- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਨੇ ਬਟਾਲਾ ਦੇ ਵੱਖ-ਵੱਖ ਇਲਾਕਿਆਂ ’ਚ ਕਰਵਾਈ ਫੋਗਿੰਗ

ਸ਼ਾਮ ਤਿਵਾੜੀ/ਰਾਜਨ ਤ੍ਰੇਹਨ, ਪੰਜਾਬੀ ਜਾਗਰਣ
ਬਟਾਲਾ: ਡੇਂਗੂ ਦੀ ਰੋਕਥਾਮ ਅਤੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਬਟਾਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਫੋਗਿੰਗ ਮੁਹਿੰਮ ਚਲਾਈ ਗਈ। ਇਹ ਫੌਗਿੰਗ ਸਿਵਲ ਹਸਪਤਾਲ ਬਟਾਲਾ ਦੇ ਐੱਸਐੱਮਓ. ਡਾ. ਮਨਜਿੰਦਰਦੀਪ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰਪਾਲ ਸਿੰਘ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਨੇ ਦੱਸਿਆ ਕਿ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਲਈ ਲਗਾਤਾਰ ਸਰਵੇ ਅਤੇ ਫੋਗਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਗੇਟ ਵਿਸ਼ਵਕਰਮਾ, ਸ਼ੁਕਰਪੁਰਾ, ਗਾਂਧੀ ਕੈਂਪ, ਉਮਰਪੁਰਾ, ਈਸਾ ਨਗਰ ਅਤੇ ਕ੍ਰਿਸ਼ਨ ਕਲੋਨੀ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਫੋਗਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਫੋਗਿੰਗ ਟੀਮ ਵਿੱਚ ਕੇਵਲ ਕ੍ਰਿਸ਼ਨ, ਜਸਵੰਤ ਸਿੰਘ ਅਤੇ ਕੁਲਦੀਪ ਸਿੰਘ, ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰ, ਤੋਂ ਇਲਾਵਾ ਕੁਲਵਿੰਦਰ ਸਿੰਘ ਘੁੰਮਣ, ਮਲਟੀ ਪਰਪਜ਼ ਹੈਲਥ ਵਰਕਰ ਅਤੇ ਹੋਰ ਸਿਹਤ ਕਰਮਚਾਰੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਅਨੁਸਾਰ ਬਟਾਲਾ ਸ਼ਹਿਰ ਵਿੱਚ ਹੁਣ ਤੱਕ ਡੇਂਗੂ ਦੇ 14 ਕੇਸ ਸਾਹਮਣੇ ਆ ਚੁੱਕੇ ਹਨ। ਵਿਭਾਗ ਵੱਲੋਂ ਜਿਨ੍ਹਾਂ ਇਲਾਕਿਆਂ ਵਿੱਚ ਡੇਂਗੂ ਦੇ ਕੇਸ ਸਾਹਮਣੇ ਆਏ ਹਨ, ਉੱਥੇ ਵਿਸ਼ੇਸ਼ ਤੌਰ ’ਤੇ ਫੋਗਿੰਗ ਅਤੇ ਸਰਵੇ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਵਿੱਚ ਮੁਰਗੀ ਮਹੱਲਾ, ਭੰਡਾਰੀ ਮਹੱਲਾ, ਬਲਾਵੇ ਦੀ ਕੋਠੀ, ਨਵੀਂ ਬਸਤੀ, ਸ਼ੁਕਰਪੁਰਾ, ਲਾਡੀ ਕੈਂਪ, ਗਾਂਧੀ ਕੈਂਪ, ਗੁਰੂ ਅਮਰਦਾਸ ਕਲੋਨੀ, ਟਰੱਕ ਯੂਨੀਅਨ ਅਤੇ ਉਮਰਪੁਰਾ ਆਦਿ ਇਲਾਕੇ ਸ਼ਾਮਲ ਹਨ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਕੂਲਰਾਂ, ਗਮਲਿਆਂ, ਪੁਰਾਣੇ ਬਰਤਨਾਂ ਅਤੇ ਹੋਰ ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ਦੀ ਨਿਯਮਤ ਸਫ਼ਾਈ ਕਰਨ।