ਸਰਕਾਰੀ ਪ੍ਰਾਇਮਰੀ ਸਕੂਲ ਨੂੰ ਚੋਰਾਂ ਨੇ ਦੂਜੀ ਵਾਰ ਬਣਾਇਆ ਨਿਸ਼ਾਨਾ, ਕੀਮਤੀ ਸਮਾਨ ਚੋਰੀ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਚੋਰਾਂ ਨੇ ਦੂਜੀ ਵਾਰ ਬਣਾਇਆ ਨਿਸ਼ਾਨਾ, ਕੀਮਤੀ ਸਮਾਨ ਚੋਰੀ
Publish Date: Fri, 16 Oct 2026 04:47 PM (IST)
Updated Date: Fri, 16 Oct 2026 04:48 PM (IST)
--ਸਬੂਤ ਮਿਟਾਉਣ ਲਈ ਚੋਰਾਂ ਨੇ ਤੋੜੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਪਲਵਿੰਦਰ ਸਿੰਘ, ਪੰਜਾਬੀ ਜਾਗਰਣ ਗੁਰਦਾਸਪੁਰ: ਗੁਰਦਾਸਪੁਰ ਦੇ ਆਸ-ਪਾਸ ਇਲਾਕਿਆਂ ਵਿੱਚ ਚੋਰਾਂ ਦਾ ਕਹਿਰ ਵਧਦਾ ਜਾ ਰਿਹਾ ਹੈ। ਚੋਰੀ ਦੀ ਤਾਜ਼ਾ ਘਟਨਾ ਥਾਣਾ ਸਦਰ ਦੇ ਅਧੀਨ ਆਉਣ ਵਾਲੇ ਪਿੰਡ ਚੱਕ ਅਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਹੋਈ ਹੈ। ਇਸ ਸਕੂਲ ਨੂੰ ਚੋਰਾਂ ਵੱਲੋਂ ਲਗਾਤਾਰ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਸਕੂਲ ਦੀ ਹੈੱਡ ਟੀਚਰ ਨੀਤੂ ਬਾਲਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਜਦੋਂ ਸਕੂਲ ਖੋਲ੍ਹਿਆ ਗਿਆ ਤਾਂ ਦੇਖਿਆ ਕਿ ਸਕੂਲ ਦੇ ਕਮਰੇ ਦੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਚੈੱਕ ਕਰਨ ਤੇ ਪਤਾ ਲੱਗਾ ਕਿ ਚੋਰ ਆਂਗਣਵਾੜੀ ਦਾ ਇੱਕ ਹੋਰ ਗੈਸ ਸਿਲੰਡਰ ਸਮੇਤ ਮਿਡ-ਡੇ ਮੀਲ ਦੀ ਕਣਕ, ਚੌਲ, ਦਾਲ, ਹੋਰ ਰਾਸ਼ਨ, ਕੰਪਿਊਟਰ, ਇਨਵਰਟਰ ਅਤੇ ਪ੍ਰੋਜੈਕਟਰ ਆਦਿ ਲੱਖਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਸਬੂਤ ਮਿਟਾਉਣ ਲਈ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਤੋੜ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 13 ਅਕਤੂਬਰ ਦੀ ਰਾਤ ਨੂੰ ਵੀ ਚੋਰ ਇਸ ਸਕੂਲ ਦੇ ਤਾਲੇ ਤੋੜ ਕੇ ਅੰਦਰੋਂ ਸਿਲੰਡਰ, ਗੈਸ ਚੁੱਲ੍ਹਾ ਅਤੇ ਬੱਚਿਆਂ ਦੇ ਖਿਡੌਣਿਆਂ ਦੀਆਂ ਕਿੱਟਾਂ ਚੋਰੀ ਕਰਕੇ ਲੈ ਗਏ ਸਨ। ਹੈੱਡ ਟੀਚਰ ਨੀਤੂ ਬਾਲਾ ਅਤੇ ਬਲਾਕ ਸੰਮਤੀ ਦੇ ਮੈਂਬਰ ਗੁਰਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਹੁਣ ਚੋਰ ਛੋਟੇ-ਛੋਟੇ ਮਾਸੂਮ ਬੱਚਿਆਂ ਦੇ ਰਾਸ਼ਨ ਤੱਕ ਨੂੰ ਨਹੀਂ ਛੱਡ ਰਹੇ ਅਤੇ ਸਕੂਲਾਂ ਨੂੰ ਵੀ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਹ ਸਰਕਾਰੀ ਸੰਪੱਤੀ ਨੂੰ ਵੀ ਨਹੀਂ ਛੱਡ ਰਹੇ। ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਅਭਿਭਾਵਕਾਂ ਵਿੱਚ ਵੀ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਰਹਿੰਦੇ ਚੋਰਾਂ ਤੇ ਲਗਾਮ ਨਹੀਂ ਲਗਾਈ ਗਈ, ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਾਰਦਾਤਾਂ ਹੋ ਸਕਦੀਆਂ ਹਨ।