ਦੀਵਾਲੀ ਦਾ ਤਿਉਹਾਰ ਅੱਜ, ਸ਼ਹਿਰ ਦੇ ਬਾਜ਼ਾਰਾਂ ’ਚ ਖ਼ਰੀਦਦਾਰੀ ਲਈ ਲੋਕਾਂ ਦੀ ਭੀੜ ਉਮੜੀ ਦੀਵਾਲੀ ਦਾ ਤਿਉਹਾਰ ਅੱਜ, ਸ਼ਹਿਰ ਦੇ ਬਾਜ਼ਾਰਾਂ ਵਿੱਚ ਖ਼ਰੀਦਦਾਰੀ ਲਈ ਲੋਕਾਂ ਦੀ ਭੀੜ ਉਮੜੀ
Publish Date: Sat, 07 Nov 2026 03:05 PM (IST)
Updated Date: Sun, 08 Nov 2026 04:02 AM (IST)
--ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਸਖ਼ਤ, ਫ਼ਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮ ਵੀ ਅੱਗਜ਼ਨੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਤਿਆਰ ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਜ਼ਿਲ੍ਹੇ ਵਿੱਚ ਦੀਵਾਲੀ ਦਾ ਤਿਉਹਾਰ ਐਤਵਾਰ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ। ਤਿਉਹਾਰ ਨੂੰ ਲੈ ਕੇ ਸ਼ਹਿਰ ਵਿੱਚ ਉਤਸ਼ਾਹ ਚਰਮ ਤੇ ਹੈ ਅਤੇ ਬਾਜ਼ਾਰਾਂ ਵਿੱਚ ਖ਼ਰੀਦਦਾਰਾਂ ਦੀ ਭਾਰੀ ਭੀੜ ਉਮੜ ਰਹੀ ਹੈ। ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ ਉਥੇ ਫ਼ਾਇਰ ਬ੍ਰਿਗੇਡ ਵਿਭਾਗ ਨੇ ਵੀ ਅੱਗਜ਼ਨੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਇੰਤਜ਼ਾਮ ਕੀਤੇ ਹਨ। ਦੀਵਾਲੀ ਤੋਂ ਪਹਿਲਾਂ ਗੁਰਦਾਸਪੁਰ ਸ਼ਹਿਰ ਦੇ ਮੁੱਖ ਬਾਜ਼ਾਰਾਂ, ਮਾਲਾਂ ਅਤੇ ਦੁਕਾਨਾਂ ਵਿੱਚ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਹੈ। ਮਿਠਾਈ, ਕੱਪੜੇ, ਇਲੈਕਟ੍ਰਾਨਿਕਸ, ਬਰਤਨ ਅਤੇ ਸਜਾਵਟੀ ਸਾਮਾਨ ਦੀਆਂ ਦੁਕਾਨਾਂ ਤੇ ਖ਼ਰੀਦਦਾਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ। ਵਪਾਰੀਆਂ ਨੇ ਵੀ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਦੁਕਾਨਾਂ ਨੂੰ ਆਕਰਸ਼ਕ ਢੰਗ ਨਾਲ ਸਜਾਇਆ ਹੈ ਤੇ ਵਿਸ਼ੇਸ਼ ਛੋਟ ਦੀਆਂ ਪੇਸ਼ਕਸ਼ਾਂ ਦਿੱਤੀਆਂ ਹਨ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਖੇਤਰਾਂ ਵਿੱਚ ਦੁਪਹਿਰ ਤੋਂ ਹੀ ਭਾਰੀ ਭੀੜ ਦਿਖਾਈ ਦੇ ਰਹੀ ਹੈ। ਉੱਧਰ ਸਿਵਲ ਹਸਪਤਾਲ ਵਿੱਚ ਵੀ ਤਿਉਹਾਰ ਨੂੰ ਲੈ ਕੇ ਉਚਿਤ ਪ੍ਰਬੰਧ ਕੀਤੇ ਗਏ ਹਨ। ਐੱਸਐੱਸਪੀ ਗੁਰਦਾਸਪੁਰ ਆਦਿਤਿਆ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਗੁਰਦਾਸਪੁਰ ਪੁਲਿਸ ਨੇ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਪੁਲਿਸ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ 45 ਮੋਬਾਈਲ ਚੈੱਕ ਪੋਸਟਾਂ ਬਣਾਈਆਂ ਹਨ। ਬਾਜ਼ਾਰਾਂ, ਭੀੜ-ਭੜੱਕੇ ਵਾਲੇ ਇਲਾਕਿਆਂ, ਪ੍ਰਮੁੱਖ ਚੌਕ-ਚੌਰਾਹਿਆਂ ਤੇ ਧਾਰਮਿਕ ਸਥਾਨਾਂ ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੀਸੀਆਰ ਮੁਲਾਜ਼ਮ ਲਗਾਤਾਰ ਨਿਗਰਾਨੀ ਕਰ ਰਹੇ ਹਨ। ਆਵਾਜਾਈ ਪੁਲਿਸ ਨੇ ਬਾਜ਼ਾਰਾਂ ਦੇ ਆਸ-ਪਾਸ ਪਾਰਕਿੰਗ ਅਤੇ ਰਾਹਗੀਰਾਂ ਦੀ ਸੁਵਿਧਾ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਹਨ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਭੀੜ-ਭੜੱਕੇ ’ਚ ਆਪਣੇ ਕੀਮਤੀ ਸਾਮਾਨ ਦਾ ਧਿਆਨ ਰੱਖਣ, ਅਣਜਾਨ ਵਸਤੂਆਂ ਨੂੰ ਨਾ ਛੂਹਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰ ਨੂੰ ਸ਼ਾਂਤੀ ਅਤੇ ਸਦਭਾਵਨਾ ਨਾਲ ਮਨਾਉਣ, ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਮਿਤ ਪਟਾਕੇ ਜਲਾਉਣ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ। -ਫ਼ਾਇਰ ਬ੍ਰਿਗੇਡ ਵੀ ਮੁਸਤੈਦ ਉੱਧਰ ਫ਼ਾਇਰ ਅਫ਼ਸਰ ਸੁਖਵਿੰਦਰ ਪਾਲ ਨੇ ਦੱਸਿਆ ਕਿ ਦੀਵਾਲੀ ਦੇ ਮੱਦੇਨਜ਼ਰ ਫ਼ਾਇਰ ਬ੍ਰਿਗੇਡ ਦੀ 37 ਮੁਲਾਜ਼ਮਾਂ ਦੀ ਟੀਮ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਿਪਟਣ ਲਈ ਤਿਆਰ ਰੱਖਿਆ ਗਿਆ ਹੈ। ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਵਪਾਰਕ ਅਦਾਰਿਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕਰਨ ਲਈ ਵਿਭਾਗ ਦੀ ਟੀਮ ਮੁਸਤੈਦ ਰਹੇਗੀ। ਦੀਵਾਲੀ ਦੌਰਾਨ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਵੀ ਅੱਗ ਤੋਂ ਬਚਾਅ ਲਈ ਸਾਵਧਾਨੀ ਵਰਤਣ ਦੀ ਲੋੜ ਹੈ। -ਦੀਵਾਲੀ ਤੇ ਪੂਜਨ ਦਾ ਸ਼ੁਭ ਮੁਹੂਰਤ ਮਾਈ ਦਾ ਮੰਦਰ (ਤਾਲਾਬ) ਦੇ ਪੰਡਿਤ ਕ੍ਰਿਸ਼ਨ ਕੁਮਾਰ ਭਾਰਦਵਾਜ ਦੇ ਅਨੁਸਾਰ ਲਕਸ਼ਮੀ ਪੂਜਾ ਦਾ ਆਰੰਭ 8 ਨਵੰਬਰ ਨੂੰ ਸ਼ਾਮ 5 ਵਜੇ 54 ਮਿੰਟ ਤੇ ਹੋਵੇਗਾ ਅਤੇ ਸਮਾਪਨ ਸ਼ਾਮ 7 ਵਜੇ 50 ਮਿੰਟ ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਦੀਵਾਲੀ ਤੇ ਲਕਸ਼ਮੀ ਪੂਜਨ ਤੋਂ ਪਹਿਲਾਂ ਘਰ ਦੀ ਚੰਗੀ ਸਫ਼ਾਈ ਕਰੋ। ਘਰ ਵਿੱਚ ਸ਼ੁੱਧੀ ਅਤੇ ਪਵਿੱਤਰਤਾ ਲਈ ਗੰਗਾਜਲ ਦਾ ਛਿੜਕਾਅ ਕਰੋ। ਘਰ ਦੇ ਮੁੱਖ ਦੁਆਰ ਤੇ ਪੂਜਾਘਰ ਦੇ ਨੇੜੇ ਰੰਗੋਲੀ ਬਣਾਓ। ਦੀਵਾਲੀ ਪੂਜਨ ਲਈ ਪੂਜਾ ਸਥਾਨ ਤੇ ਇੱਕ ਚੌਕੀ ਰੱਖੋ ਅਤੇ ਉਸ ਤੇ ਲਾਲ ਕੱਪੜਾ ਵਿਛਾਓ। ਫਿਰ ਇਸ ਤੇ ਮਾਤਾ ਲਕਸ਼ਮੀ, ਗਣੇਸ਼ ਭਗਵਾਨ, ਰਾਮ ਦਰਬਾਰ ਤੇ ਕੁਬੇਰ ਦੇਵ ਦੀ ਮੂਰਤੀ ਦੀ ਸਥਾਪਨਾ ਕਰੋ। ਧਿਆਨ ਰੱਖੋ ਕਿ ਲਕਸ਼ਮੀ ਜੀ ਦੀ ਮੂਰਤੀ ਨੂੰ ਸ਼੍ਰੀ ਗਣੇਸ਼ ਦੇ ਸੱਜੇ ਹੱਥ ਵੱਲ ਸਥਾਪਿਤ ਕਰਨਾ ਚਾਹੀਦਾ ਹੈ। ਮੂਰਤੀ ਸਥਾਪਨਾ ਤੋਂ ਬਾਅਦ ਪੂਜਾ ਸਥਾਨ ਨੂੰ ਫੁੱਲਾਂ ਨਾਲ ਸਜਾਓ। ਚੌਕੀ ਦੇ ਨੇੜੇ ਹੀ ਪਾਣੀ ਨਾਲ ਭਰਿਆ ਇੱਕ ਕਲਸ਼ ਵੀ ਰੱਖੋ। ਮਾਤਾ ਲਕਸ਼ਮੀ, ਗਣੇਸ਼ ਜੀ ਤੇ ਭਗਵਾਨ ਵਿਸ਼ਨੂੰ ਦੀ ਆਰਤੀ ਕਰੋ ਅਤੇ ਭੋਗ ਲਗਾਓ। - ਮੁੱਖ ਸੰਪਰਕ ਨੰਬਰ- ਫ਼ਾਇਰ ਬ੍ਰਿਗੇਡ-101 ਐਂਬੂਲੈਂਸ--108 ਗੁਰਦਾਸਪੁਰ ਪੁਲਿਸ ਕੰਟਰੋਲ ਰੂਮ-9780002601 ਬਟਾਲਾ ਪੁਲਿਸ ਕੰਟਰੋਲ ਰੂਮ-9780006140