
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੰਡ ਸਰਾਵਾਂ ਵਿੱਚ ਚੋਰਾਂ ਨੇ ਤਿੰਨ ਕਿਸਾਨਾਂ ਦੀਆਂ ਮੋਟਰਾਂ ਕੀਤੀਆਂ ਚੋਰੀ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ: ਪੰਜਾਬ ਦੇ ਕਿਸਾਨ ਇੰਨੀ ਦਿਨੀਂ ਇੱਕ ਨਵੀਂ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਨਸ਼ੇ ਦੇ ਆਦੀ ਚੋਰ ਲਗਾਤਾਰ ਖੇਤਾਂ ਵਿੱਚ ਲੱਗੇ ਟਿਊਬਵੈੱਲਾਂ ਦੀਆਂ ਮੋਟਰਾਂ ਚੋਰੀ ਕਰ ਰਹੇ ਹਨ ਜਿਸ ਕਾਰਨ ਕਿਸਾਨਾਂ ਦੀ ਆਰਥਿਕ ਸਥਿਤੀ ਚਰਮਰਾ ਗਈ ਹੈ। ਤਾਜ਼ਾ ਮਾਮਲਾ ਪਿੰਡ ਸਰਾਵਾਂ ਦਾ ਹੈ ਜਿੱਥੇ ਬੁਧਵਾਰ ਦੀ ਰਾਤ ਨੂੰ ਚੋਰਾਂ ਨੇ ਤਿੰਨ ਕਿਸਾਨਾਂ ਦੀਆਂ ਮੋਟਰਾਂ ਚੋਰੀ ਕਰ ਲਈਆਂ।
ਪੀੜਤ ਕਿਸਾਨ ਬੰਟੀ, ਕਾਲਾ, ਜੋਗਿੰਦਰ ਸਿੰਘ ਅਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਪਹਿਲਾਂ ਚੋਰ ਖੁੱਲ੍ਹੇ ਵਿੱਚ ਮੋਟਰਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ, ਪਰ ਹੁਣ ਉਨ੍ਹਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹ ਮੋਟਰ ਵਾਲੇ ਕਮਰੇ ਦੇ ਤਾਲੇ ਤੋੜ ਕੇ ਜਾਂ ਕੰਧ ਤੋੜ ਕੇ ਅੰਦਰ ਵੜ ਜਾਂਦੇ ਹਨ ਅਤੇ ਮੋਟਰਾਂ ਚੋਰੀ ਕਰਕੇ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਲ ਭਰ ਵਿੱਚ ਦੋ ਫ਼ਸਲਾਂ ਨੂੰ ਮਿਲਾ ਕੇ ਮੁਸ਼ਕਿਲ ਨਾਲ ਇੱਕ ਏਕੜ ਦੇ ਪਿੱਛੇ 50 ਹਜ਼ਾਰ ਰੁਪਏ ਦੀ ਕਮਾਈ ਹੁੰਦੀ ਹੈ। ਉਸ ਵਿੱਚ ਵੀ ਕਈ ਵਾਰ ਮੌਸਮ ਦੀ ਮਾਰ ਫ਼ਸਲਾਂ ਨੂੰ ਬਰਬਾਦ ਕਰ ਦਿੰਦੀ ਹੈ। ਉੱਪਰੋਂ 45 ਹਜ਼ਾਰ ਰੁਪਏ ਦੀ ਮੋਟਰ ਨੂੰ ਚੋਰ ਪੰਜ-ਛੇ ਮਹੀਨਿਆਂ ਵਿੱਚ ਹੀ ਚੋਰੀ ਕਰਕੇ ਲੈ ਜਾਂਦੇ ਹਨ। ਅਜਿਹੀਆਂ ਘਟਨਾਵਾਂ ਦੇ ਵਿੱਚ ਉਹ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਿਵੇਂ ਕਰ ਸਕਦੇ ਹਨ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਵਿੱਚ ਉਨ੍ਹਾਂ ਦੇ ਪਿੰਡ ਵਿੱਚ ਦਰਜਨਾਂ ਮੋਟਰਾਂ ਚੋਰੀ ਹੋ ਚੁੱਕੀਆਂ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨਾ ਤਾਂ ਚੋਰਾਂ ਨੂੰ ਲੱਭਣ ਲਈ ਤਿਆਰ ਹੈ ਅਤੇ ਨਾ ਹੀ ਮੋਟਰ ਚੋਰੀ ਦੀ ਰਿਪੋਰਟ ਦਰਜ ਕਰਨਾ ਜ਼ਰੂਰੀ ਸਮਝਦੀ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਰਾਤ ਦੇ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਚੋਰਾਂ 'ਤੇ ਸ਼ਿਕੰਜਾ ਕੱਸਿਆ ਜਾਵੇ।