- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਦੀ ਵਿਸ਼ੇਸ਼ ਕੋਸ਼ਿਸ਼, ਗਣੇਸ਼ ਵਿਸਰਜਨ ਲਈ ਕੀਤਾ ਜੇਸੀਬੀ ਦਾ ਪ੍ਰਬੰਧ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਗਣੇਸ਼ ਚਤੁਰਥੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਰ ਇਸੇ ਦੌਰਾਨ ਦੇਖਣ ਵਿੱਚ ਆਇਆ ਹੈ ਕਿ ਗਣੇਸ਼ ਜੀ ਦੇ ਵਿਸਰਜਨ ਦੌਰਾਨ ਅਕਸਰ ਕਈ ਥਾਵਾਂ 'ਤੇ ਬੇਅਦਬੀ ਦੇ ਵੀਡੀਓ ਆਦਿ ਦੇਖਣ ਨੂੰ ਮਿਲਦੇ ਹਨ। ਜਿਸ ਨੂੰ ਦੇਖਦੇ ਹੋਏ ਗੁਰਦਾਸਪੁਰ ਵਿੱਚ ਤਿੱਬੜੀ ਨਹਿਰ 'ਤੇ ਵਿਸਰਜਨ ਵਾਲੇ ਦਿਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਵੱਲੋਂ ਵਿਸ਼ੇਸ਼ ਤੌਰ 'ਤੇ ਜੇਸੀਬੀ ਦਾ ਪ੍ਰਬੰਧ ਕੀਤਾ ਜਾਵੇਗਾ, ਜੋ ਕਿ ਲੋਕਾਂ ਵੱਲੋਂ ਵਿਸਰਜਨ ਲਈ ਲਿਆਂਦੀਆਂ ਮੂਰਤੀਆਂ ਨੂੰ ਲੈ ਕੇ ਉਨ੍ਹਾਂ ਨੂੰ ਸਨਮਾਨ ਨਾਲ ਡੂੰਘੇ ਪਾਣੀ ਵਿੱਚ ਵਿਸਰਜਿਤ ਕਰੇਗੀ। ਇਹ ਜਾਣਕਾਰੀ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਚੇਅਰਮੈਨ ਰਾਜੀਵ ਸ਼ਰਮਾ ਨੇ ਕਿਹਾ ਕਿ ਇਹ ਤਿਉਹਾਰ ਦਸ ਦਿਨਾਂ ਤੱਕ ਚੱਲਦਾ ਹੈ। ਜਿਸ ਕਾਰਨ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਘਰਾਂ ਵਿੱਚ ਗਣੇਸ਼ ਜੀ ਦੀਆਂ ਮੂਰਤੀਆਂ ਸਥਾਪਿਤ ਕਰਕੇ ਦਸ ਦਿਨਾਂ ਬਾਅਦ ਉਨ੍ਹਾਂ ਨੂੰ ਵਹਿੰਦੇ ਪਾਣੀ ਵਿੱਚ ਵਿਸਰਜਿਤ ਕੀਤਾ ਜਾਂਦਾ ਹੈ। ਜਿਸ ਤਹਿਤ 25 ਸਤੰਬਰ ਨੂੰ ਵਿਸਰਜਨ ਕੀਤਾ ਜਾਵੇਗਾ। ਇਸ ਦੌਰਾਨ ਵੱਖ-ਵੱਖ ਮੰਦਰਾਂ ਅਤੇ ਵੱਡੀ ਗਿਣਤੀ ਵਿੱਚ ਲੋਕ ਗੁਰਦਾਸਪੁਰ ਤੋਂ ਤਿੱਬੜੀ ਨਹਿਰ ਵਿੱਚ ਵਿਸਰਜਨ ਕਰਨ ਲਈ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਪਰ ਪਿਛਲੇ ਸਮੇਂ ਦੌਰਾਨ ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਵਿਸਰਜਨ ਦੌਰਾਨ ਮੂਰਤੀਆਂ ਨੂੰ ਨੁਕਸਾਨ ਪਹੁੰਚਣ ਅਤੇ ਚੰਗੀ ਤਰ੍ਹਾਂ ਡੂੰਘੇ ਪਾਣੀ ਵਿੱਚ ਵਿਸਰਜਨ ਨਾ ਹੋਣ ਕਾਰਨ ਬੇਅਦਬੀਆਂ ਹੁੰਦੀਆਂ ਹਨ, ਜਿਸ ਕਾਰਨ ਕੁਝ ਸ਼ਰਾਰਤੀ ਲੋਕਾਂ ਵੱਲੋਂ ਵੀਡੀਓ ਬਣਾਕੇ ਵਾਇਰਲ ਕੀਤਾ ਜਾਂਦਾ ਹੈ। ਜਿਸ ਕਾਰਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਵੱਲੋਂ ਤਿੱਬੜੀ ਨਹਿਰ 'ਤੇ ਵਿਸਰਜਨ ਵਾਲੇ ਦਿਨ ਇੱਕ ਜੇਸੀਬੀ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਦੇ ਅੱਗੇ ਇੱਕ ਵਿਸ਼ੇਸ਼ ਫਰੇਮ ਬਣਾਇਆ ਜਾਵੇਗਾ। ਉਸ ਵਿੱਚ ਮੂਰਤੀਆਂ ਰੱਖਕੇ ਉਸ ਨੂੰ ਡੂੰਘੇ ਪਾਣੀ ਵਿੱਚ ਵਿਸਰਜਿਤ ਕੀਤਾ ਜਾਵੇਗਾ ਤਾਂ ਜੋ ਵਿਸਰਜਨ ਪੂਰੀ ਮਰਿਆਦਾ ਨਾਲ ਹੋ ਸਕੇ।
ਉਨ੍ਹਾਂ ਦੱਸਿਆ ਕਿ ਜੇਸੀਬੀ ਮਸ਼ੀਨ ਵਿਸਰਜਨ ਤੋਂ ਇੱਕ ਦਿਨ ਪਹਿਲਾਂ ਹੀ ਉੱਥੇ ਪਹੁੰਚ ਜਾਵੇਗੀ ਅਤੇ ਅਗਲਾ ਪੂਰਾ ਦਿਨ ਰਾਤ ਤੱਕ ਮਸ਼ੀਨ ਉੱਥੇ ਹੀ ਕੰਮ ਕਰੇਗੀ।