇ ਦੱਸਿਆ ਕਿ ਜਿੱਥੇ ਪਿਛਲੇ ਦਿਨਾਂ ਤੋਂ ਮੰਡੀਆਂ ’ਚ ਝੋਨੇ ’ਚ ਨਵੀਂ ਹੋਣ ਕਾਰਨ ਮੰਡੀਆਂ ’ਚ ਝੋਨੇ ਦੀ ਖਰੀਦ ਨਾ ਮਾਤਰ ਹੋ ਰਹੀ ਸੀ, ਉਥੇ ਐਤਵਾਰ ਨੂੰ ਹੋਈ ਮੋਹਲੇਧਾਰ ਬਾਰਿਸ਼ ਕਾਰਨ, ਜਿੱਥੇ ਮੰਡੀਆਂ ’ਚ ਨੀਲੇ ਅਸਮਾਨ ਹੇਠਾਂ ਲੱਗੇ ਝੋਨੇ ਦੇ ਢੇਰ ਮੀਂਹ ਦੇ ਪਾਣੀ ਨਾਲ ਭਿੱਜ ਗਏ ਹਨ, ਉਥੇ ਮੀਂਹ ਦਾ ਪਾਣੀ ਝੋਨੇ ਦੇ ਖੇਤਾਂ ’ਚ ਖੜਾ ਹੋਣ ਕਾਰਨ ਝੋਨੇ ਦੀ ਕਟਾਈ ਪ੍ਰਭਾਵਿਤ ਹੋਵੇਗੀ।
ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵੱਲੋਂ ਬਾਰਿਸ਼ ਹੋਣ ਦੇ ਅਨੁਮਾਨ ਸਨ। ਜਿਸ ਕਾਰਨ ਕਿਸਾਨਾਂ ਵੱਲੋਂ ਮੰਡੀਆਂ ’ਚ ਲਿਆਂਦੇ ਝੋਨੇ ਨੂੰ ਤ੍ਰਪਾਲਾ ਨਾਲ ਢਕਿਆ ਹੋਇਆ ਸੀ ਪਰ ਬਾਰਿਸ਼ ਜ਼ਿਆਦਾ ਤੇਜ਼ ਹੋਣ ਕਾਰਨ ਪਾਣੀ ਮੰਡੀਆਂ ’ਚ ਖੜਾ ਹੋ ਗਿਆ ਹੈ।
ਕਿਸਾਨਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਇਸ ਇਲਾਕੇ ਦੇ ਲੋਕਾਂ ਦੀਆਂ ਝੋਨੇ ਦੀਆਂ ਫਸਲਾਂ ਨੂੰ ਹੜ੍ਹਾਂ ਦੇ ਪਾਣੀ ਨੇ ਤਬਾਹ ਕਰਕੇ ਰੱਖ ਦਿੱਤਾ ਸੀ ਅਤੇ ਸਰਕਾਰ ਵੱਲੋਂ ਸਿਰਫ਼ 20 ਹਜ਼ਾਰ ਰੁਪਏ ਮਾਮੂਲੀ ਮੁਆਵਜ਼ਾ ਮਿਲਿਆ ਸੀ ਅਤੇ ਕਿਸਾਨਾਂ ਨੂੰ ਵੱਡੇ ਬੋਝ ਦਾ ਸਾਹਮਣਾ ਕਰਨਾ ਪਿਆ ਸੀ।
ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨਾਂ ਦੀ ਫਸਲ ਚੰਗੀ ਹੋਣ ਦੀ ਉਮੀਦ ਸੀ ਪਰ ਹੁਣ ਝੋਨਾ ਪੱਕਣ ਉਪਰੰਤ ਬਾਰਿਸ਼ਾਂ ਦੀ ਸ਼ੁਰੂਆਤ ਹੋਣ ਕਾਰਨ ਕਿਸਾਨਾਂ ਦੇ ਸਾਹ ਸੁੱਕੇ ਪਏ ਹਨ।