ਪਥੇਰਿਆਂ ਦੇ ਰੁਜ਼ਗਾਰ 'ਤੇ ਮੰਡਰਾਇਆ ਖ਼ਤਰਾ, ਲੇਬਰ ਦੀ ਸਮੱਸਿਆ ਤੋਂ ਤੰਗ ਆ ਕੇ ਭੱਠਿਆਂ 'ਚ ਸ਼ੁਰੂ ਹੋਈ ਮਸ਼ੀਨਾਂ ਨਾਲ ਇੱਟਾਂ ਦੀ ਪਥਾਈ ਪਥੇਰਿਆਂ ਦੀ ਲਗਾਤਾਰ ਘਟ ਰਹੀ ਗਿਣਤੀ ਅਤੇ ਲੇਬਰ ਦੀ ਭਾਰੀ ਘਾਟ ਕਾਰਨ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਭੱਠਾ ਮਾਲਕਾਂ ਨੇ ਹੁਣ ਕੱਚੀਆਂ ਇੱਟਾਂ ਤਿਆਰ ਕਰਨ ਲਈ ਮਸ਼ੀਨਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਵਡਾਲਾ ਬਾਂਗਰ ਸਮੇਤ ਸਰਹੱਦੀ ਖੇਤਰ ਦੇ ਕਈ ਭੱਠਿਆਂ ’ਤੇ ਮਸ਼ੀਨਾਂ ਰਾਹੀਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਕੱਚੀਆਂ ਇੱਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਪਥੇਰੇ ਨਾ ਮਿਲਣ ਕਾਰਨ ਭੱਠਿਆਂ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਸੀ, ਜਿਸ ਕਾਰਨ ਮਸ਼ੀਨੀ ਤਕਨੀਕ ਵੱਲ ਜਾਣਾ ਮਜਬੂਰੀ ਬਣ ਗਿਆ ਹੈ।
Publish Date: Tue, 15 Sep 2026 09:51 AM (IST)
Updated Date: Tue, 15 Sep 2026 09:53 AM (IST)
ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ, ਕਲਾਨੌਰ : ਪਥੇਰਿਆਂ ਦੀ ਲਗਾਤਾਰ ਘਟ ਰਹੀ ਗਿਣਤੀ ਅਤੇ ਲੇਬਰ ਦੀ ਭਾਰੀ ਘਾਟ ਕਾਰਨ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਭੱਠਾ ਮਾਲਕਾਂ ਨੇ ਹੁਣ ਕੱਚੀਆਂ ਇੱਟਾਂ ਤਿਆਰ ਕਰਨ ਲਈ ਮਸ਼ੀਨਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਵਡਾਲਾ ਬਾਂਗਰ ਸਮੇਤ ਸਰਹੱਦੀ ਖੇਤਰ ਦੇ ਕਈ ਭੱਠਿਆਂ ’ਤੇ ਮਸ਼ੀਨਾਂ ਰਾਹੀਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਕੱਚੀਆਂ ਇੱਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਪਥੇਰੇ ਨਾ ਮਿਲਣ ਕਾਰਨ ਭੱਠਿਆਂ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਸੀ, ਜਿਸ ਕਾਰਨ ਮਸ਼ੀਨੀ ਤਕਨੀਕ ਵੱਲ ਜਾਣਾ ਮਜਬੂਰੀ ਬਣ ਗਿਆ ਹੈ।
