ਧਾਰੀਵਾਲ ਦੇ ਡੱਡਵਾਂ ਚੌਂਕ ਸਥਿਤ ਜਨਰਲ ਸਟੋਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਧਾਰੀਵਾਲ ਦੇ ਡੱਡਵਾਂ ਚੌਂਕ ਸਥਿਤ ਜਨਰਲ ਸਟੋਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
Publish Date: Tue, 13 Oct 2026 04:13 PM (IST)
Updated Date: Tue, 13 Oct 2026 04:14 PM (IST)
--ਲਗਭਗ ਡੇਢ ਲੱਖ ਰੁਪਏ ਦੇ ਨਵੇਂ ਨੋਟ ਅਤੇ ਹਾਰ ਚੋਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਧਾਰੀਵਾਲ: ਧਾਰੀਵਾਲ ਸ਼ਹਿਰ ਦੇ ਪ੍ਰਮੁੱਖ ਡੱਡਵਾਂ ਚੌਂਕ ਵਿਖੇ ਸਥਿਤ ‘ਅੰਕੁਸ਼ ਜਨਰਲ ਸਟੋਰ’ ਨੂੰ ਬੀਤੀ ਰਾਤ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਚੋਰ ਦੁਕਾਨ ਦੇ ਤਾਲੇ ਤੋੜ ਕੇ ਅੰਦਰ ਪਏ ਨਵੇਂ ਨੋਟਾਂ ਦੀਆਂ ਗੱਠੀਆਂ ਅਤੇ ਹਾਰ ਚੋਰੀ ਕਰਕੇ ਫ਼ਰਾਰ ਹੋ ਗਏ। ਦੁਕਾਨ ਦੇ ਮਾਲਕ ਅੰਕੁਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਵਿਆਹਾਂ ਦੇ ਸੀਜ਼ਨ ਅਤੇ ਨਵਰਾਤਰਿਆਂ ਨੂੰ ਮੁੱਖ ਰੱਖਦਿਆਂ ਨਵੇਂ ਨੋਟਾਂ ਅਤੇ ਹਾਰਾਂ ਦਾ ਕੰਮ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਗਏ ਸਨ। ਜਦੋਂ ਉਹ ਸਵੇਰੇ ਕਰੀਬ ਸਾਢੇ ਪੰਜ ਵਜੇ ਦੁਕਾਨ ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਸਾਮਾਨ ਖਿਲਰਿਆ ਪਿਆ ਸੀ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਚੋਰ ਦੁਕਾਨ ਵਿੱਚੋਂ ਲਗਭਗ ਡੇਢ ਲੱਖ ਰੁਪਏ ਦੇ 10, 20 ਅਤੇ 50 ਰੁਪਏ ਦੇ ਨਵੇਂ ਨੋਟਾਂ ਦੀਆਂ ਗੱਠੀਆਂ ਅਤੇ ਵਿਆਹਾਂ ਵਾਲੇ ਹਾਰ ਚੋਰੀ ਕਰਕੇ ਲੈ ਗਏ ਹਨ। ਇਸ ਤੋਂ ਇਲਾਵਾ, ਚੋਰ ਆਪਣੇ ਨਾਲ ਦੁਕਾਨ ਵਿੱਚ ਲੱਗਿਆ ਡੀਵੀਆਰ ਵੀ ਚੁੱਕ ਕੇ ਲੈ ਗਏ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਹਾਲਾਂਕਿ ਨੇੜੇ ਦੁਕਾਨਾਂ ਤੇ ਲੱਗੇ ਕੈਮਰਿਆਂ ਵਿੱਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਘਟਨਾ ਦੀ ਸੂਚਨਾ ਤੁਰੰਤ ਧਾਰੀਵਾਲ ਪੁਲਿਸ ਸਟੇਸ਼ਨ ਨੂੰ ਦੇ ਦਿੱਤੀ ਗਈ ਹੈ। ਪੀੜਤ ਦੁਕਾਨਦਾਰ ਅਤੇ ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਤੇ ਚੋਰਾਂ ਦੀ ਜਲਦ ਤੋਂ ਜਲਦ ਭਾਲ ਕੀਤੀ ਜਾਵੇ ਅਤੇ ਉਨ੍ਹਾਂ ਦਾ ਬਣਦਾ ਨੁਕਸਾਨ ਵਾਪਸ ਦਿਵਾਇਆ ਜਾਵੇ।