ਨਵਜੰਮੇ ਬੱਚੇ ਦੀ ਸਿਹਤ ਸੰਭਾਲ ਦੇ ਨੁਕਤੇ ਕੀਤੇ ਸਾਂਝੇ ਨਵ-ਜਨਮੇ ਬੱਚੇ ਦੀ ਸਿਹਤ ਸੰਭਾਲ ਦੇ ਨੁਕਤੇ ਕੀਤੇ ਸਾਂਝੇ
Publish Date: Wed, 18 Nov 2026 05:33 PM (IST)
Updated Date: Thu, 19 Nov 2026 04:04 AM (IST)
ਜੀਆਰਪੀ- ਮਾਵਾਂ ਨੂੰ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਿਹਤ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਕੁਮਾਰ ਪ੍ਰਭਾਕਰ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਨਵਜਾਤ ਸ਼ਿਸ਼ੂ ਸਿਹਤ ਸੰਭਾਲ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਜ਼ਿਲ੍ਹੇ ਭਰ ਦੀਆਂ ਸਿਹਤ ਸੰਸਥਾਵਾਂ ’ਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਕੁਮਾਰ ਪ੍ਰਭਾਕਰ ਨੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਸਿਹਤ ਸਟਾਫ਼ ਵੱਲੋਂ ਨਵ-ਜਨਮੇ ਬੱਚਿਆਂ ਵਾਲੇ ਘਰਾਂ ਵਿੱਚ ਜਾ ਕੇ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਬੇਸ਼ੱਕ ਪਿਛਲੇ ਕੁਝ ਸਮੇਂ ਦੌਰਾਨ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਨਾਲ ਬੱਚਿਆਂ ਦੀ ਮੌਤ ਦਰ ਵਿੱਚ ਕਾਫ਼ੀ ਕਮੀ ਆਈ ਹੈ, ਪਰ ਇਸ ਵਿੱਚ ਹੋਰ ਕਮੀ ਲਿਆਉਣ ਦੀ ਜ਼ਰੂਰਤ ਹੈ। ਬੱਚਿਆਂ ਦਾ ਸੰਪੂਰਨ ਟੀਕਾਕਰਨ ਉਨ੍ਹਾਂ ਨੂੰ ਘਾਤਕ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਭਾਵਨਾ ਸ਼ਰਮਾ ਨੇ ਦੱਸਿਆ ਕਿ ਨਵ-ਜਨਮੇ ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਮਾਂ ਦੀ ਛਾਤੀ ਤੇ ਰੱਖਣਾ, ਮਾਂ ਨਾਲੋਂ ਅਲੱਗ ਨਾ ਰੱਖਣਾ, ਬੱਚੇ ਦੇ ਸਿਰ ਤੇ ਪੈਰ ਨੂੰ ਢੱਕ ਕੇ ਰੱਖਣਾ, ਬੱਚੇ ਦੇ ਨਾੜੂਏ ਨੂੰ ਸੁੱਕਾ ਰੱਖਣਾ, ਜਨਮ ਤੋਂ ਤੁਰੰਤ ਬਾਅਦ ਬੱਚੇ ਨੂੰ ਮਾਂ ਦਾ ਦੁੱਧ ਦੇਣਾ, ਜਨਮ ਤੋਂ ਬਾਅਦ ਟੀਕਾਕਰਨ, ਪਹਿਲੇ ਛੇ ਮਹੀਨੇ ਤੱਕ ਨਵ-ਜਨਮੇ ਬੱਚਿਆਂ ਨੂੰ ਕੇਵਲ ਤੇ ਕੇਵਲ ਮਾਂ ਦਾ ਦੁੱਧ ਦੇਣਾ, ਪਖਾਨਾ ਜਾਣ ਤੋਂ ਬਾਅਦ ਅਤੇ ਬੱਚੇ ਨੂੰ ਫੀਡ ਦੇਣ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਨਾਲ ਧੋਣਾ ਆਦਿ ਬੱਚਿਆਂ ਦੀ ਸਿਹਤ ਸੰਭਾਲ ਵਿੱਚ ਚੰਗਾ ਯੋਗਦਾਨ ਪਾਉਂਦਾ ਹੈ। ਬੱਚਿਆਂ ਦੇ ਜਨਮ ਤੋਂ ਬਾਅਦ ਬੱਚੇ ’ਚ ਖ਼ਤਰੇ ਦੇ ਚਿੰਨ੍ਹ ਜਿਵੇਂ ਬੱਚੇ ਵੱਲੋਂ ਮਾਂ ਦਾ ਦੁੱਧ ਲੈਣ ਵਿੱਚ ਮੁਸ਼ਕਿਲ, ਬੱਚੇ ਨੂੰ ਸਾਹ ਔਖਾ ਆਉਣਾ, ਬੱਚੇ ਦਾ ਸਰੀਰ ਜ਼ਿਆਦਾ ਗਰਮ ਜਾਂ ਜ਼ਿਆਦਾ ਠੰਡਾ ਹੋਣਾ, ਬੱਚੇ ਦਾ ਨਿਢਾਲ ਹੋਣ ਵਰਗੀਆਂ ਨਿਸ਼ਾਨੀਆਂ ਹੋਣ ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਤਾਲਮੇਲ ਕੀਤਾ ਜਾਵੇ।