ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਦੇ ਆਦੇਸ਼ਾਂ ਤੋਂ ਮੁਕਰਨ ਵਾਲਿਆਂ ਦਾ ਹਸ਼ਰ ਹੋਵੇਗਾ ਮਾੜਾ : ਛੋਟੇਪੁਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਦੇ ਆਦੇਸ਼ਾਂ ਤੋਂ ਮੁਕਰਨ ਵਾਲਿਆਂ ਦਾ ਹਸ਼ਰ ਹੋਵੇਗਾ ਮਾੜਾ: ਛੋਟੇਪੁਰ
Publish Date: Fri, 13 Nov 2026 05:07 PM (IST)
Updated Date: Sat, 14 Nov 2026 04:01 AM (IST)
ਜੀਆਰਪੀ- ਪਿੰਡ ਕੋਟ ਮੀਆ ਸਾਹਿਬ ਵਿਖੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਦਾ ਸਨਮਾਨ ਕਰਦੇ ਹੋਏ ਕੈਪਟਨ ਸੁਖਵਿੰਦਰ ਸਿੰਘ। ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਕੁਆਡੀਨੇਟਰ ਸੁੱਚਾ ਸਿੰਘ ਛੋਟੇਪੁਰ, ਸਾਬਕਾ ਮੰਤਰੀ ਪੰਜਾਬ ਨੇ ਪਿੰਡ ਕੋਟ ਮੀਆਂ ਸਾਹਿਬ ਵਿਖੇ ਅਕਾਲੀ ਦਲ ਪੁਨਰ ਸੁਰਜੀਤ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਸੁਖਵਿੰਦਰ ਸਿੰਘ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਾਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਪੰਜ ਪਿਆਰਿਆਂ ਦੇ ਆਦੇਸ਼ਾਂ ਤੋਂ ਮੁਕਰਨ ਵਾਲਿਆਂ ਦਾ ਹਸ਼ਰ ਮਾੜਾ ਹੋਵੇਗਾ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਹਾਲ ਮਾੜਾ ਹੋਇਆ ਹੈ। ਛੋਟੇਪੁਰ ਨੇ ਕਿਹਾ ਕਿ ਜੋ ਲੋਕ ਕੁਰਸੀ ਦੇ ਲਾਲਚ ’ਚ ਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਛਿੱਕੇ ਤੇ ਟੰਗ ਰਹੇ ਹਨ, ਉਨ੍ਹਾਂ ਦੇ ਸੁਪਨੇ ਕਦੇ ਵੀ ਸੱਚ ਨਹੀਂ ਹੋਣਗੇ। ਇਸ ਮੌਕੇ ਜਥੇਦਾਰ ਛੋਟੇਪੁਰ ਨੇ ਕਿਹਾ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਿਧਾਨਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਮਸਤਕੋਟ ਸਥਿਤ ਸਨ ਸਟਾਰ ਪੈਲਸ ਵਿੱਚ ਕੀਤੀ ਜਾ ਰਹੀ ਆਮਦ ਨੂੰ ਲੈ ਕੇ ਵਰਕਰਾਂ ’ਚ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਕੈਪਟਨ ਸੁਖਵਿੰਦਰ ਸਿੰਘ ਵੱਲੋਂ ਜਥੇਦਾਰ ਛੋਟੇਪੁਰ ਅਤੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੂੰ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੀਤਮ ਸਿੰਘ, ਕੋਹਲੀ ਕੋਟ ਮੀਆ ਸਾਹਿਬ, ਲਖਵਿੰਦਰ ਸਿੰਘ, ਚੈਨ ਸਿੰਘ ਆਦਿ ਹਾਜ਼ਰ ਸਨ।