ਭੱਠਾ ਮਾਲਕ ਅੰਮ੍ਰਿਤ ਪਾਲ ਸਿੰਘ ਕਾਹਲੋਂ ਅਤੇ ਰੁਪਿੰਦਰਜੀਤ ਸਿੰਘ ਕੰਗ ਨੇ ਦੱਸਿਆ ਕਿ ਕੱਚੀਆਂ ਇੱਟਾਂ ਪੱਥਣ ਵਾਲੇ ਪਥੇਰਿਆਂ ਦੀ ਘਾਟ ਕਾਰਨ ਭੱਠੇ ਚਲਾਉਣ ਵਿੱਚ ਕਾਫੀ ਮੁਸ਼ਕਲ ਆ ਰਹੀ ਸੀ। ਪ੍ਰਤੀ ਹਜ਼ਾਰ ਕੱਚੀ ਇੱਟ ਦਾ ਰੇਟ 1134 ਰੁਪਏ ਨਿਰਧਾਰਿਤ ਹੋਣ ਦੇ ਬਾਵਜੂਦ ਰੋਜ਼ਾਨਾ ਇੱਟਾਂ ਪਾਉਣ ਵਾਲੇ ਪਥੇਰਿਆਂ ਨੂੰ 5 ਹਜ਼ਾਰ ਤੋਂ 40 ਹਜ਼ਾਰ ਰੁਪਏ ਤੱਕ ਐਡਵਾਂਸ ਦੇਣਾ ਪੈਂਦਾ ਸੀ। ਇਸ ਦੇ ਬਾਵਜੂਦ ਕਈ ਵਾਰ ਪਥੇਰੇ ਐਡਵਾਂਸ ਲੈਣ ਤੋਂ ਬਾਅਦ ਵੀ ਕੰਮ ’ਤੇ ਨਹੀਂ ਆਉਂਦੇ ਸਨ।
ਮਸ਼ੀਨ ’ਤੇ 34 ਲੱਖ ਦਾ ਖਰਚਾ ਲੇਬਰ ਦੀ ਘਾਟ ਨੂੰ ਦੇਖਦਿਆਂ ਭੱਠਾ ਮਾਲਕਾਂ ਵੱਲੋਂ 34 ਲੱਖ ਰੁਪਏ ਦੀ ਇੱਟਾਂ ਬਣਾਉਣ ਵਾਲੀ ਮਸ਼ੀਨ ਖਰੀਦੀ ਗਈ ਹੈ। ਇਸ ਦੇ ਨਾਲ ਜੇਸੀਬੀ, ਟਰੈਕਟਰ ਅਤੇ ਲੇਜ਼ਰ ਕਰਾਹਾ ਵੀ ਲਿਆ ਗਿਆ ਹੈ। ਮਸ਼ੀਨ ਰੋਜ਼ਾਨਾ 80 ਹਜ਼ਾਰ ਤੋਂ ਇੱਕ ਲੱਖ ਤੱਕ ਕੱਚੀਆਂ ਇੱਟਾਂ ਤਿਆਰ ਕਰ ਦਿੰਦੀ ਹੈ। ਭੱਠਾ ਮਾਲਕਾਂ ਅਨੁਸਾਰ ਇਸ ਦੀ ਸਮਰੱਥਾ ਲਗਭਗ 200 ਮਜ਼ਦੂਰਾਂ ਦੇ ਕੰਮ ਦੇ ਬਰਾਬਰ ਹੈ।
ਮਸ਼ੀਨ ਨਾਲ ਤਿਆਰ ਹੋਣ ਵਾਲੀਆਂ ਇੱਟਾਂ ਵਧੇਰੇ ਸਾਫ਼ ਅਤੇ ਮਜ਼ਬੂਤ ਦੱਸੀਆਂ ਜਾ ਰਹੀਆਂ ਹਨ। ਮਿੱਟੀ ਨੂੰ ਸਾਂਚਿਆਂ ਵਿੱਚ ਪੂਰੀ ਤਰ੍ਹਾਂ ਕੰਪਰੈਸ ਕੀਤੇ ਜਾਣ ਕਾਰਨ ਇੱਟ ਦੀ ਬਣਤਰ ਵੀ ਇਕਸਾਰ ਰਹਿੰਦੀ ਹੈ। ਮਸ਼ੀਨ ਰਾਹੀਂ ਇੱਕ ਹਜ਼ਾਰ ਇੱਟਾਂ ਤਿਆਰ ਕਰਨ ’ਤੇ ਕਰੀਬ 550 ਤੋਂ 600 ਰੁਪਏ ਖਰਚ ਆ ਰਿਹਾ ਹੈ, ਜੋ ਹੱਥੀਂ ਤਿਆਰ ਕੀਤੀਆਂ ਇੱਟਾਂ ਦੇ ਮੁਕਾਬਲੇ ਲਗਭਗ ਅੱਧਾ ਦੱਸਿਆ ਜਾ ਰਿਹਾ ਹੈ।
