- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਨੂੰਮਾਨ ਚੌਂਕ ਵਿੱਚ ਰੈਡੀਮੇਡ ਦੁਕਾਨ ਵਿੱਚ ਚੋਰੀ, ਗੱਲੇ ਵਿੱਚ ਪਏ 78 ਹਜ਼ਾਰ ਰੁਪਏ ਉਡਾਏ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਚੋਰਾਂ ਨੇ ਮੰਗਲਵਾਰ ਸ਼ਹਿਰ ਦੇ ਸਭ ਤੋਂ ਭੀੜ ਭਾੜ ਵਾਲੇ ਹਨੂੰਮਾਨ ਚੌਕ ਵਿੱਚ ਸਥਿਤ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਚੋਰ ਦੁਕਾਨ ਦੇ ਗੱਲੇ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਦੁਕਾਨਦਾਰ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਸਿਟੀ ਦੀ ਪੁਲਿਸ ਨੂੰ ਕਰ ਦਿੱਤੀ ਹੈ।
ਦੁਕਾਨਦਾਰ ਨਿਤਿਨ ਨੇ ਦੱਸਿਆ ਕਿ ਉਹ ਨਿਤਿਨ ਮੈਨਜ਼ ਵਿਅਰ ਦੇ ਨਾਮ 'ਤੇ ਹਨੂੰਮਾਨ ਚੌਂਕ ਵਿੱਚ ਦੁਕਾਨ ਕਰਦੇ ਹਨ। ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਉਨ੍ਹਾਂ ਦੱਸਿਆ ਕਿ ਸਵੇਰੇ ਵੇ ਦੁਕਾਨ 'ਤੇ ਪਹੁੰਚੇ ਅਤੇ ਸ਼ਟਰ ਖੋਲ੍ਹਿਆ ਤਾਂ ਅੰਦਰ ਦਾ ਸਾਮਾਨ ਖਿਲਰਿਆ ਪਿਆ ਸੀ। ਚੋਰ ਗੱਲੇ ਵਿੱਚ ਪਈ 78 ਹਜ਼ਾਰ ਰੁਪਏ ਦੀ ਨਕਦੀ ਦੇ ਇਲਾਵਾ ਉਨ੍ਹਾਂ ਦਾ ਪਰਸ ਚੋਰੀ ਕਰ ਲੈ ਗਏ ਸਨ। ਪਰਸ ਵਿੱਚ ਪੈਨ ਕਾਰਡ, ਲਾਇਸੈਂਸ, ਆਧਾਰ ਕਾਰਡ, ਏਟੀਐੱਮ ਸਮੇਤ ਉਨ੍ਹਾਂ ਦੇ ਸਾਰੇ ਜ਼ਰੂਰੀ ਆਈਡੀ ਦਸਤਾਵੇਜ਼ ਰੱਖੇ ਸਨ। ਹਾਲਾਂਕਿ ਦੁਕਾਨ ਦਾ ਸਾਮਾਨ ਚੋਰੀ ਹੋਣ ਤੋਂ ਬਚ ਗਿਆ। ਦੁਕਾਨਦਾਰ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਲਿਖਤੀ ਸ਼ਿਕਾਇਤ ਵੀ ਸੌਂਪ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾਵੇ ਅਤੇ ਜਲਦ ਤੋਂ ਜਲਦ ਮੁਲਜ਼ਮਾਂ ਦਾ ਪਤਾ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਸਾਲ ਪਹਿਲਾਂ ਇਸੇ ਤਰ੍ਹਾਂ ਦੀ ਘਟਨਾ ਹੋਈ ਸੀ। ਦੁਕਾਨਦਾਰ ਨੇ ਦੱਸਿਆ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਚੋਰ ਛੱਤ ਦੇ ਰਾਹੀਂ ਦੁਕਾਨ ਵਿੱਚ ਦਾਖਲ ਹੋਏ ਸਨ।
ਉੱਥੇ ਮੌਕੇ 'ਤੇ ਪਹੁੰਚੇ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਨੇ ਕਿਹਾ ਕਿ ਦੁਕਾਨਦਾਰ ਨਿਤਿਨ ਤੋਂ ਉਨ੍ਹਾਂ ਨੂੰ ਸਵੇਰੇ ਚੋਰੀ ਦੀ ਜਾਣਕਾਰੀ ਫੋਨ ਰਾਹੀਂ ਮਿਲੀ। ਜਦੋਂ ਉਹ ਦੁਕਾਨ 'ਤੇ ਪਹੁੰਚੇ ਤਾਂ ਸਾਮਾਨ ਖਿਲਰਿਆ ਮਿਲਿਆ ਅਤੇ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੈਰਾਨੀ ਅਤੇ ਚਿੰਤਾ ਦੀ ਗੱਲ ਹੈ ਕਿ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਵੀ ਦੁਕਾਨਾਂ ਸੁਰੱਖਿਅਤ ਨਹੀਂ ਹਨ। ਜੇਕਰ ਬਾਜ਼ਾਰ ਵਿੱਚ ਹੀ ਵਪਾਰੀ ਸੁਰੱਖਿਅਤ ਮਹਿਸੂਸ ਨਹੀਂ ਕਰਨਗੇ ਤਾਂ ਉਹ ਕਿੱਥੇ ਜਾਣਗੇ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਪਰ ਉਹ ਐੱਸਐੱਸਪੀ ਨੂੰ ਅਪੀਲ ਕਰਦੇ ਹਨ ਕਿ ਬਾਜ਼ਾਰ ਵਿੱਚ ਸੁਰੱਖਿਆ ਵਧਾਈ ਜਾਵੇ, ਪੁਲਿਸ ਗਸ਼ਤ ਅਤੇ ਸੀਸੀਟੀਵੀ ਕਵਰੇਜ ਵਧਾਈ ਜਾਵੇ, ਤਾਂ ਜੋ ਸ਼ਹਿਰ ਵਿੱਚ ਹੋ ਰਹੀਆਂ ਇਹੋ ਜਿਹੀਆਂ ਵਾਰਦਾਤਾਂ 'ਤੇ ਨਕੇਲ ਕੱਸੀ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਫੜ ਕੇ ਸਜ਼ਾ ਦਿੱਤੀ ਜਾਵੇ ਅਤੇ ਦੁਕਾਨਦਾਰ ਦੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਮਿਡਲ ਕਲਾਸ ਦੁਕਾਨਦਾਰ ਪਹਿਲਾਂ ਹੀ ਮਾਲ, ਸੇਲ ਅਤੇ ਆਨਲਾਈਨ ਕਾਰੋਬਾਰ ਦੇ ਦਬਾਅ ਵਿੱਚ ਹਨ। ਇਹੋ ਜਿਹੀਆਂ ਚੋਰੀਆਂ ਨਾਲ ਛੋਟੇ ਵਪਾਰੀਆਂ ਦਾ ਗੁਜ਼ਾਰਾ ਹੋਰ ਵੀ ਮੁਸ਼ਕਲ ਹੋ ਜਾਵੇਗਾ।