ਪਥੇਰਿਆਂ ਦੀ ਘਾਟ ਨਾਲ ਉਤਪਾਦਨ ’ਤੇ ਅਸਰ ਭੱਠਾ ਯੂਨੀਅਨ ਬਲਾਕ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਦੇ ਪ੍ਰਧਾਨ ਮਨੀ ਮਹਾਜਨ ਨੇ ਕਿਹਾ ਕਿ ਮਸ਼ੀਨ ਭੱਠਾ ਮਾਲਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇੱਕ ਭੱਠੇ ’ਤੇ ਸਾਲਾਨਾ ਕਰੀਬ 50 ਲੱਖ ਇੱਟਾਂ ਤਿਆਰ ਹੁੰਦੀਆਂ ਸਨ, ਪਰ ਲੇਬਰ ਦੀ ਘਾਟ ਕਾਰਨ ਉਤਪਾਦਨ 30 ਤੋਂ 40 ਲੱਖ ਇੱਟਾਂ ਤੱਕ ਰਹਿ ਗਿਆ ਸੀ। ਹੁਣ ਮਸ਼ੀਨ ਦੀ ਮਦਦ ਨਾਲ ਰੋਜ਼ਾਨਾ ਇੱਕ ਲੱਖ ਤੱਕ ਇੱਟਾਂ ਤਿਆਰ ਹੋ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਪਥੇਰੇ ਆਪਣੇ ਪਰਿਵਾਰਾਂ ਸਮੇਤ ਵੱਡੇ ਪੱਧਰ ’ਤੇ ਇੱਟਾਂ ਬਣਾਉਂਦੇ ਸਨ, ਪਰ ਹੁਣ ਪਰਿਵਾਰ ਛੋਟੇ ਹੋਣ ਅਤੇ ਨੌਜਵਾਨ ਪੀੜ੍ਹੀ ਵੱਲੋਂ ਹੱਥੀਂ ਕੰਮ ਕਰਨ ਤੋਂ ਮੂੰਹ ਮੋੜਨ ਕਾਰਨ ਇਹ ਰਵਾਇਤੀ ਕੰਮ ਲਗਾਤਾਰ ਘਟ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਇੱਟਾਂ ਬਣਾਉਣ ਵਾਲੀਆਂ ਮਸ਼ੀਨਾਂ ਅਤੇ ਹੋਰ ਸੰਦਾਂ ’ਤੇ ਸਬਸਿਡੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਕੋਲੇ ਦੀਆਂ ਕੀਮਤਾਂ ਵਿੱਚ ਕਮੀ ਆਉਂਦੀ ਹੈ ਤਾਂ ਮਸ਼ੀਨੀ ਤਰੀਕੇ ਨਾਲ ਉਤਪਾਦਨ ਵਧਣ ਕਾਰਨ ਆਉਣ ਵਾਲੇ ਸਮੇਂ ਵਿੱਚ ਇੱਟਾਂ ਦੇ ਭਾਅ ਵੀ ਘਟ ਸਕਦੇ ਹਨ।
200 ਮਜ਼ਦੂਰਾਂ ਜਿੰਨਾ ਕੰਮ ਕਰਦੀ ਮਸ਼ੀਨ ਮਸ਼ੀਨ ਰੋਜ਼ਾਨਾ 80 ਹਜ਼ਾਰ ਤੋਂ ਇੱਕ ਲੱਖ ਤੱਕ ਕੱਚੀਆਂ ਇੱਟਾਂ ਤਿਆਰ ਕਰਦੀ ਹੈ। ਭੱਠਾ ਮਾਲਕਾਂ ਮੁਤਾਬਕ ਇਹ ਕੰਮ ਕਰੀਬ 200 ਮਜ਼ਦੂਰਾਂ ਦੇ ਬਰਾਬਰ ਹੈ। ਮਸ਼ੀਨ ਨਾਲ ਪ੍ਰਤੀ ਹਜ਼ਾਰ ਇੱਟਾਂ ਤਿਆਰ ਕਰਨ ਦਾ ਖਰਚਾ 550 ਤੋਂ 600 ਰੁਪਏ ਆ ਰਿਹਾ ਹੈ।
ਪਥੇਰਿਆਂ ਨੂੰ ਦੇਣਾ ਪੈਂਦਾ ਸੀ ਮੋਟਾ ਐਡਵਾਂਸ ਲੇਬਰ ਦੀ ਘਾਟ ਕਾਰਨ ਭੱਠਾ ਮਾਲਕਾਂ ਨੂੰ ਪਥੇਰਿਆਂ ਨੂੰ 5 ਹਜ਼ਾਰ ਤੋਂ 40 ਹਜ਼ਾਰ ਰੁਪਏ ਤੱਕ ਐਡਵਾਂਸ ਦੇਣਾ ਪੈਂਦਾ ਸੀ। ਐਡਵਾਂਸ ਦੇਣ ਤੋਂ ਬਾਅਦ ਵੀ ਕਈ ਵਾਰ ਪਥੇਰੇ ਕੰਮ ’ਤੇ ਨਹੀਂ ਆਉਂਦੇ ਸਨ, ਜਿਸ ਕਾਰਨ ਭੱਠਿਆਂ ਦਾ ਉਤਪਾਦਨ ਪ੍ਰਭਾਵਿਤ ਹੁੰਦਾ ਸੀ।